(ਸਮਾਜ ਵੀਕਲੀ) 1977 ‘ਚ ਮੈਂ ਦੁਬਈ ਜਾਣ ਲਈ ਬੰਬੇ ( ਮੁੰਬਈ ) ਗਿਆ ਹੋਇਆ ਸੀ। ਏਜੰਟ ਵਲੋਂ ਰਹਿਣ ਲਈ ਦਿੱਤੀ ਗਈ ਖੋਲੀ (ਇੱਕ ਕਮਰਾ) ਚ ਅਸੀਂ ਸੱਤ – ਅੱਠ ਮੁੰਡੇ ਰਹਿ ਰਹੇ ਸੀ। ਏਜੰਟ ਦੀ ਰਿਹਾਇਸ਼ ਵੀ ਸਾਡੇ ਸਾਹਮਣੇ ਵਾਲੀ ਇਮਾਰਤ ਦੀ ਚੋਥੀ ਮੰਜ਼ਿਲ ਤੇ ਹੀ ਸੀ। ਉਸੇ ਕਮਰੇ ਚ ਅਸੀਂ ਚ ਖਾਣਾਂ ਬਣਾਇਆ ਕਰਦੇ ਸੀ। ਇੱਕ ਰਾਤ ਨੌ ਕੁ ਵਜੇ ਅਸੀਂ ਛੇ ਜਣੇਂ,ਭਾਂਡਿਆਂ ਦੀ ਕਮੀ ਕਾਰਣ, ਸਬਜ਼ੀ ਵਾਲੇ ਪਤੀਲੇ ਦੇ ਦੁਆਲੇ ਬੈਠੇ ਰੋਟੀ ਖਾ ਰਹੇ ਸੀ ਕਿ ਸਾਡੇ ਇੱਕ ਸਾਥੀ ਮਿੰਦਰ , ਸਾਹੋ ਸਾਹੀ ਹੋਇਆ, ” ਲਫੜਾ ਹੋ ਗਿਆ, ਲਫੜਾ ਹੋ ਗਿਆ, ” ਬੋਲਦਾ ਨੱਠ ਕੇ ਕਮਰੇ ਚ ਆ ਵੜਿਆ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝਦੇ, ਉਸ ਦੇ ਪਿੱਛੇ ਨੱਠੇ ਆਉਦੇ ਤਾਰੇ ਨੇ ਜੁੱਤੀ ਵਗਾਹ ਕੇ ਮਾਰੀ। ਗਨੀਮਤ ਸਮਝੋ ਕਿ ਜੁੱਤੀ ਨਾ ਤਾਂ ਕਿਸੇ ਦੇ ਲੱਗੀ, ਤੇ ਨਾ ਹੀ ਰੋਟੀ ਚ ਡਿੱਗੀ। ਫਟਾ ਫਟ ਰੋਟੀ ਇੱਕ ਪਾਸੇ ਰੱਖਦਿਆਂ ਅਸੀਂ ਦੇਖਿਆ ਕਿ ਦੋਹਾਂ ਦੀ ਸ਼ਰਾਬ ਪੀਤੀ ਹੋਈ ਸੀ।
ਮਿੰਦਰ ਕਮਰੇ ਦੇ ਅੰਦਰ ਤੇ ਤਾਰਾ ਦਰਵਾਜ਼ੇ ਤੋਂ ਬਾਹਰ, ਵਿਚਕਾਰ ਅਸੀਂ।
ਤਾਰੇ ਨੂੰ ਪੁਛਿਆ ਕਿ, ਕੀ ਹੋਇਆ ? ਤਾਂ ਉਹ ਕਹਿੰਦਾ ਕਿ ਇਸ ਨੇ ਮੈਨੂੰ ਕੁੜੀ ਦੀ ਗਾਲ੍ਹ ਕੱਢੀ ਆ। ਮਿੰਦਰ ਕਹੇ ਮੈ ਗਾਲ੍ਹ ਨਹੀਂ ਕੱਢੀ। ਜੇ ਇਹ ਕਹਿ ਰਿਹਾ ਕਿ ਮੈਂ ਗਾਲ੍ਹ ਕੱਢੀ ਹੈ ਤਾਂ ਜਿਹੋ ਜਿਹੀ ਇਸ ਦੀ ਕੁੜੀ ਉਹੋ ਜਿਹੀ ਮੇਰੀ। ਫਿਰ ਵੀ ਮੈਂ ਗਲਤੀ ਮੰਨਦਾਂ। ਮੈਂ ਤਾਰੇ ਨੂੰ ਪੁਛਿਆ ਕਿ ਠੀਕ ਹੈ? ਸ਼ਰਾਬੀ ਬੰਦਾ, ਕਹੇ ਨਹੀਂ। ਬਾਹਰ ਗਲੀ ਚ ਆ ਕੇ ਮੁਆਫ਼ੀ ਮੰਗੇ। ਮਿੰਦਰ ਸਰੀਰ ਚ ਵੀ ਤਾਰੇ ਤੋਂ ਤਕੜਾ ਸੀ ਤੇ ਉਸ ਨੇ ਸ਼ਰਾਬ ਵੀ ਘੱਟ ਪੀਤੀ ਹੋਈ ਸੀ। ਫਿਰ ਵੀ ਲੜਾਈ ਝਗੜੇ ਤੋਂ ਡਰਦਾ ਉਹ ਬਾਹਰ ਨਾ ਆਵੇ। ਕਿਸੇ ਤਰ੍ਹਾਂ ਕਹਿ ਕਹਾ ਕੇ ਅਸੀਂ ਮਿੰਦਰ ਨੂੰ ਕਮਰੇ ਚ ਬਾਹਰ ਲੈ ਆਏ,ਮਿੰਦਰ ਨੇ ਮੁਆਫ਼ੀ ਮੰਗੀ ਤਾਂ ਤਾਰਾ ਕਹਿਣ ਲੱਗਾ ਨਹੀਂ, ਹੱਥ ਜੋੜ ਕੇ ਮੁਆਫ਼ੀ ਮੰਗੇ, ਨਹੀਂ ਤਾਂ ਮੈਂ ਲੰਘਾਹ ਦੇਣਾ। ( ਮਤਲਬ, ਮਾਰ ਦੇਣਾ।) ਮਿੰਦਰ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਤਾਂ ਤਾਰਾ ਕਹੇ ਨਹੀਂ, ਚੌਂਕ ਚ ਜਾ ਕੇ ਮੁਆਫ਼ੀ ਮੰਗੇ, ਨਹੀਂ ਮੈਂ ਲੰਘਾਹ ਦੇਣਾ, ਰਾਤ ਨਹੀਂ ਟੱਪਣ ਦਿੰਦਾ ਮੈਂ।
ਜਦੋਂ ਤਾਰੇ ਦੀ ਜਿਦ ਅੱਗੇ ਸਾਡਾ ਧੀਰਜ ਵੀ ਜੁਆਬ ਦੇ ਗਿਆ ਤਾਂ ਅਸੀਂ ਮਿੰਦਰ ਨੂੰ ਇਸ਼ਾਰਾ ਕਰ ਕਰ ਦਿੱਤਾ। ਫਿਰ ਮਿੰਦਰ ਨੇ ਸੜਕ ਚ ਸੁੱਟ ਕੇ ਤਾਰੇ ਦੇ ਚੰਗਾ ਗੋਡਾ ਫੇਰਿਆ। ਚੌਥੀ ਮੰਜ਼ਿਲ ਦੀ ਗੈਲਰੀ ਚ ਪਰਿਵਾਰ ਸਮੇਤ ਖੜਾ ਸਾਡਾ ਏਜੰਟ ਸੱਭ ਦੇਖ ਰਿਹਾ ਸੀ। ਪਰ ਉਹ ਬੋਲਿਆ ਕੁਝ ਨਾ।
ਚੰਗੀ ਤਰ੍ਹਾਂ ਕੁੱਟ ਖਾ ਕੇ, ਠੰਡਾ ਜਿਹਾ ਹੋਇਆ ਤਾਰਾ, ਅੰਦਰ ਆ ਕੇ ਸੌਂ ਗਿਆ। ਪਰ ਡਰਦਾ ਹੋਇਆ ਮਿੰਦਰ, ਅਗਲੀ ਇਮਾਰਤ ਚ ਚਲਦੀ ਕਰਿਆਨੇ ਦੀ ਦੁਕਾਨ ਦੇ ਥੱੜੇ ਤੇ ਜਾ ਸੁਤਾ।
ਸਵੇਰੇ ਸਾਢੇ ਸੱਤ ਕੁ ਵਜੇ ਜਦੋਂ ਅਸੀਂ ਚਾਹ ਪੀਣ ਹੋਟਲ ਤੇ ਗਏ ਤਾਂ ਤਾਰਾ ਤੇ ਮਿੰਦਰ ਇਕੱ ਬੈਠੇ ਚਾਹ ਪੀ ਰਹੇ ਸਨ। ( ਦੁੱਧ ਬੂਥ ਤੋਂ ਸਾਨੂੰ ਦੁੱਧ ਨਾ ਮਿਲਣ ਕਾਰਨ ਅਸੀਂ ਚਾਹ ਬਾਹਰ ਪੀਂਦੇ ਸੀ।) ਅਸੀਂ ਹੈਰਾਨ, ਕਿ ਇਹ ਕੀ ਰਿਹਾ?
ਦੋ ਦਿਨ ਬਾਅਦ ਚ ਪਤਾ ਲੱਗਾ ਕਿ ਉਨ੍ਹਾਂ ਨੇ ਸ਼ਰਾਬ ਪੀਣ ਦੀ ਸ਼ਰਤ ਲਾਈ ਸੀ,ਕਿ ਜਿਸ ਦੇ ਪਹਿਲਾਂ ਹੱਥ ਖੜੇ ਹੋ ਗਏ, ਸ਼ਰਾਬ ਦੇ ਪੈਸੇ ਉਹ ਦੇਵੇ ਗਾ। ਬੰਬੇ ,ਕੋਹਲੀਬਾੜਾ ਇਲਾਕੇ ਚ, ਜਿੱਥੇ ਅਸੀਂ ਰਹਿੰਦੇ ਸੀ, ਦੇਸੀ ਸ਼ਰਾਬ ( ਬਿਉੜਾ) ਸ਼ਰੇਆਮ ਵਿਕਦੀ ਹੁੰਦੀ ਸੀ।ਤਕਰੀਬਨ ਹਰ ਤੀਸਰੇ ਘਰ ਚ ਸ਼ਰਾਬ ਦਾ ਅੱਡਾ ਹੋਇਆ ਕਰਦਾ ਸੀ।ਪੀਂਦੇ ਪੀਂਦੇ ਜਦੋਂ ਬਿੱਲ 22 ਰੁ ਤੱਕ ਪਹੁੰਚ ਗਿਆ ਤਾਂ ਇਹਨਾਂ ਨੇ ਆਪਸ ਝਗੜਾ ਕਰ ਲਿਆ ਸੀ।( ਉਨ੍ਹਾਂ ਦਿਨਾਂ ਚ ਉੱਥੇ ਦੇਸੀ ਸ਼ਰਾਬ, ” ਬਿਉੜਾ ” 4 ਰੁ ਦੀ ਬੋਤਲ ਹੋਇਆ ਕਰਦੀ ਸੀ)
ਸਵੇਰੇ ਸਾਢੇ ਚਾਰ ਕੁ ਵਜੇ, ਜਦੋਂ ਸਾਡਾ ਏਜੰਟ, ਦੁੱਧ ਦੇ ਬੂਥ ਤੋਂ ਦੁੱਧ ਲੈਣ ਹੇਠਾਂ ਉਤਰਿਆ ਤਾਂ ਉਸ ਨੇ ਕਰਿਆਨੇ ਦੀ ਦੁਕਾਨ ਦੇ ਥੱੜੇ ਤੇ ਪਏ ਤਾਰੇ ਨੂੰ ਵਾਪਸ ਪੰਜਾਬ ਚਲੇ ਜਾਣ ਨੂੰ ਕਹਿ ਦਿੱਤਾ ਸੀ। ਮਿੰਦਰ ਉਸੀ ਸਮੇਂ ਉਥੋਂ ਉਠਿਆ, ਸ਼ਰਾਬ ਦੇ ਅੱਡੇ ਤੇ ਜਾ ਕੇ ਪੈਸੇ ਦਿੱਤੇ,ਤਾਰੇ ਨੂੰ ਨਾਲ ਲੈ ਕੇ ਏਜੰਟ ਤੋਂ ਮੁਆਫ਼ੀ ਮੰਗ ਕੇ,ਮੁੜ ਦੋਸਤ ਬਣ ਗਏ ਸਨ। ਹੁਣ ਜਦੋਂ ਵੀ ਕਦੇ ਮੈਂ ਦੋ ਭਰਾਵਾਂ / ਦੋਸਤਾਂ ਨੂੰ ਆਪਸ ਬਹਿਸ ਕਰਦੇ ਜਾਂ ਝਗੜਦੇ ਦੇਖਦਾ ਹਾਂ, ਨਜ਼ਰ ਫ਼ੇਰ ਕੇ ਅੱਗੇ ਲੰਘ ਜਾਂਦਾ ਹਾਂ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



