HOME ਲਾਲ ਫੁੱਲ ਗਏ ਮੁਰਝਾ

ਲਾਲ ਫੁੱਲ ਗਏ ਮੁਰਝਾ

ਪੁਸ਼ਪਾ ਵੀ ਕੇ
ਅਨੁਵਾਦਿਤ ਕਹਾਣੀ
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ

ਲੇਖਕ: ਪੁਸ਼ਪਾ ਵੀ ਕੇ

ਰਵਿੰਦਰ ਸਿੰਘ ਸੋਢੀ

   (ਸਮਾਜ ਵੀਕਲੀ)   ਹਨੇਰਾ ਪਤ ਨਹੀਂ ਕਿਥੋਂ ਆ ਗਿਆ, ਹਲਕੀ ਜਿਹੀ ਰੌਸ਼ਨੀ ਦੇ ਪਰਦਿਆਂ ਨੂੰ ਹਟਾਉਂਦਾ ਹੋਇਆ। ਮੈਂ ਘਬਰਾਈ ਹੋਈ ਅੱਖਾਂ ਫਾੜ-ਫਾੜ, ਚੰਗੀ ਤਰਾਂ ਘੁਮਾ ਕੇ, ਅੱਗੇ ਦੇ ਹਨੇਰੇ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ—ਗਰਦ, ਧੂੰਆਂ ਜਾਂ ਧੁੰਦ, ਕੀ ਸੀ? ਜਾਂ ਕੋਈ ਹੋਰ ਨਰਕ, ਜੋ ਰੇਤ ਹੀ ਰੇਤ ਦੀਆਂ ਤਹਿਆਂ ਵਾਲੇ ਮਾਰੂਥਲ ਦੀ ਤਰਾਂ, ਅੱਗ ਦੀਆਂ ਲਪਟਾਂ ਵਾਂਗ ਉਬਲਦਾ ਲਾਵਾ ਜਾਂ ਫੇਰ ਪਾਣੀ ਦੇ ਹੇਠ ਦੱਬੀ ਕੋਈ ਸਮੁੰਦਰੀ ਦੁਨੀਆਂ, ਜਿਸ ਵਿਚੋਂ ਮੌਤ ਦੀ ਅੱਗ ਦਾ ਧੂੰਆਂ ਨਿਕਲ ਰਿਹਾ ਹੋਵੇ।

ਸੰਘਣਾ ਧੁੰਦਲਾ ਪਰਦਾ ਕੁਝ ਦੇਰ ਲਈ ਛਟਿਆ ਅਤੇ ਮੈ ਇਕ ਪਲ ਲਈ ਇਕ ਕੈਦ ਖਾਨਾਂ ਦੇਖਿਆ, ਜੋ ਅਜੀਬ ਤਰਾਂ ਦੇ ਪੱਥਰਾਂ ਦੀ ਗੁਫਾ ਵਿਚ ਘੁੰਮ ਰਿਹਾ ਸੀ ਅਤੇ ਜਿਸਦਾ ਮੂੰਹ, ਖੁੱਲ੍ਹਣ ਵਾਲੇ ਰਸਤੇ ਵਿਚ ਹੀ ਫਸਿਆ ਹੋਇਆ ਸੀ। ਇਹ ਕੋਈ ਨਿਸ਼ਾਨੀ ਸੀ? ਜਾਂ ਖੋਜ ਕਰਨ ਵਾਲਿਆਂ ਲਈ ਕੋਈ ਗੁਪਤ ਨੰਬਰ?
ਅਚਾਨਕ ਕੁਰਬਲ-ਕੁਰਬਲ ਕਰਦੇ ਕੀੜੇ ਚੁੱਪ ਕਰ ਗਏ। ਡੱਡੂਆ ਨੇ ਟਰ-ਟਰ ਕਰਨਾ ਬੰਦ ਕਰ ਦਿੱਤਾ। ਉੱਲੂ ਵੀ ਆਪਣੀਆਂ ਆਵਾਜਾਂ ਕੱਢਣ ਤੋਂ ਚੁੱਪ ਕਰ ਗਏ ਅਤੇ ਚਮਗਿੱਦੜ ਵੀ ਚੀਕਾਂ ਮਾਰਨ ਤੋਂ ਸ਼ਰਮਾ ਗਏ। ਹੋ ਸਕਦਾ ਹੈ ਉਹਨਾਂ ਨੂੰ ਇਹ ਉਮੀਦ ਨਾ ਹੋਵੇ ਕਿ ਉਥੇ ਕੋਈ ਦੂਜੇ ਲਿੰਗ ਵਾਲੀ ਵੀ ਹੋ ਸਕਦੀ ਹੈ ਜਾਂ ਫੇਰ ਇਹ ਦੇਖਣ ਦੀ ਜਗਿਆਸਾ ਹੋਵੇ ਕੇ ਇਕ ਔਰਤ ਹੈਰਾਨੀ ਅਤੇ ਡਰ ਨਾਲ ਉਥੇ ਖੜੀ ਕੀ ਕਰ ਰਹੀ ਹੈ? ਹਨੇਰੇ ‘ਚੋਂ ਹੀ ਕੋਈ ਆਵਾਜ਼ ਜਿਹੀ ਪੈਦਾ ਹੋਈ। ਮੈਂ ਇਕ ਹਲਕੇ ਜਿਹੇ ਫੁੱਲ ਵਾਂਗ ਅੱਗੇ ਜਾ ਰਹੀ ਸੀ, ਪੈਰਾਂ ਅਤੇ ਸਿਰ ਤੋਂ ਬਿਨਾਂ, ਪਰ ਸਿਰਫ ਇਕ ਅਜਿਹਾ ਦਿਲ ਜੋ ਆਪਣੇ ਨੁਕਸਾਨ ਲਈ ਰੋ ਰਿਹਾ ਹੋਵੇ ਅਤੇ ਜਿਸ ‘ਚੋਂ ਗਰਮ ਲਹੂ ਦੀਆਂ ਬੂੰਦਾ ਟਪਕ ਰਹੀਆਂ ਹੋਣ।
ਮੈਂ ਕਾਹਲੀ ਨਾਲ ਅੱਗੇ ਵਧੀ, ਉਦਾਸ ਸੁਪਨੇ ਵਿਚ ਕਿਸੇ ਭਟਕੇ ਹੋਏ ਧੂਏਂ ਨੂੰ ਪਰਾਂ ਕਰਦੇ ਹੋਏ। ਮੈਨੂੰ ਇਸ ਗੱਲ ਦਾ ਪੱਕਾ ਪਤਾ ਸੀ ਕਿ ਮੈਂ ਉਥੇ ਇਕੱਲੀ ਨਹੀਂ ਸੀ। ਘੁੱਪ ਹਨੇਰੇ ਵਿਚ ਉਹਨਾਂ ਦੇ ਉਥੇ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਹ ਕੀ ਸੀ? ਮੌਤ ਦੇ ਆਕਾਰ? ਗੁਨਾਹਾਂ ਦੇ ਦੂਤ ? ਬੁਰਾਈਆਂ ਦੇ ਸਰਪ੍ਰਸਤ? ਸ਼ਾਇਦ ਉਹ ਅਜੀਬੋ-ਗਰੀਬ ਆਕਾਰ ਮੇਰੀਆਂ ਅੱਖਾਂ ਵਿਚ ਦਰਦ ਅਤੇ ਘਬਰਾਹਟ ਨੂੰ ਸਮਝ ਗਏ ਸੀ। ਉਹਨਾਂ ਨੇ ਮੈਨੂੰ ਲੰਘਣ ਦਿੱਤਾ, ਜਿਵੇਂ ਗਰਮ ਧਾਰਾ ਵਿਚ ਤੈਰਦੀ ਸਮੁੰਦਰੀ ਘਾਹ ਲੰਘ ਜਾਏ। ਮੈਂ ਉਹ ਥਾਂਵਾਂ ਪਾਰ ਕੀਤੀਆਂ, ਜਿਥੇ ਆਕਾਰ ਰਹਿ ਆਤਮਾਵਾਂ ਸਕੂਨ ਵਿਚ ਸੀ ਸੌਂ ਰਹੀਆਂ ਅਤੇ ਛੋਟੀਆਂ ਸ਼ਰਾਰਤੀ ਆਤਮਾਵਾਂ ਇਕ ਦੂਜੇ ਦੇ ਪਿੱਛੇ ਖੁਸ਼ੀ-ਖੁਸ਼ੀ ਅਤੇ ਹੱਸਦੇ ਹੋਏ ਸੀ ਦੌੜ ਰਹੀਆਂ।
ਫੇਰ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਆਪਣੇ ਬਚਪਨ ਦਾ ਹੱਸਣਾ ਸੁਣਿਆ ਹੋਵੇ, ਪਰ ਇਹ ਤਾਂ ਕਈ ਦਹਾਕੇ ਪਹਿਲਾਂ ਸੀ। ਮੇਰੀ ਮਾਂ ਦਾ ਨਰਮ ਪੇਟ ਜਿਸ ‘ਤੇ ਮੈਂ ਆਪਣੀਆਂ ਛੋਟੀਆਂ-ਛੋਟੀਆਂ ਮੁੱਕੀਆਂ ਮਾਰਦੀ ਹੁੰਦੀ ਸੀ, ਉਸ ਦੇ ਫੁੱਲੇ ਹੋਏ ਪੇਟ ਤੇ ਫੂਕਾਂ ਮਾਰ ਕੇ ਜੋਰ ਦੀ ਹੱਸਦੀ ਸੀ, ਉਸ ਦੀ ਕੋਮਲ ਅਤੇ ਨਰਮ ਚਮੜੀ ਨੂੰ ਮਹਿਸੂਸ ਕਰਦੀ ਸੀ। ਜਦੋਂ ਮੈਂ ਜਵਾਨੀ ਵਿਚ ਪੈਰ ਰੱਖਿਆ, ਮੈਂ ਬੜੀ ਆਪ-ਮਤੀ ਅਤੇ ਇਕੱਲੀ ਹੀ ਸੀ। ਮਾਂ ਮੇਰੇ ਕੋਲ ਇਹ ਕਹਿੰਦੀ ਆਉਂਦੀ, “ਓ ਮੇਰੇ ਬੱਚੂ! “ਕੀ ਹੋਇਆ?” ਉਸ ਨੇ ਮੇਰੀਆਂ ਅੱਖਾਂ, ਮੇਰੀਆਂ ਗਲਾਂ ਦਾ ਰੰਗ ਅਤੇ ਮੇਰਾ ਬਦਲਿਆ ਸੁਭਾਅ ਦੇਖ ਕੇ ਹੀ ਪਹਿਚਾਣ ਲੈਣਾ ਕਿ ਕੁਝ ਹੋਇਆ ਹੈ। ਉਹ ਜਿਸ ਚੀਜ਼ ਦਾ ਵੀ ਅੰਦਾਜ਼ਾ ਲਾਉਂਦੀ, ਉਹ ਗੱਲ ਤਕਰੀਬਨ-ਤਕਰੀਬਨ ਠੀਕ ਹੀ ਹੁੰਦੀ। ਇਹ ਬੜੇ ਸਕੂਨ ਦੀ ਗੱਲ ਸੀ ਕਿ ਉਹ ਬਿਨ ਕੁਝ ਦੱਸਿਆਂ ਹੀ ਜਾਣ ਜਾਂਦੀ ਕਿ ਕੀ ਹੋਇਆ ਹੈ। ਮੈਂ ਉਸ ਨੂੰ ਚਿੰਬੜ ਕੇ ਕਹਿੰਦੀ ਕਿ ਜੋ ਕੁਝ ਵੀ ਵਾਪਰਿਆ ਹੈ, ਉਸ ਨੂੰ ਭੁੱਲ ਜਾ ਅਤੇ ਫਿਕਰ ਨਾ ਕਰ। ਮਾਂ ਦਾ ਪਿਆਰ ਨਾਲ ਛੁਹ ਲੈਣਾ ਹੀ ਸਾਰੇ ਦੁੱਖ-ਦਰਦ ਦੂਰ ਕਰ ਕੇ ਤਾਜ਼ਗੀ ਭਰ ਦਿੰਦਾ। ਪਰ ਅਫ਼ਸੋਸ? ਉਹ ਖੁਸ਼ੀਆਂ ਹਮੇਸ਼ਾ ਲਈ ਖਤਮ ਹੋ ਗਈਆਂ। ਸਰੀਰ ਦਾ ਪੋਟਾ-ਪੋਟਾ ਦੁੱਖਾਂ ਨਾਲ ਭਰ ਗਿਆ। ਮੈਂ, ਅੱਜ ਦੇ ਸਮੇਂ ਦੀ ਮਾਂ, ਬੇਬਸੀ ਵਿਚ ਘੁੰਮ ਰਹੀ ਹਾਂ।
ਛੋਟੀਆਂ ਸ਼ਰਾਰਤੀ ਰੂਹਾਂ ਅਜੇ ਵੀ ਹੱਸ ਰਹੀਆਂ ਸੀ. ਉਹਨਾਂ ਨੂੰ ਮੇਰੀ ਫਿਕਰ ਹੀ ਨਹੀਂ ਸੀ। ਉਹ ਭਾਵੇਂ ਮੇਰੇ ਨੇੜੇ ਹੀ ਸੀ, ਪਰ ਫੇਰ ਵੀ ਦੂਰ ਲੱਗਦੀਆਂ। ਫੇਰ ਉਹ ਅੱਖ ਦੇ ਫੋਰ ਵਿਚ ਹੀ ਅਲੋਪ ਹੋ ਗਈਆਂ ਅਤੇ ਆਪਣੇ ਪਿੱਛੇ ਛੱਡ ਗਈਆਂ ਆਪਣੀ ਹਾਸੀ ਦੀ ਗੂੰਜ।
ਮੈਂ ਆਪਣੇ ਬੱਚੇ ਦੀ ਭਾਲ ਵਿਚ ਹਰ ਦਰਾਰ, ਹਨੇਰੀਆਂ ਕੰਧਾਂ ਦੇ ਵਿਚਕਾਰ ਝਾਤ ਮਾਰੀ ਅਤੇ ਪਰਛਾਵੇਂ ਵਾਲੇ ਰਸਤੇ ਦੀਆਂ ਦਰਾਰਾਂ ਵਿਚ ਦੇਖਿਆ। ਅਣੋਖੀਆਂ ਜਿਹੀਆਂ ਅੱਖਾਂ ਮੇਰੇ ਵੱਲ ਝਾਕ ਰਹੀਆਂ ਸੀ, ਡਰੀਆਂ ਹੋਈਆਂ ਧੁੰਦਲੇ ਜਿਹੇ ਗੋਲੇ। ਓ, ਰੱਬਾ!
ਮੇਰਾ ਵਿਚਾਰਾ ਬੱਚਾ ਉਥੇ ਨਹੀਂ ਸੀ। ਜਿਥੇ-ਜਿਥੇ ਮੈਂ ਜਾ ਸਕਦੀ ਸੀ, ਮੈਂ ਭੱਜੀ। ਮੈਨੂੰ ਪ੍ਛਾਵਿਆਂ ਦਾ ਹਾਸਾ ਪਤਾ ਨਹੀਂ ਕਿਥੋਂ ਸੁਣਾਈ ਦੇ ਰਿਹਾ ਸੀ, ਮੈਨੂੰ ਹਨੇਰੇ ਵੱਲ ਖਿੱਚ ਰਿਹਾ ਸੀ। ਕਿੰਨਾ ਸਮਾਂ? ਇਸਦਾ ਕੋਈ ਪਤਾ ਨਹੀਂ।
ਡਰ ਦੀ ਧੜਕਣ ਮੇਰੇ ਕੰਨਾਂ ਦੇ ਪਰਦਿਆਂ ਵਿਚ ਧੜਕ ਰਹੀ ਸੀ। ਮੈਂ ਇਕ ਕੰਡਿਆਲੇ ਦਰਵਾਜ਼ੇ ਨਾਲ ਟਕਰਾ ਗਈ, ਜੋ ਧੁੰਦਲੀ ਜਿਹੀ ਝੀਲ ਵੱਲ ਖੁਲ੍ਹ ਰਿਹਾ ਸੀ ਅਤੇ ਅੰਬਰ ਸਲੇਟੀ ਰੰਗ ਦਾ। ਉਥੇ ਕੋਈ ਤਾਰੇ ਨਹੀਂ ਸੀ, ਸਿਰਫ ਇਕ ਪਵਿੱਤਰ ਚੰਨ ਹੀ ਸੀ ਜੋ ਅਸਮਾਨ ਵਿਚੋਂ ਝਾਕ ਰਿਹਾ ਸੀ।
ਮੈਨੂੰ ਇਸ ਤਰਾਂ ਦੇ ਸੁਪਨੇ ਹਰ ਰੋਜ਼ ਹੀ ਆਉਂਦੇ; ਜਦੋਂ ਵੀ ਮੇਰੀਆਂ ਅੱਖਾਂ ਪਲ ਭਰ ਲਈ ਵੀ ਬੰਦ ਹੁੰਦੀਆਂ। ਇਹ ਡਰਾਉਣੇ ਸੁਪਨੇ ‘ਵੈਲਨਟਾਇਨ ਡੇ’ ਤੋਂ ਬਾਅਦ ਆਉਣੇ ਸ਼ੁਰੂ ਹੋਏ। ਹਾਂ, ‘ਵੈਲਨਟਾਇਨ ਡੇ’। ਮੈਂ ਆਪਣੀਆਂ ਜੌੜੀਆਂ ਬੱਚੀਆਂ ਨੂੰ ਕਿਹਾ ਹੋਇਆ ਸੀ ਕਿ ਰਾਤ ਦੇ ਸਮੇਂ ‘ਸਿਟੀ ਸੈਂਟਰ’ ਜਾਣਾ ਖਤਰਨਾਕ ਹੈ; ਪੁਲਿਸ ਹਰ ਪਾਸੇ ਹੀ ਹੈ, ਖਾਸ ਕਰ “ਫਾਥੀ ਕਮਾਂਡੋ”(ਇਰਾਨ ਵਿਚ ਔਰਤਾਂ ਦੀ ਪੁਲਿਸ ਲਈ ਵਰਤਿਆ ਜਾਂਦਾ ਸ਼ਬਦ, ਪਰ ਇਹ ਉਸੇ ਤਰਾਂ ਹੀ ਨਕਾਰਾਤਮਕ ਢੰਗ ਨਾਲ ਵਰਤਿਆ ਜਾਂਦਾ ਹੈ ਜਿਵੇਂ ਪੰਜਾਬ ਵਿਚ ‘ਸਿਪਾਹੀ’ ਲਈ ‘ਸਪੈਟਾ’)। ਉਹਨਾਂ ਨੇ ਬੱਚਿਆਂ ਨੂੰ ਕੇਕ ਲੈ ਕੇ ਜਾਂਦੇ ਦੇਖਿਆ ਜੋ ਅਰਾਮ ਨਾਲ ਹੱਸਦੇ ਕਾਰ ਵੱਲ ਜਾ ਰਹੇ ਸੀ। “ਰੁਕੋ”। ਇਕ ਨੌਜਵਾਨ ਪੁਲਿਸ ਅਫਸਰ ਜੋ ਬੇਕਰੀ ਕੋਲ ਖੜੀ ਸੀ, ਨੇ ਕਿਹਾ। ਵੱਡੀ ਕੁੜੀ, ਜਿਸ ਨੇ ਕੇਕ ਫੜਿਆ ਹੋਇਆ ਸੀ ਨੇ ਆਪਣੀ ਭੈਣ ਨੂੰ ਹੌਲੀ ਜਿਹੀ ਕਿਹਾ, “ਭੱਜ ਜਾ, ਰੁਕੀ ਨਾ।“
“ਮੈਂ ਤੈਨੂੰ ਇਕੱਲੀ ਨੂੰ ਨਹੀਂ ਛੱਡ ਸਕਦੀ।“
“ਨਹੀਂ, ਨਹੀਂ—ਭੱਜ—ਭੱਜ—ਜਾ—ਜਾ ਕੇ ਮੰਮਾ ਨੂੰ ਦੱਸ, ਆਪਾਂ ਦੋਵੇਂ ਨਹੀਂ ਫੜੀਆਂ ਜਾਣੀਆਂ ਚਾਹੀਦੀਆਂ, ਜੇ ਕੁਝ ਹੋ ਗਿਆ ਤਾਂ ਘੱਟੋ-ਘੱਟ ਤੂੰ ਤਾਂ ਉਹਨਾਂ ਨੂੰ ਜਾ ਕੇ ਦੱਸ।“
“ਤੁਸੀਂ ਕੀ ਬੁੜਬੁੜ ਕਰ ਰਹੀਆਂ ਹੋ?” ਇਹ ਕਹਿੰਦੀ ਹੋਈ ਉਹ ਪੁਲਿਸ ਵਾਲੀ ਉਹਨਾਂ ਦੇ ਬਹੁਤ ਨੇੜੇ ਆ ਗਈ। ਉਸ ਨੇ ਕੁੜੀ ਦਾ ਫੋਨ ਦੇਖਿਆ, ਵਾਲ ਦੇਖੇ ਅਤੇ ਕੇਕ ਵੀ, ਜਿਵੇਂ ਉਹ ਕਹਿ ਰਹੀ ਹੋਵੇ ‘ਮਾਫ਼ੀਆ ਨੂੰ ਪਕੜ ਲਿਆ।‘
“ਤੁਸੀਂ ਕੇਕ ਕਿਉਂ ਖਰੀਦਿਆ ਹੈ?”
“ਖਾਣ ਲਈ”
“ਨਹੀਂ, ਇਹ ਨਹੀਂ ਹੋ ਸਕਦਾ। ਇਹ ਦੱਸੋ ਕਿ ਰਾਤ ਦੀ ਪਾਰਟੀ ਕਿਥੇ ਹੈ? ਕਿਥੇ ਹੈ?“
“ਕੀ? ਇਹ ਸਾਡੇ ਮਾਤਾ-ਪਿਤਾ ਲਈ ਹੈ।”
“ਉਹ—–। ਉਸ ਨੇ ਕੁੜੀ ਦਾ ਸਿਰ ਘੁਮਾਉਂਦੇ ਹੋਏ ਤਨਜ਼ ਅਤੇ ਮਜ਼ਾਕ ਉਡਾਉਣ ਦੇ ਢੰਗ ਨਾਲ ਕਿਹਾ, “ਏ ਕੁੜੀਓ, ਕੀ ਮੈਂ ਤੁਹਾਨੂੰ ਨਹੀਂ ਜਾਣਦੀ?”
“ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹ ਸਾਡੇ ਮਾਤਾ-ਪਿਤਾ ਲਈ ਹੈ।”
“ਏ, ਏ, ਹੌਲੀ ਬੋਲ, ਮੈਨੂੰ ਡਰ ਲੱਗਦਾ ਹੈ?” ਪੁਲਿਸ ਵਾਲੀ ਨੇ ਤਨਜ਼ ਨਾਲ ਕਿਹਾ।
“ਨਹੀਂ, ਜੋ ਅਸੀਂ ਕੀਤਾ ਹੀ ਨਹੀਂ, ਤੁਸੀਂ ਸਾਡੇ ‘ਤੇ ਉਸ ਗੱਲ ਦਾ ਦੋਸ਼ ਲਾ ਰਹੇ ਹੋ।”
“ਕੀ?”
“ਕੀ?”
ਦੂਜੀ ਪੁਲਿਸ ਵਾਲੀ ਜਿਹੜੀ ਜੀਪ ਕੋਲ ਖੜੀ ਸੀ, ਉਹ ਦੌੜ ਕੇ ਉਹਨਾਂ ਕੋਲ ਆਈ। “ਕੀ ਗੱਲ ਹੈ?”
“ਇਸ ਵੱਲ ਦੇਖ? ਜੁਬਾਨ ਲੜਾ ਰਹੀ ਹੈ”, ਕਮਾਂਡੋ ਨੇ ਕਿਹਾ।
ਉਹ—ਇਸਦੀ ਐਨੀ ਹਿੰਮਤ? ਕੀ ਤੈਨੂੰ ਪਤਾ ਹੈ, ਇਹ ਕੌਣ ਨੇ?” ਨਵੀਂ ਆਈ ਪੁਲਿਸ ਵਾਲੀ ਨੇ ਕੁੜੀ ਨੂੰ ਕਿਹਾ।
“ਮੈਂ ਨਹੀਂ ਜਾਣਦੀ ਅਤੇ ਜਾਣਨਾ ਵੀ ਨਹੀਂ ਚਾਹੁੰਦੀ।”
“ਅੱਛਾ!—ਚਲ ਜੀਪ ਵਿਚ ਬੈਠ; ਅਸੀਂ ਤੈਨੂੰ ਦੱਸਦੇ ਹਾਂ।” ਉਹਨਾਂ ਵਿਚੋਂ ਇਕ ਨੇ ਉਸ ਨੂੰ ਪਿੱਛੋਂ ਜੱਫਾ ਪਾ ਲਿਆ। ਦੂਜੀਆਂ ਦੋ ਨੇ ਉਸਦੇ ਹੱਥ ਫੜ ਕੇ ਉਸ ਨੂੰ ਘੜੀਸ ਕੇ ਕਾਰ ਵੱਲ ਲੈ ਗਈਆਂ। ਕੁੜੀ ਦੇ ਹੱਥਾਂ ‘ਚੋਂ ਕੇਕ ਗਿਰ ਕੇ ਸੜਕ ‘ਤੇ ਖਿਲਰ ਗਿਆ। ਇਕ ਨੇ ਉਸ ਦੀਆਂ ਦੋਵੇਂ ਲੱਤਾਂ ਨੂੰ ਮਰੋੜ ਕੇ ਆਪਣੇ ਭਾਰੇ ਬੂਟਾਂ ਹੇਠਾਂ ਦੱਬ ਲਿਆ। ਉਹਨਾਂ ਵਿਚ ਕਾਫੀ ਖਿੱਚੋ-ਤਾਣ ਹੋਈ। ਜਦੋਂ ਕੁੜੀ ਨੂੰ ਜ਼ਬਰਦਸਤੀ ਪੁਲਿਸ ਦੀ ਗੱਡੀ ਵਿਚ ਧੱਕਿਆ ਤਾਂ ਉਸ ਨੇ ਇਕ ਪੁਲਿਸ ਵਾਲੀ ਦੇ ਲੱਤ ਮਾਰੀ। ਕੁੜੀ ਉਹਨਾਂ ਨਾਲ ਜਾਣਾ ਨਹੀਂ ਸੀ ਚਾਹੁੰਦੀ। ਉਹ ਸਾਰੀਆਂ ਉਸ ‘ਤੇ ਟੁੱਟ ਕੇ ਪੈ ਗਈਆਂ ਅਤੇ ਪਿਛਲੀ ਸੀਟ ‘ਤੇ ਸੁੱਟ ਲਿਆ ਅਤੇ ਗੱਡੀ ਨੇੜੇ ਦੇ ਪੁਲਿਸ ਸਟੇਸ਼ਨ ਵੱਲ ਲੈ ਗਈਆਂ।
ਜਦੋਂ ਬੱਚੇ ਰਾਤ ਦੇ 11 ਵਜੇ ਤੋਂ ਬਾਅਦ ਤੱਕ ਵੀ ਨਾ ਆਏ ਤਾਂ ਮੈਂ ਫੋਨ ਕਰਨਾ ਚਾਹਿਆ। ਮੈਂ ਗੁੱਸੇ ਵਿਚ ਸੀ ਕਿ ਉਹਨਾਂ ਨੇ ਮੇਰੀ ਗੱਲ ਨਹੀਂ ਸੀ ਮੰਨੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਵੈਲਨਟਾਇਨ ਡੇ ਵਾਲੀ ਰਾਤ ਉਹ ਭੀੜ ਵਿਚ ਨਾ ਜਾਣ। ਮੈਂ ਉਹਨਾਂ ਨੂੰ ਖਬਰਦਾਰ ਵੀ ਕੀਤਾ ਸੀ ਕਿ ਬਾਹਰ ਪੁਲਿਸ ਦੀ ਨਿਗਰਾਨੀ ਹੋਵੇਗੀ, ਕਿਉਂ ਕਿ ਉਹ ਕਹਿੰਦੇ ਹਨ ਕਿ ਇਹ ਪੱਛਮੀ ਮੁਲਕਾਂ ਦਾ ਰਿਵਾਜ ਹੈ। ਉਹ ਬੇਕਸੂਰਾਂ ਨੂੰ ਵੀ ਆਪਣੇ ਸਭਿਆਚਾਰ ਨੁੰ ਵਿਗਾੜਣ ਲਈ ਸ਼ਰਾਰਤੀ ਅਨਸਰ ਸਮਝ ਕੇ ਪਕੜ ਲੈਂਦੇ। ਇਹ ਠੀਕ ਵੀ ਹੈ। ਇਸ ਲਈ ਮੈਂ ਚਾਹੁੰਦੀ ਸੀ ਕਿ ਬੱਚੇ ਬਾਹਰ ਨਾ ਜਾਣ। ਉਹ ਨੌਜਵਾਨ ਹਨ, ਇਸ ਲਈ ਉਹ ਨਤੀਜਿਆਂ ਬਾਰੇ ਘੱਟ ਹੀ ਸੋਚਦੇ ਹਨ। ਉਸੇ ਸਮੇਂ ਹੀ ਉਸਦਾ ਫੋਨ ਆਇਆ, “ਮੰਮਾ, ਮੈਨੂੰ ਨਹੀਂ ਪਤਾ ਮੇਰੀ ਭੈਣ ਕਿਥੇ ਹੈ? ਮੈਂ ਪੁਲਿਸ ਸਟੇਸ਼ਨ ‘ਚ ਹਾਂ।”
ਇਸਦੇ ਨਾਲ ਹੀ ਫੋਨ ਬੰਦ ਹੋ ਗਿਆ। ਮੈਂ ਪਾਗਲਾਂ ਵਾਂਗ ਜਲਦੀ ਵਿਚ ਆਪਣਾ ਲੰਬਾ ਕੋਟ ਪਾਇਆ ਅਤੇ ਇਕ ਰੁਮਾਲ ਚੁੱਕ ਕੇ ਸਿਰ ‘ਤੇ ਬੰਨਿਆਂ। ਪਿਤਾ ਜੀ ਅਤੇ ਮੈਂ ਕਾਹਲੀ-ਕਾਹਲੀ ਕਾਰ ਚਲਾ ਕੇ ਪਤਾ ਨਹੀਂ ਕਿਵੇਂ ਪੁਲਿਸ ਸਟੇਸ਼ਨ ਪਹੁੰਚੇ। ਉਹ ਉਥੇ ਹੀ ਸੀ। ਜੇ ਅਸੀਂ ਇਕ ਮਿੰਟ ਵੀ ਦੇਰ ਨਾਲ ਪਹੁੰਚਦੇ ਤਾਂ ਉਹਨਾਂ ਨੇ ਬੇਟੀ ਨੂੰ ਲਾਕ ਅੱਪ ਵਿਚ ਬੰਦ ਕਰ ਕੇ ਸਾਰੀ ਰਾਤ ਮਰਦਾਵੀਂ ਪੁਲਿਸ ਦੇ ਹਵਾਲੇ ਕਰ ਕੇ ਚਲੇ ਜਾਣਾ ਸੀ। ਕਿਸੇ ਨੇ ਕੁਝ ਸੁਣਨਾ ਨਹੀਂ ਸੀ, ਕੁਝ ਕਹਿਣਾ ਨਹੀਂ ਸੀ ਅਤੇ ਕਿਸੇ ਨੂੰ ਪੁਲਿਸ ਸਟੇਸ਼ਨ ਦੇ ਵਿਹੜੇ ਵਿਚ ਵੀ ਨਹੀਂ ਸੀ ਆਉਣ ਦੇਣਾ। ਅਸੀਂ ਉਹਨਾਂ ਨੂੰ ਬਹੁਤ ਕਿਹਾ, ਮੁਆਫ਼ੀ ਮੰਗੀ ਤਾਂ ਜਾ ਕੇ ਉਸ ਨੂੰ ਵਾਪਿਸ ਲੈ ਆਏ। ਉਹ ਸਾਨੂੰ ਹੀ ਦੋਸ਼ ਦੇ ਰਹੇ ਸਨ। ਉਥੇ ਹੀ ਮੇਰਾ ਇਕ ਪੁਰਾਣਾ ਵਿਦਿਆਰਥੀ ਮਿਲ ਗਿਆ ਜੋ ਪੁਲਿਸ ਹੀ ਵਿਚ ਸੀ।
ਉਹ ਮੈਨੂੰ ਕਹਿਣ ਲੱਗਿਆ, “ਪ੍ਰੋ. ਸਾਹਿਬ, ਤੁਸੀਂ ਇਥੇ ਕਿਵੇਂ?”
ਮੈਂ ਦੱਸਿਆ ਕਿ ਮੇਰੀ ਬੇਟੀ ਨੂੰ ਇਥੇ ਲੈ ਕੇ ਆਏ ਹਨ।
“ਉਹ! ਉਹ ਤੁਹਾਡੀ ਬੇਟੀ ਹੈ? ਮੈਨੂੰ ਦੱਸਣਾ ਸੀ।”
ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਉਸੇ ਪੁਲਿਸ ਵਾਲੇ ਨੇ ਹੀ ਸਾਰਾ ਪੰਗਾ ਪਾਇਆ ਸੀ। ਜਦੋਂ ਦੋਵੇਂ ਭੈਣਾਂ ਬੇਕਰੀ ਵਿਚੋਂ ਬਾਹਰ ਆਈਆਂ ਤਾਂ ਪੁਲਿਸ ਅਤੇ ਫਾਥੀ ਕਮਾਂਡੋ ਨੇ ਉਹਨਾਂ ਨੂੰ ਰੁਕਣ ਲਈ ਕਿਹਾ। ਉਹ ਕਿਉਂ ਕਿ ਦੇਖਣ ਨੂੰ ਸੁਹਣੀ ਸੀ, ਇਸ ਲਈ ਉਸ ਨਾਲ ਗਲਾਂ ਕਰਨੀਆਂ ਚਾਹੁੰਦਾ ਸੀ ਅਤੇ ਫੇਰ ਉਸਦੀ ਕਮਾਂਡੋ ਨੇ ਦੂਰੋਂ ਉਸ ਨੂੰ ਕੁੜੀ ਨਾਲ ਗੱਲਾਂ ਕਰਦੇ ਦੇਖ ਲਿਆ। ਈਰਖਾ ਦੀ ਮਾਰੀ ਨੇ ਹੰਗਾਮਾ ਕਰ ਦਿੱਤਾ। ਉਸ ਨੇ ਆਪਣੀ ਮੰਗੇਤਰ ਦੇ ਸ਼ਕੀ ਸੁਭਾ ਤੋਂ ਬਚਣ ਲਈ ਕਮਾਂਡੋ ਨੂੰ ਕਿਹਾ ਕਿ ਉਹ ਤਾਂ ਕੁੜੀ ਤੋਂ ਇਹ ਪੁੱਛ ਰਿਹਾ ਸੀ ਕਿ ਕੇਕ ਕਿਸ ਵਾਸਤੇ ਹੈ। ਸਾਰੀ ਗੱਲ ਉਥੋਂ ਹੀ ਸ਼ੁਰੂ ਹੋਈ। ਬਾਤ ਦਾ ਬਤੰਗੜ ਬਣ ਗਿਆ।
ਤਕਰੀਬਨ ਅੱਧੀ ਰਾਤ ਹੋਣ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਤੋਂ ਬਾਹਰ ਆਏ। ਉਥੋਂ ਸਾਰੇ ਚਲੇ ਗਏ, ਬੱਸ ਕੁਝ ਚੁੱਪ ਚੁਪੀਤੇ ਸੀਖਾਂ ਦੇ ਅੰਦਰ ਡੱਕੇ ਹੋਏ ਕੈਦੀ ਹੀ ਖਾਲੀ ਅੱਖਾਂ ਨਾਲ ਦੇਖ ਰਹੇ ਸੀ ਅਤੇ ਅਸੀਂ ਉਹਨਾਂ ਦੀਆਂ ਹਲਕੀਆਂ-ਹਲਕੀਆਂ ਸਿਸਕੀਆਂ ਸੁਣ ਰਹੇ ਸੀ ਅਤੇ ਕੁਝ ਸੀਖਾਂ ਨੂੰ ਫੜੀ ਖੜੇ ਬਾਹਰ ਹਨੇਰੇ ਵੱਲ ਝਾਕ ਰਹੇ ਸੀ।
ਅਸੀਂ ਵੱਡੀ ਬੇਟੀ ਨੂੰ ਪੁੱਛਿਆ, “ਤੇਰੀ ਭੈਣ ਕਿਥੇ ਹੈ?”
“ਮੈਂ ਉਸ ਨੂੰ ਕਿਹਾ ਸੀ ਕਿ ਕਾਰ ਵਿਚ ਹੀ ਬੈਠੇ। ਉਹ ਗਲੀ ਦੇ ਦੂਜੇ ਪਾਸੇ ਜਿਥੇ ਕਾਰ ਖੜੀ ਕੀਤੀ ਸੀ, ਉਥੇ ਬੈਠੀ ਹੋਵੇਗੀ।
ਕਾਰ ਦੇ ਦਰਵਾਜ਼ੇ ਸਲੇਟੀ ਰੰਗ ਦੇ ਸੀ। ਉਹ ਮੈਨੂੰ ਨਾ ਦਿੱਖੀ। ਮੈਂ ਸੋਚਿਆ ਕਿ ਸੌਂ ਗਈ ਹੋਏਗੀ, ਪਰ ਉਹ ਕਾਰ ਵਿਚ ਨਹੀਂ ਸੀ। ਅਸੀਂ ਉਸ ਨੂੰ ਲੱਭਿਆ ਅਤੇ ਆਵਾਜ਼ਾਂ ਵੀ ਮਾਰੀਆਂ, ਮੋਲੇ- ਮੋਲੇ। ਕਿਥੇ ਹੈਂ? ਮੈਨੂੰ ਉਸ ਹਨੇਰੀ ਗਲੀ ਵਿਚੋਂ ਸਿਰਫ ਆਪਣੀ ਆਵਾਜ਼ ਦੀ ਗੂੰਜ ਹੀ ਸੁਣਾਈ ਦਿੱਤੀ। ਕੋਈ ਸਹਾਇਤਾ ਲਈ ਨਹੀਂ ਸੀ ਆ ਰਿਹਾ। ਉਥੇ ਕੋਈ ਹੈ ਵੀ ਨਹੀਂ ਸੀ ਜਿਸ ਤੋਂ ਮੈਂ ਆਪਣੀ ਬੱਚੀ ਬਾਰੇ ਪੁੱਛ ਸਕਦੀ। ਮੈਂ ਉਸ ਸੁੰਨੀ ਅਤੇ ਹਨ੍ਹੇਰੀ ਗਲੀ ਵਿਚ ਬੇਹੋਸ਼ ਹੀ ਹੋਣ ਲੱਗੀ ਸੀ।
ਫੇਰ ਸਾਨੂੰ ਇਕ ਧੁੰਦਲਾ ਜਿਹਾ ਪਰਛਾਵਾਂ ਦਿਖਿਆ, ਜੋ ਹਨੇਰੇ ਵਿਚ ਅੱਗੇ ਵੱਧ ਰਿਹਾ ਸੀ। ਇਹ ਉਹੀ ਸੀ, ਮੇਰੀ ਦੂਜੀ ਬੇਟੀ। ਅਸੀਂ ਤਿੰਨੋਂ ਉਸ ਵੱਲ ਭੱਜੇ। ਮੈਂ ਉਸ ਨੂੰ ਘੁੱਟ ਕੇ ਕਲਾਵੇ ਵਿਚ ਲੈ ਲਿਆ। “ਮੇਰੇ ਬੱਚੇ, ਤੂੰ ਠੀਕ ਹੈ ਨਾ?” ਮੈਂ ਪਿਆਰ ਨਾਲ ਉਸਨੂੰ ਸਹਿਲਾਉਂਦੇ ਹੋਏ ਕਿਹਾ।
‘ਮੈਂ ਬਿਲਕੁਲ ਠੀਕ ਹਾਂ ਮੰਮਾ, ਰੋਵੇ ਨਾ।” ਉਹ ਹੌਲੀ ਜਿਹੀ ਬੋਲੀ।
“ਤੂੰ ਕਿਥੇ ਚਲੀ ਗਈ ਸੀ? ਕਾਰ ਵਿਚ ਕਿਉਂ ਨਹੀਂ ਸੀ ਬੈਠੀ?”
“ਮੰਮਾ, ਮੈਨੂੰ ਡਰ ਲੱਗ ਰਿਹਾ ਸੀ —ਮੈਂ ਤਾਂ ਪਹਿਲਾਂ ਜਾਣਾ ਹੀ ਨਹੀਂ ਸੀ ਚਾਹੁੰਦੀ, ਪਰ ਫੇਰ ਮੈਂ ਪਤਾ ਨਹੀਂ ਕਿਹੜੀ ਗਲੀ ਵਿਚ ਭੱਜ ਗਈ। ਮੈਂ ਦੇਖਿਆ ਉਹ ਮੇਰੀ ਭੈਣ ਨੂੰ ਘੜੀਸ ਰਹੇ ਸੀ। ਮੈਂ ਕੁਝ ਨਹੀਂ ਸੀ ਕਰ ਸਕਦੀ। ਮੇਰੇ ਕੋਲ ਨਾ ਫੋਨ ਸੀ, ਨਾ ਹੀ ਕੋਈ ਪੈਸਾ, ਸਿਰਫ ਕਾਰ ਦੀ ਚਾਬੀ ਸੀ ਜੋ ਇਸ ਨੇ ਹੌਲੀ ਜਿਹੀ ਸੜਕ ‘ਤੇ ਗੇਰ ਦਿੱਤੀ ਸੀ। ਜਲਦੀ ਹੀ ਹਨੇਰਾ ਹੋ ਗਿਆ ਅਤੇ ਮੈਨੂੰ ਨਹੀਂ ਸੀ ਪਤਾ ਕਿ ਕਾਰ ਕਿਥੇ ਖੜੀ ਹੈ। ਮੈਂ ਆਪਣੀ ਕਾਰ ਲੱਭਦੀ ਗਲੀਆਂ ਵਿਚ ਘੁੰਮਦੀ ਰਹੀ। “ਉਹ!”
ਉਹ ਕਾਰ ਵਿਚ ਸੁੰਗੜ ਕਿ ਬੈਠ ਗਈ, ਡਰ ਅਤੇ ਠੰਡ ਨਾਲ ਕੰਬਦੀ ਹੋਈ। ਉਸ ਨੇ ਹੀ ਡਰਾਉਣੇ ਅਤੇ ਭੈੜੇ ਹਾਲਾਤ ਦਾ ਸਾਹਮਣਾ ਕੀਤਾ ਸੀ।
ਕੁਝ ਸਮੇਂ ਬਾਅਦ ਉਹ ਦੋਵੇਂ ਹੀ ਭੁੱਲ ਗਈਆਂ ਸੀ ਕਿ ਉਸ ਰਾਤ ਕੀ ਹੋਇਆ ਸੀ, ਪਰ ਇਕ ਮਾਂ ਇਹ ਕਿਵੇਂ ਭੁੱਲ ਸਕਦੀ ਹੈ? ਉਹ ਭਿਆਨਕ ਰਾਤ ਹੁਣ ਵੀ ਮੇਰੇ ਸੁਪਨਿਆਂ ‘ਚ ਆ ਕੇ ਡਰਾਉਂਦੀ ਹੈ। ਜਦੋਂ ਰਾਤ ਹੁੰਦੀ ਹੈ, ਉਹ ਡਰਾਉਣੀਆਂ ਯਾਦਾਂ ਮੇਰੇ ਜ਼ਿਹਨ ਵਿਚ ਘੁੰਮਦੀਆਂ ਹਨ, ਖ਼ਾਸਕਰ “ਵੈਲਿਨਟਾਇਨ ਡੇ” ਦੀ ਰਾਤ। ਮੈਨੂੰ ਬਹੁਤ ਹੀ ਡਰਾਉਣੇ ਸੁਪਨੇ ਆਉਂਦੇ ਨੇ, ਬਾਰ-ਬਾਰ ਡਰ ਦੇ ਮਾਰੇ ਮੇਰੀ ਨੀਂਦ ਖੁੱਲ੍ਹ ਜਾਂਦੀ ਹੈ, ਪਸੀਨੇ ਨਾਲ ਗੱਚ ਹੋ ਜਾਂਦੀ ਹਾਂ। ਮੈਨੂੰ ਜਦੋਂ ਵੀ ਉਹ ਦਿਨ ਯਾਦ ਆਉਂਦਾ ਹੈ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ‘ਲਾਲ ਗੁਲਾਬ ਦੇ ਫੁੱਲਾਂ’ ਦੀ ਮਹਿਕ ਨੁੰ ਦਰਸਾਉਂਦੇ ‘ਵੈਲਨਟਾਇਨ ਡੇ’ ਵਾਲਾ ਦਿਨ ਤਾਂ ਮੇਰੇ ਲਈ ਮੁਰਝਾਏ ਹੋਏ ਲਾਲ ਫੁੱਲ ਵਾਲਾ ਦਿਨ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਜੰਗ ਦੀ ਕਹਾਣੀ
Next articleਗਰਮੀ