ਨਿਰੋਗੀ ਜੀਵਨ ਤੇ ਲੰਬੀ ਉਮਰ ( ਗਿਆਰਵਾਂ ਅੰਕ)

ਡਾ. ਲਵਪ੍ਰੀਤ ਕੌਰ ਜਵੰਦਾ

(ਸਮਾਜਵੀਕਲੀ)

ਗਿਆਰਵੇਂ ਅੰਕ ਵਿਚ ਗੱਲ ਕਰ ਰਹੇ ਹਾਂ ਅਜੌਕੇ ਸਮੇਂ ‘ਚ ਸਭ ਤੋਂ ਵਧ ਚੱਲ ਰਹੀ ਬੀਮਾਰੀ ਸ਼ੂਗਰ ਬਾਰੇ..
ਜਦੋਂ ਸਰੀਰ ਵਿੱਚ ਇਨਸੁਲਿਨ ਹਾਰਮੋਨ ਘੱਟ ਜਾਰੀ ਹੁੰਦਾ ਹੈ, ਤਾਂ ਇਸਦੀ ਘਾਟ ਸ਼ੂਗਰ ਦਾ ਕਾਰਨ ਬਣਦੀ ਹੈ। ਇਹ ਬਿਮਾਰੀ ਜੈਨੇਟਿਕ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਹ ਮੋਟਾਪਾ ਅਤੇ ਮਾੜੀ ਜੀਵਨ ਸ਼ੈਲੀ ਦੇ ਕਾਰਨ ਵੀ ਹੋ ਸਕਦਾ ਹੈ। ਤਣਾਅ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇੱਕ ਆਮ ਸਮੱਸਿਆ ਹੈ, ਜੋ ਕਿ ਨੌਜਵਾਨਾਂ ਨੂੰ ਵੀ ਸ਼ੂਗਰ ਵੱਲ ਧੱਕਣ ਦਾ ਕੰਮ ਕਰਦਾ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜੌ ਇਨਸਾਨ ਦੇ ਸਰੀਰ ਨੂੰ ਹੋਲੀ ਹੌਲੀ ਖਤਮ ਕਰ ਦਿੰਦੀ ਤੇ ਜਿੰਨਾ ਜੀਵਨ ਬਚਦਾ ਹੈ ਓਹ ਸਾਰਾ ਸੁਵਾਦ ਹੀਣ ਤੇ ਬੇਸੁਆਦ ਹੋ ਜਾਂਦਾ ਹੈ ਇਸ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਖਤਰਨਾਕ ਹੋ ਸਕਦੀ ਹੈ।
               ਸ਼ੂਗਰ ਆਮ ਬੀਮਾਰੀ ਬਣ ਗਈ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਇਸ ਨੂੰ ਹਲਕੇ ‘ਚ ਲੈਣਾ ਸਰੀਰ ਲਈ ਖਤਰਨਾਕ ਹੋ ਸਕਦਾ ਹੈ, ਕਿਉਂਕਿ ਅਣ-ਕੰਟਰੋਲ ਹੋਈ ਸ਼ੂਗਰ ਅੱਖਾਂ ਦੀ ਰੋਸ਼ਨੀ ਖੋਹ ਸਕਦੀ ਹੈ। ਇਸ ਦੇ ਇਲਾਵਾ ਸ਼ੂਗਰ ਕਿਡਨੀ, ਸਰੀਰ ਦੇ ਮਹਤੱਵਪੂਰਨ ਅੰਗਾਂ ਅਤੇ ਦਿਲ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ। ਜਦੋਂਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸ਼ੂਗਰ ਹੋਣ ਦਾ ਮੁੱਖ ਕਾਰਨ ਸਟਰੈੱਸ ਅਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਿਹਾ ਲਾਈਫ ਸਟਾਈਲ ਵੀ ਇਸ ਬੀਮਾਰੀ ਨੂੰ ਵਧਾ ਰਿਹਾ ਹੈ। ਇਸੇ ਲਈ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸ਼ੂਗਰ ਰੋਗ (ਡਾਇਬੀਟੀਜ਼) ਦੀ ਜਲਦੀ ਪਛਾਣ ਹੋਣੀ ਬੜੀ ਜ਼ਰੂਰੀ ਹੈ। ਆਪਣੇ ਡਾਕਟਰ ਨੂੰ ਜਲਦੀ ਮਿਲੋ ਜੇ ਤੁਸੀਂ:
(1) ਇਕਦੱਮ ਬਹੁਤ ਪਿਆਸ ਮਹਿਸੂਸ ਕਰਦੇ ਹੋ
(2) ਜ਼ਿਆਦਾ ਵਾਰ ਪਿਸ਼ਾਬ ਕਰਦੇ ਹੋ
(3) ਥੱਕੇ ਹੋਏ ਮਹਿਸੂਸ ਕਰਦੇ ਹੋ
(4) ਬਿਨਾਂ ਕਿਸੇ ਕਾਰਨ ਤੋਂ ਭਾਰ ਘਟਦਾ ਮਹਿਸੂਸ ਕਰਦੇ ਹੋ
(5) ਹੱਥਾਂ ਜਾਂ ਪੈਰਾਂ ਵਿੱਚ ਝੁਣਝੁਣੀ ਜਾਂ ਸੁੰਨ ਮਹਿਸੂਸ ਕਰਦੇ ਹੋ
(6) ਨਜ਼ਰ ਧੁੰਦਲੀ ਮਹਿਸੂਸ ਕਰਦੇ ਹੋ
(7) ਸਰੀਰ ਤੇ ਰਗੜਾਂ ਜਾਂ ਕਟੀਆਂ ਜਗ੍ਹਾਂ ਦੇਰ ਨਾਲ ਠੀਕ ਹੁੰਦੀਆਂ ਮਹਿਸੂਸ ਕਰਦੇ ਹੋ।
ਦੱਸ ਦੇਈਏ ਕਿ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਅਤੇ ਟਾਈਪ 2। ਟਾਈਪ 1 ਤਰ੍ਹਾਂ ਦੀ ਸ਼ੂਗਰ ‘ਚ ਇੰਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ, ਜਦੋਂਕਿ ਟਾਈਪ-2 ‘ਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸ਼ੂਗਰ ਕੰਟਰੋਲ ਨਾ ਹੋਣ ਕਾਰਨ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।
40 ਸਾਲ ਦੀ ਉਮਰ ਤੋਂ ਉੱਪਰ ਸ਼ੂਗਰ ਰੋਗ ਦੇ ਹੋਣ ਦਾ ਖਤਰਾ ਵਧਦਾ ਹੈ। ਆਪਣੇ ਡਾਕਟਰ ਨਾਲ ਸ਼ੂਗਰ ਰੋਗ ਬਾਰੇ ਗੱਲ ਕਰੋ ਜੇਕਰ:
(1) ਤੁਸੀਂ ਜ਼ਿਆਦਾ ਭਾਰ ਵਾਲੇ ਹੋ, ਖ਼ਾਸਕਰ ਜੇ ਜ਼ਿਆਦਾ ਭਾਰ ਕਮਰ ਦੇ ਦੁਆਲੇ ਹੈ (ਤੁਸੀਂ ਸੇਬ ਵਰਗੇ ਲਗਦੇ ਹੋ)
(2) ਤੁਸੀਂ ਸਰੀਰਕ ਤੌਰ ਤੇ ਸਰਗਰਮ ਨਹੀਂ
(3) ਤੁਸੀਂ ਆਦੀ ਵਾਸੀ, ਹਿਸਪੈਨਿਕ, ਏਸ਼ੀਅਨ, ਦੱਖਣੀ ਏਸ਼ੀਆਈ ਜਾਂ ਅਫ਼ਰੀਕਣ ਨਸਲ ਦੇ ਹੋ
(4) ਤੁਹਾਡੇ ਮਾਤਾ ਪਿਤਾ, ਭਰਾ ਜਾਂ ਭੈਣ ਨੂੰ ਸ਼ੂਗਰ ਰੋਗ ਹੈ
(5) ਤੁਹਾਨੂੰ ਗਰਭ ਧਾਰਨ ਵਕਤ ਸ਼ੂਗਰ ਰੋਗ ਸੀ ਜਾਂ 9 ਪੌਂਡ ਤੋਂ ਵੱਧ ਭਾਰ ਦੇ ਬੱਚੇ ਨੂੰ ਜਨਮ ਦਿੱਤਾ ਜਾਂ
(6) ਤੁਹਾਨੂੰ ਵੱਧ ਕੋਲੈਸਟਰੌਲ, ਹਾਈ ਬਲੱਡ ਪਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ।
ਸ਼ੂਗਰ ਨੂੰ ਕਿੰਝ ਕਰੀਏ ਕੰਟਰੋਲ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ। ਜਦੋਂਕਿ ਇਸ ‘ਚ ਖਾਣ-ਪੀਣ ਦਾ ਪਰਹੇਜ਼ ਰੱਖਣਾ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਦੇ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ, ਕਿਉਂਕਿ ਇਹ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।
ਸ਼ੂਗਰ ‘ਚ ਕੀ ਖਾਣਾ ਹੈ ਜ਼ਰੂਰੀ ?
ਸ਼ੂਗਰ ‘ਚ ਮਰੀਜ਼ ਨੂੰ ਫਾਈਬਰ ਯੁਕਤ ਆਹਾਰ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਬਜ਼ੀਆਂ ‘ਚ ਸ਼ਿਮਲਾ ਮਿਰਚ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੋਰੀ, ਪਰਵਲ ਖਾਓ। ਦਿਨ ‘ਚ 1 ਵਾਰ ਦਾਲ ਅਤੇ ਦਹੀ ਦੀ ਵਰਤੋਂ ਕਰੋ। ਨਾਲ ਹੀ ਫਲਾਂ ‘ਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਇਲਾਵਾ ਡਾਈਟ ‘ਚ ਸਾਬਤ ਅਨਾਜ਼,ਰਾਗੀ, ਫਿੱਕਾ ਦੁੱਧ, ਦਲੀਆ, ਬਰਾਊਨ ਰਾਈਸ ਆਦਿ ਲਓ
ਆਪਣੇ ਸਰੀਰ ਦਾ ਬਲੱਡ ਸ਼ੂਗਰ ਦਾ ਲੈਵਲ ਹੋਰ ਜ਼ਿਆਦਾ ਕਾਬੂ ਵਿੱਚ ਰੱਖਣ ਲਈ:
ਨੇਮ ਬੱਧ ਖਾਣਾ ਖਾਓ
ਖਾਣਾ ਦਿਨ ਵਿੱਚ ਤਿੰਨ ਵਾਰ ਨਿਸ਼ਚਿਤ ਵਕਤ ਤੇ ਖਾਓ ਅਤੇ ਹਰ ਖਾਣੇ ਵਿੱਚ ਚਾਰ ਤੋਂ ਛੇ ਘੰਟੇ ਦੀ ਵਿੱਥ ਰੱਖੋ। ਜੇ ਜ਼ਰੂਰਤ ਪਵੇ ਤਾਂ ਖਾਣਿਆਂ ਵਿਚਕਾਰ ਕੱਚੀ ਸਬਜ਼ੀ ਜਾਂ ਇੱਕ ਫਲ ਦਾ ਸਿਹਤਮੰਦ ਹਲਕਾ-ਫੁਲਕਾ ਖਾਣਾ (ਸਨੈਕ) ਖਾਓ।
ਸਿਹਤਮੰਦ ਕਾਰਬੋਹਾਈਡ੍ਰੇਟ ਚੁਣੋ ਜਿਨ੍ਹਾਂ ਖਾਣਿਆਂ ਵਿੱਚ ਕਾਰਬੋਹਾਈਡ੍ਰੇਟ ਹੁੰਦੇ ਹਨ ਉਹ ਖੂਨ ਵਿੱਚ ਜਾ ਕੇ ਸ਼ੂਗਰ
ਬਣ ਜਾਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ ਚਾਵਲ, ਪਾਸਤਾ, ਡਬਲ ਰੋਟੀ, ਰੋਟੀ, ਪੀਟਾ, ਸੀਰੀਅਲ, ਸਟਾਰਚ ਵਾਲੀਆਂ ਸਬਜ਼ੀਆਂ (ਆਲੂ ਅਤੇ ਮੱਕੀ), ਫਲ ਅਤੇ ਦੁੱਧ, ਖੰਡ ਜਾਂ ਸ਼ੱਕਰ, ਸ਼ਹਿਦ, ਸੀਰਾ ਅਤੇ ਸ਼ਰਬਤ।
ਤਾਕਤ ਦਾ ਸਰੋਤ ਹੋਣ ਕਾਰਨ ਇਹ ਖਾਣੇ ਤੁਹਾਨੂੰ ਚਾਹੀਦੇ ਹਨ, ਪਰ ਇਨ੍ਹਾਂ ਵਿੱਚ ਕੈਲਰੀਜ਼ ਬਹੁਤ ਹੁੰਦੀਆਂ ਹਨ।
ਉਹ ਕਾਰਬੋਹਾਈਡ੍ਰੇਟ ਚੁਣਨ ਦੀ ਕੋਸ਼ਿਸ਼ ਕਰੋ ਜਿਹੜੇ ਜ਼ਿਆਦਾ ਪੌਸ਼ਟਿਕ ਹੋਣ ਜਿਹਾ ਕਿ ਸੰਪੂਰਨ ਅਨਾਜ ਵਾਲੀ ਡਬਲਰੋਟੀ, ਸੀਰੀਅਲ, ਸਬਜ਼ੀਆਂ ਅਤੇ ਫਲ, ਅਤੇ ਘੱਟ ਥਿੰਧੇ ਵਾਲੀਆਂ ਦੁੱਧ ਦੀਆਂ ਬਣੀਆਂ ਚੀਜ਼ਾਂ।
ਬਹੁਤ ਜ਼ਿਆਦਾ ਸਟਾਰਚ ਵਾਲੀਆਂ ਅਤੇ ਮਿੱਠੀਆਂ ਜਿਹਾ ਕਿ ਸੋਡਾ, ਮਿੱਠੀਆਂ ਗੋਲੀਆਂ ਅਤੇ ਕੇਕ, ਪੇਸਟਰੀ ਉਤੇ ਖੰਡ ਦੀ ਤਹਿ । ਉਹ ਡੱਬਾ ਬੰਦ ਖਾਣੇ ਚੁਣੋ ਜਿਨ੍ਹਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਖੰਡ ਪਾਈ ਗਈ ਹੋਵੇ (ਤੁਸੀਂ ਲੇਬਲ ਜ਼ਰੂਰ ਪੜ੍ਹੋ!)। ਲੇਬਲਾਂ ਵਿੱਚ ਖੰਡ ਲਈ ਕਈ ਸ਼ਬਦ ਵਰਤੇ ਜਾਂਦੇ ਹਨ।
ਕਿਸ ਚੀਜ਼ ਤੋਂ ਰਹੋ ਦੂਰ?
ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠਾ ਫਲ ਨਾ ਖਾਓ। ਇਸ ਨਾਲ ਸ਼ੂਗਰ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਇਲਾਵਾ ਫਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋਸੈੱਸਡ ਫੂਡਸ, ਮਸਾਲੇਦਾਰ ਭੋਜਨ, ਚੀਨੀ, ਫੈਟ ਮੀਟ, ਵ੍ਹਾਈਟ ਪਾਸਤਾ, ਸਫੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫੈਟ ਅਤੇ ਡਿੱੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।

ਸ਼ੂਗਰ ਦੇ ਮਰੀਜ਼ ਜ਼ਰੂਰ ਅਪਣਾਉਣ ਇਹ ਦੇਸੀ ਨੁਸਖੇ
1. ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ‘ਚ ਉਬਾਲੋ ਅਤੇ ਇਸ ਪਾਣੀ ਦੀ ਵਰਤੋਂ ਤੁਸੀਂ ਦਿਨ ‘ਚ ਦੋ ਵਾਰ ਕਰੋ ਤੁਹਾਨੂੰ ਫਰਕ ਦਿਸੇਗਾ।
2.ਜਾਮੁਨ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਵਰਤੋਂ ਕਰੋ। ਇਸ ਨਾਲ ਸ਼ੂਗਰ ਕੰਟਰੋਲ ਕਰਨ ‘ਚ ਮਦਦ ਮਿਲੇਗੀ।
3. ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।
4.ਸਵੇਰੇ ਖਾਲੀ ਪੇਟ 2-3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੇ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।
5.ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਯੋਗ-ਆਸਣ ਜ਼ਰੂਰੀ
ਇਸ ਦੇ ਇਲਾਵਾ ਯੋਗ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗ ਕਰਨ ਇਸ ‘ਚ ਫਾਇਦਾ ਮਿਲਦਾ ਹੈ। ਇਸ ਲਈ ਤੁਸੀਂ ਪ੍ਰਮਾਣਯਾਮ, ਸੇਤੁਬੰਧਾਸਨ, ਬਲਾਸਨ, ਵਰਜਾਸਨ ਅਤੇ ਧਨੁਰਾਸਨ ਕਰ ਸਕਦੇ ਹੋ।

ਅਜਿਹੀ ਸਥਿਤੀ ਵਿੱਚ, ਡਾਕਟਰ ਕੁਝ ਦਵਾਈਆਂ ਦੇ ਨਾਲ ਜੀਵਨ ਸ਼ੈਲੀ ਵਿੱਚ ਸੋਧ ਦੀ ਸਿਫਾਰਸ਼ ਕਰਦੇ ਹਨ। ਇਸ ਤੋਂ ਇਲਾਵਾ ਆਯੁਰਵੇਦ ਦੇ ਕੁਝ ਘਰੇਲੂ ਉਪਾਅ ਅਪਣਾ ਕੇ ਵੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਦੇ ਬਾਰੇ ਵਿੱਚ ਦੱਸਾਂਗੇ ਜੋ ਤੁਸੀਂ ਆਪਣੀ ਬਾਲਕੋਨੀ ਵਿੱਚ ਲਗਾਉਂਦੇ ਹੋ ਅਤੇ ਜੇਕਰ ਤੁਸੀਂ ਉਨ੍ਹਾਂ ਦੇ ਪੱਤਿਆਂ ਦਾ ਰੋਜ਼ਾਨਾ ਸੇਵਨ ਕਰਦੇ ਹੋ, ਤਾਂ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕੋਗੇ।
1. ਐਲੋਵੇਰਾ ਦਾ ਪੌਦਾ
ਐਲੋਵੇਰਾ ਇੱਕ ਬਹੁਪੱਖੀ ਪੌਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੈ। ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਉੱਚੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਐਲੋਵੇਰਾ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕਰਨ ਦੇ ਇਲਾਜ ਵਜੋਂ ਕੰਮ ਕਰਦਾ ਹੈ।
2. ਇਨਸੁਲਿਨ ਪਲਾਂਟ
ਆਯੁਰਵੈਦ ਵਿੱਚ ਇਨਸੁਲਿਨ ਪਲਾਂਟ ਦਾ ਵੀ ਬਹੁਤ ਮਹੱਤਵ ਹੈ। ਇਹ ਪੌਦਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਇਨਸੁਲਿਨ ਦੇ ਪੱਤਿਆਂ ਦਾ ਸੁਆਦ ਖੱਟਾ ਹੁੰਦਾ ਹੈ। ਇਸਦੇ ਸੇਵਨ ਨਾਲ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।
3. ਸਟੀਵੀਆ ਪਲਾਂਟ
ਸਟੀਵੀਆ ਪੌਦਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੈ। ਇਸ ਦੇ ਪੱਤੇ ਮਿੱਠੇ ਹੁੰਦੇ ਹਨ। ਤੁਸੀਂ ਇਸਦੇ ਪੱਤਿਆਂ ਨੂੰ ਸੁਕਾ ਕੇ ਪਾਉਡਰ ਬਣਾ ਸਕਦੇ ਹੋ ਅਤੇ ਇਸਨੂੰ ਚਾਹ, ਸ਼ਰਬਤ ਜਾਂ ਕਿਸੇ ਵੀ ਚੀਜ਼ ਵਿੱਚ ਖੰਡ ਦੇ ਰੂਪ ਵਿੱਚ ਵਰਤ ਸਕਦੇ ਹੋ। ਇਸਦੇ ਪੱਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਹਨ। ਇਸ ਵਿੱਚ ਜ਼ੀਰੋ-ਕੈਲੋਰੀ ਹੁੰਦੀ ਹੈ ਅਤੇ ਇਹ ਭਾਰ ਘਟਾਉਣ ਲਈ ਵੀ ਲਾਭਦਾਇਕ ਹੈ।
4. ਨਿੰਮ ਦੇ ਪੱਤੇ
ਆਯੁਰਵੇਦ ਵਿੱਚ ਨਿੰਮ ਦੇ ਪੱਤਿਆਂ ਦਾ ਬਹੁਤ ਮਹੱਤਵ ਹੈ। ਨਿੰਮ ਦੇ ਹਰੇ ਪੱਤਿਆਂ ਵਿੱਚ ਗਲਾਈਕੋਸਾਈਡਸ ਅਤੇ ਬਹੁਤ ਸਾਰੇ ਐਂਟੀ-ਵਾਇਰਲ ਤੱਤ ਹੁੰਦੇ ਹਨ, ਜਦੋਂ ਕਿ ਇਹ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਵਿਅਕਤੀ ਨੂੰ ਪੂਰੀ ਤਰ੍ਹਾਂ ਪ੍ਰੇਸ਼ਾਨ ਕਰ ਕੇ ਰੱਖ ਦਿੰਦੀ ਹੈ। ਸ਼ੂਗਰ ਅੱਜ ਦੇ ਸਮੇਂ ਵਿਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੂਗਰ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਨਹੀਂ ਪਰ ਇਸ ਨੂੰ ਨਿਯੰਤਰਨ ਵਿੱਚ ਰੱਖਿਆ ਜਾ ਸਕਦਾ ਹੈ। ਇਸ ਦੇ ਲਈ, ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਨ ਵਿੱਚ ਰੱਖਣਾ ਪੈਂਦਾ ਹੈ। ਸ਼ੂਗਰ ਰੋਗੀਆਂ ਨੂੰ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਸ਼ੂਗਰ ਰੋਗੀਆਂ ਦੀ ਇੱਕ ਖ਼ਾਸ ਖ਼ੁਰਾਕ ਹੁੰਦੀ ਹੈ। ਉਨ੍ਹਾਂ ਦੀ ਖ਼ੁਰਾਕ ਵਿਚ ਲਾਪਰਵਾਹੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਡਾਕਟਰਾਂ ਅਨੁਸਾਰ ਸ਼ੂਗਰ ਰੋਗ ਜੈਨੇਟਿਕਸ ਜਾਂ ਬੁਢਾਪੇ ਜਾਂ ਮੋਟਾਪੇ ਕਾਰਨ ਜਾਂ ਤਣਾਅ ਦੇ ਕਾਰਨ ਹੋ ਸਕਦਾ ਹੈ।
ਸ਼ੂਗਰ ਤੋਂ ਪੀੜਤ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਬਹੁਤ ਜ਼ਿਆਦਾ ਜੋਖ਼ਮ ਹੁੰਦਾ ਹੈ। ਇਸ ਦੇ ਨਾਲ, ਸ਼ੂਗਰ ਕਿਡਨੀ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਲਈ, ਸ਼ੂਗਰ ਰੋਗੀਆਂ ਦੇ ਮਰੀਜ਼ ਆਪਣੀ ਖ਼ੁਰਾਕ ਵਿੱਚ ਫਲ, ਹਰੀਆਂ ਸਬਜ਼ੀਆਂ ਅਤੇ ਅਨਾਜ ਸ਼ਾਮਲ ਕਰ ਸਕਦੇ ਹਨ। ਆਓ ਅਸੀਂ ਤੁਹਾਨੂੰ ਕੁੱਝ ਅਜਿਹੇ ਹੀ ਖ਼ਾਸ ਡਰਿੰਕ ਬਾਰੇ ਦੱਸੀਏ ਜਿਸ ਦੇ ਕਾਰਨ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਸਿਹਤਮੰਦ ਹਨ 5 ਡਰਿੰਕਸ, ਅੱਜ ਹੀ ਆਪਣੀ ਖ਼ੁਰਾਕ ‘ਚ ਸ਼ਾਮਲ ਕਰੋ
ਗਰੀਨ ਟੀ : ਗਰੀਨ ਟੀ ਸ਼ੂਗਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਚ ਕਾਰਬੋਹਾਈਡਰੇਟ ਅਤੇ ਕੈਲੋਰੀ ਬਹੁਤ ਘੱਟ ਹੁੰਦਾ ਹੈ। ਗਰੀਨ ਟੀ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਕਿਸੇ ਵੀ ਕਿਸਮ ਦੀ ਲਾਗ ਤੋਂ ਬਚਾਉਂਦੀ ਹੈ। ਇਹ ਦਿਲ ਦੇ ਨਾਲ ਨਾਲ ਟਾਈਪ 2 ਸ਼ੂਗਰ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿਚ ਰੱਖਦਾ ਹੈ।
ਕਰੇਲੇ ਦਾ ਜੂਸ : ਸ਼ੂਗਰ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਪਿਸ਼ਾਬ ਤੇ ਖ਼ੂਨ ਵਿਚ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਕਰੇਲੇ ਦਾ ਜੂਸ ਨਾ ਸਿਰਫ਼ ਗਲੂਕੋਜ਼ ਦੀ ਮਾਤਰਾ ‘ਤੇ ਕੰਟਰੋਲ ਰੱਖਦਾ ਹੈ, ਬਲਕਿ ਪੇਟ ਦੀਆਂ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਦਿੰਦਾ ਹੈ।
ਨਾਰੀਅਲ ਦਾ ਪਾਣੀ : ਵਿਟਾਮਿਨ, ਖਣਿਜ ਤੇ ਅਮੀਨੋ ਐਸਿਡ ਵਰਗੇ ਪੌਸ਼ਟਿਕ ਤੱਤ ਨਾਰੀਅਲ ਪਾਣੀ ਵਿਚ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਸੋਡੀਅਮ ਤੇ ਮੈਗਨੀਜ ਵਰਗੇ ਖਣਿਜ ਤੱਤ ਵੀ ਨਾਰੀਅਲ ਵਿਚ ਪਾਏ ਜਾਂਦੇ ਹਨ। ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਨ ਵਿਚ ਰੱਖਦਾ ਹੈ ਅਤੇ ਸ਼ੂਗਰ ਰੋਗੀਆਂ ਲਈ ਇੱਕ ਵਧੀਆ ਸਿਹਤਮੰਦ ਡਰਿੰਕ ਸਾਬਤ ਹੋ ਸਕਦਾ ਹੈ।
ਖੀਰੇ ਦਾ ਜੂਸ : ਖੀਰੇ ਵਿਚ ਕੈਲਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ ਏ, ਬੀ 1, ਵਿਟਾਮਿਨ ਸੀ ਅਤੇ ਅਮੀਨੋ ਐਸਿਡ ਦੀ ਮਾਤਰਾ ਹੁੰਦੀ ਹੈ। ਖੀਰੇ ਦਾ ਜੂਸ ਸਰੀਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦਾ ਹੈ। ਇਸ ਦੇ ਨਾਲ ਹੀ ਖੀਰਾ ਗਰਮੀ, ਇਨਫੈਕਸ਼ਨ, ਸੋਜਸ਼ ਅਤੇ ਗਠੀਏ ਨੂੰ ਘਟਾਉਣ ਵਿਚ ਵੀ ਲਾਭਕਾਰੀ ਹੈ। ਖੀਰੇ ਖਾਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਸਰੀਰ ਠੰਢਾ ਰਹਿੰਦਾ ਹੈ। ਖੀਰੇ ਦਾ ਜੂਸ ਸ਼ੂਗਰ ਰੋਗੀਆਂ ਲਈ ਇੱਕ ਚੰਗਾ ਹੈਲਥ ਡਰਿੰਕ ਹੈ।
ਆਪਣੇ ਖਾਣੇ ਵਿੱਚ ਰੇਸ਼ਾ (ਫ਼ਾਈਬਰ) ਵਧਾਓ
ਵੱਧ ਰੇਸ਼ਾ (ਫ਼ਾਈਬਰ) ਵਾਲੇ ਖਾਣੇ ਖਾਣ ਨਾਲ ਬਲੱਡ ਕੋਲੈਸਟਰੌਲ ਦਾ ਲੈਵਲ ਘਟਦਾ ਹੈ ਅਤੇ ਬਲੱਡ ਸ਼ੂਗਰ ਦਾ ਲੈਵਲ ਵੀ ਕਾਬੂ ਵਿੱਚ ਰਹਿੰਦਾ ਹੈ। ਜ਼ਿਆਦਾ ਸਮੇਂ ਲਈ ਪੇਟ ਭਰਿਆ-ਭਰਿਆ ਹੋਣ ਕਰਕੇ ਇਹ ਭਾਰ ਕਾਬੂ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।
ਰੇਸ਼ੇ ਦੇ ਚੰਗੇ ਸਰੋਤਾਂ ਵਿੱਚ ਸ਼ਾਮਲ ਹਨ:
(1) ਸੰਪੂਰਨ ਅਨਾਜ ਵਾਲੀਆਂ ਡਬਲ ਰੋਟੀਆਂ, ਪਾਸਤਾ ਅਤੇ ਸੀਰੀਅਲ
(2) ਬਿਨਾ ਪਾਲਿਸ਼ ਚਾਵਲ (ਭੂਰੇ)
(3) ਸਬਜ਼ੀਆਂ ਅਤੇ ਫਲ
. ਖੂਬ ਪੀਓ ਪਾਣੀ।
. ਹੈਲਦੀ ਖਾਓ।
. ਭਾਰ ਨੂੰ ਕੰਟਰੋਲ ‘ਚ ਰੱਖੋ।
. ਤਣਾਅ ਤੋਂ ਦੂਰ ਰਹੋ।
. ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ।
. ਸਿਗਰਟਨੋਸ਼ੀ, ਤੰਬਾਕੂ ਆਦਿ ਦੀ ਸੇਵਨ ਨਾ ਕਰੋ।
. ਜਿੰਨੀ ਚਿੰਤਾ ਅਤੇ ਡਿਪ੍ਰੈੱਸ਼ਨ ਤੋਂ ਦੂਰ ਰਹੋਗੇ ਓਨਾ ਹੀ ਇਸ ਬੀਮਾਰੀ ਤੋਂ ਬਚੇ ਰਹੋਗੇ। ਤੁਹਾਨੂੰ ਮੇਰੀ ਲਿਖਤ ਕਿਸ ਤਰ੍ਹਾਂ ਲੱਗੀ ਮੈਨੂੰ ਦੱਸਣਾ ਨਾ ਭੁੱਲੋ
ਜੇਕਰ ਤੁਸੀ ਜਾ ਤੁਹਾਡਾ ਕੋਈ ਸਾਥੀ ਇਸ ਬਿਮਾਰੀ ਦਾ ਸ਼ਿਕਾਰ ਹੈ, ਤਾਂ ਘਬਰਾਉਣ ਦੀ ਲੋੜ ਨਹੀ ਸਾਡੇ ਨਾਲ ਸੰਪਰੰਕ ਕਰੋ। ਆਯੁਰਵੈਦਿ ਨੁਸਖਿਆ, ਜੜ੍ਹੀਆ ਬੂਟੀਆਂ ਭਸਮਾ ਤੋ ਤਿਆਰ ਦਵਾਈ ਨਾਲ ਬਿਲਕੁਲ ਠੀਕ ਹੋ ਸਕਦਾ ਹੈ।
ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ, ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
ਬਾਰਵੇਂ ਅੰਕ ਵਿਚ ਗੱਲ ਕਰਾਗੇ ਫੇਰ ਸ਼ਰੀਰ ਨੂੰ ਨਿਰੋਗ ਰੱਖਣ ਲਈ ਤੇ ਲੰਬੀ ਉਮਰ ਜੀਣ ਬਾਰੇ।
ਵਾਹਿਗੁਰੂ ਤੁਹਾਨੂੰ ਸਾਰੇ ਰੋਗਾਂ ਤੋਂ ਬਚਾਵੇ,
ਇਹੀ ਕਾਮਨਾ ਕਰਦੀ ਹੈ ਤੁਹਾਡੀ ਅਪਣੀ ਡਾਕਟਰ

ਡਾ. ਲਵਪ੍ਰੀਤ ਕੌਰ “ਜਵੰਦਾ”
9814203357

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਦਸਵਾਂ ਅੰਕ)
Next articleभारत में ओमिक्रोन लहर: हम क्या जानते हैं और क्या करना चाहिए?