(ਸਮਾਜ ਵੀਕਲੀ)-ਰੱਬ ਨੇ ਹਰ ਇੱਕ ਆਪਣੀ ਬਣਾਈ ਚੀਜ਼ ਵਿੱਚ ਕਲਾ ਪਾਈ ਹੈ। ਕੁਦਰਤ ਦਾ ਹਰ ਇੱਕ ਰੰਗ ਸਾਨੂੰ ਸੁਨੇਹਾ ਦਿੰਦਾ ਹੈ । ਸਾਰੀ ਕਾਇਨਾਤ ਸਾਨੂੰ ਇੱਕ ਸਿੱਖਿਆ ਦਿੰਦੀ ਹੈ।
ਕੁਦਰਤ ਦੀ ਦਿੱਤੀ ਸਿੱਖਿਆ ਸਾਨੂੰ ਕਿਸੇ ਦਾ ਵਿਰੋਧ ਕਰਨਾ ਨਹੀਂ ਸਿਖਾਉਂਦੀ ਸਗੋਂ ਸਾਨੂੰ ਆਤਮ-ਨਿਰਭਰਤਾ, ਪਿਆਰ ਅਤੇ ਅੱਗੇ ਵਧਣ ਦਾ ਸੁਨੇਹਾ ਦਿੰਦੀ ਹੈ ।
ਰੱਬ ਨੇ ਵਨਸਪਤੀ ਬਣਾਈ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਫ਼ੁੱਲ ਬੂਟੇ, ਪਹਾੜ, ਨਦੀਆਂ, ਸਮੁੰਦਰ, ਜੰਗਲ ,ਜੀਵ ਜੰਤੂ ਕਦੇ ਧਿਆਨ ਨਾਲ ਦੇਖਿਉ ਕਿ ਫੁੱਲ- ਬੂਟੇ ਜਾਂ ਕੁਦਰਤ ਦੁਆਰਾ ਹੋਰ ਸਾਜੀਆਂ ਚੀਜ਼ਾਂ ਸਾਨੂੰ ਕੋਈ ਨਾ ਕੋਈ ਸੁਨੇਹਾ ਜਰੂਰ ਦਿੰਦੀਆਂ ਹਨ।
ਧਿਆਨ ਨਾਲ ਦੇਖਿਉ ਕਿ ਫੁੱਲ ਸਾਨੂੰ ਜ਼ਿੰਦਗੀ ਵਿੱਚ ਰੰਗ ਬਖੇਰਨ ਨੂੰ ਆਖਦਾ ਹੈ। ਫੁੱਲ ਸਿਖਾਉਂਦਾ ਹੈ ਕਿ ਜੀਵਨ ਵਿੱਚ ਦੁੱਖ ਆਵੇ ਜਾਂ ਸੁੱਖ ਹਮੇਸ਼ਾ ਫੁੱਲਾਂ ਦੇ ਰੰਗਾਂ ਵਾਂਗੂੰ ਖਿੜੇ ਰਹੋ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹੋ। ਭਾਵੇਂ ਅਸੀਂ ਫੁੱਲ ਨੂੰ ਤੋੜ ਵੀ ਲੈਂਦੇ ਹਾਂ, ਪਰ ਫਿਰ ਉਹ ਕਿਹੜਾ ਸਾਡੇ ਨਾਲ ਗੁੱਸੇ ਹੋ ਜਾਂਦੇ ਹਨ। ਟਾਹਣੀ ਨਾਲੋਂ ਟੁੱਟ ਕੇ ਵੀ ਖੁਸ਼ਬੂ ਬਖੇਰਦੇ ਹਨ ।
ਨਦੀਆਂ ਦੱਸਦੀਆਂ ਹਨ ਕਿ ਕਿਵੇਂ ਕਾਇਦੇ ਕਾਨੂੰਨ ਵਿੱਚ ਰਹਿ ਕੇ ਤੁਰਨਾ ਕਿਵੇਂ ਨਦੀਆਂ ਦਾ ਪਾਣੀ ਬੰਨ੍ਹ ਤੋਂ ਬਾਹਰ ਨਹੀਂ ਨਿਕਲਦਾ । ਜਿਸ ਦਿਨ ਪਾਣੀ ਇਹ ਬੰਨ੍ਹ ਤੋੜ ਕੇ ਬਾਹਰ ਨਿਕਲ ਗਿਆ ਤਾਂ ਫਿਰ ਤਬਾਹੀ ਮਚਾ ਦਿੰਦਾ ਹੈ । ਨਦੀਆਂ ਕੇ ਸੁਖਾਉਂਦੀਆਂ ਹਨ ਜੇ ਨਿਯਮ ਨਾਲ ਨਾ ਚੱਲੇ ਤਾਂ ਆਪਾਂ ਆਪਣੀ ਹੋਂਦ ਖ਼ਤਮ ਕਰਾਂਗੇ ਨਾਲ ਹੋਰਾਂ ਦੀ ਹੋਂਦ ਨੂੰ ਵੀ ਖ਼ਤਮ ਕਰ ਦੇਵਾਂਗੇ । ਕਿਉਂਕਿ ਕਿ ਜਦੋਂ ਤੱਕ ਨਦੀ ਆਪਣੇ ਨਿਯਮ ਵਿੱਚ ਚਲਦੀ ਹੈ, ਉਦੋਂ ਤੱਕ ਨਦੀ ਹੈ ,ਪਰ ਜਦੋਂ ਨਦੀ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਹੋ ਗਿਆ ਤਾਂ ਨਦੀ ਨਹੀਂ ਰਹਿੰਦੀ ਢਾਬ ਦਾ ਰੂਪ ਧਾਰਨ ਕਰ ਲੈਂਦੀ ਹੈ।
ਧੂੰਏਂ ਤੋਂ ਸਿੱਖੋ ਉੱਚੀ ਸੋਚ ਰੱਖਣੀ ਤੇ ਉੱਚਾ ਉੱਡਣਾ ਕਿਵੇਂ ਧਰਤੀ ‘ਤੇ ਅੱਗ ਲੱਗੀ ਹੋਵੇ ਧੂੰਆਂ ਆਸਮਾਨ ਨੂੰ ਛੂਹ ਜਾਂਦਾ ਹੈ । ਸਾਨੂੰ ਧੂਏਂ ਤੋਂ ਇਹ ਸਿੱਖਣ ਨੂੰ ਮਿਲਦਾ ਹੈ,ਕੇ ਆਪਣੀ ਹੋਂਦ ਨੂੰ ਧਰਤੀ ਨਾਲ ਜੋੜ ਕੇ ਰੱਖਣ ਨਾਲ ਅਤੇ ਉੱਚੀ ਸੋਚ ਰੱਖਣ ਨਾਲ ਕਾਮਯਾਬੀ ਜਰੂਰ ਮਿਲੇਗੀ ।
ਪਰਬਤ ਸਾਨੂੰ ਇਹ ਸਮਝਾਉਂਦੇ ਹਨ, ਕਿ ਜੇ ਅਸੀਂ ਸਮਾਜ ਵਿੱਚ ਉੱਚਾ ਰੁੱਤਬਾ ਰੱਖਦੇ ਹਾਂ, ਤਾਂ ਹੰਕਾਰ ਨਾ ਕਰੋ । ਆਪਣੀ ਸੋਚ ਉੱਚੀ ਰੱਖੋ ਪਰ ਧਰਤੀ ਨੂੰ ਨਾ ਭੁੱਲੋ। ਜਿਸ ਨੇ ਤੁਹਾਨੂੰ ਬੁਲੰਦੀਆਂ ਤੱਕ ਲਿਜਾਣ ਦੀ ਮਦਦ ਕੀਤੀ ਹੈ ।
ਕੁਦਰਤ ਨੇ ਸਾਨੂੰ ਤਾਰਿਆਂ ਰਾਹੀਂ ਸੁਨੇਹਾ ਘੱਲਿਆ ਕੇ ਹਮੇਸ਼ਾ ਚਮਕਦੇ ਰਹੋ । ਭਾਵੇਂ ਤੁਹਾਡਾ ਕੋਈ ਸਾਥ ਦੇਵੇ ਜਾਂ ਨਾ ਦੇਵੇ । ਕਿਸੇ ਵੀ ਰਿਸ਼ਤੇ ਦੇ ਟੁੱਟ ਜਾਣ ਨਾਲ ਆਪਣੇ ਜੀਵਨ ਨੂੰ ਹਨੇਰੇ ਵਿੱਚ ਨਾ ਰੱਖੋ ਸਗੋਂ ਕੁਦਰਤ ਦੇ ਨਿਯਮ ਦੀ ਪਾਲਣਾ ਕਰਦੇ ਰਹੋ।
ਸੂਰਜ ਅਤੇ ਚੰਨ ਜਿਵੇਂ ਆਪਣੇ ਸਮੇਂ ਤੇ ਚੜ੍ਹਦੇ ਤੇ ਛਿਪਦੇ ਹਨ, ਸਾਨੂੰ ਇਹ ਸਮਝਾਉਂਦੇ ਹਨ ,ਕਿ ਜੋ ਇਨਸਾਨ ਆਪਣੇ ਸਮੇਂ ਦਾ ਪਾਬੰਦ ਨਹੀਂ ਉਹ ਤਰੱਕੀ ਨਹੀਂ ਕਰ ਸਕਦਾ ।
ਧਰਤੀ ਉੱਤੇ ਉੱਗਿਆ ਘਾਹ ਸਾਨੂੰ ਨਿਮਰਤਾ ਵਿੱਚ ਰਹਿਣਾ ਸਿਖਾਉਂਦਾ ਹੈ। ਚਾਹੇ ਮੀਂਹ ਹਨੇਰੀ ਆ ਜਾਵੇ ਉਹ ਆਪਣੇ ਸਥਾਨ ‘ਤੇ ਕਾਇਮ ਰਹਿੰਦਾ ਹੈ ।
ਸੋ ਸਾਨੂੰ ਰੱਬ ਦੀ ਬਣਾਈ ਹਰ ਇੱਕ ਕਲਾ ਸਕਾਰਾਤਮਿਕ ਸੋਚ ਅਗਾਂਹ ਵਧਣ ਦਾ ਸੁਨੇਹਾ ਦਿੰਦੀ ਹੈ ।ਕਿਉ ਨਾ ਅਸੀਂ ਸਾਰੇ ਕੁਦਰਤ ਦੀ ਸੋਚ ਅਨੁਸਾਰ ਆਪਣਾ ਜੀਵਨ ਬਸਰ ਕਰੀਏ ।
ਸਰਵਜੀਤ ਕੌਰ ਪਨਾਗ
ਸਲਾਣਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly