(ਸਮਾਜ ਵੀਕਲੀ) ਚੱਕ ਲੋ ਰੱਬ ਦਾ ਨਾਂ ਲੈ ਕੇ ਰੰਨ ਬੋਤਲ ਵਰਗੀ ਜਾਂ ਫਿਰ ਕੱਢਦੂ ਤੇਰੀਆਂ ਰੜਕਾਂ ਬਾਪੂ ਦਾ ਖੂੰਡਾ ਕੋਠਿਆਂ ਦੇ ਬਨੇਰਿਆਂ ਤੇ ਵੱਜਣ ਵਾਲੇ ਇਨ੍ਹਾਂ ਗੀਤਾਂ ਦਾ ਵੀ ਇਕ ਸਮਾਂ ਹੁੰਦਾ ਸੀ ਜਾਂ ਫਿਰ ਕਹਿ ਦਈਏ ਕਿ ਇਹ ਗੀਤ ਵੀ ਕਿਸੇ ਸਮੇਂ ਦਿਲਾਂ ਤੇ ਬਾਦਸ਼ਾਹੀ ਕਰਿਆ ਕਰਦੇ ਸੀ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਅਜੋਕੇ ਦੌਰ ਵਾਂਗ ਲੋਕਾਂ ਕੋਲ ਮਨੋਰੰਜਨ ਦੇ ਬੇਅੰਤ ਸਾਧਨ ਨਹੀਂ ਸਨ। ਖਵਾਹਿਸ਼ਾਂ ਭਰੀ ਜ਼ਿੰਦਗੀ ਤੋਂ ਕੋਹਾਂ ਦੂਰ ਰਹਿਣ ਵਾਲੇ ਇਹ ਸਾਧਾਰਨ ਜਿਹੇ ਲੋਕ ਆਪਣੀ ਸਾਦਗੀ ਭਰਪੂਰ ਜ਼ਿੰਦਗੀ ਦਾ ਖੂਬ ਆਨੰਦ ਮਾਣਦੇ। ਮੇਲਿਆਂ ਤੇ ਅਖਾੜਿਆਂ ਦੇ ਰਾਹੀਂ ਆਪਣੀ ਜ਼ਿੰਦਗੀ ਦਾ ਮਨੋਰੰਜਨ ਕਰਨ ਵਾਲੇ ਇਹ ਲੋਕ ਆਪਣੇ ਪਰਿਵਾਰਿਕ ਰਿਸਤਿਆਂ ਦੀ ਸਾਂਝ (ਕਦਰ ਕੀਮਤਾਂ) ਤੋਂ ਚੰਗੀ ਤਰ੍ਹਾਂ ਜਾਣੂ ਸਨ ਤੇ ਇਹ ਗੀਤ ਇਨ੍ਹਾਂ ਰਿਸ਼ਤਿਆਂ ਦੀ ਮਹੱਤਤਾ ਨੂੰ ਦਰਸਾਉਂਦੇ ਸਨ।ਆਪਣੇ ਗੀਤਾਂ ਦੇ ਜ਼ਰੀਏ ਇਨ੍ਹਾਂ ਰਿਸ਼ਤਿਆਂ ਦੀ ਬਾਖੂਬੀ ਨਾਲ ਤਸਵੀਰ ਪੇਸ਼ ਕਰਨ ਵਾਲਾ ਕਰਤਾਰ ਰਮਲਾ ਪੰਜਾਬੀ ਗਾਇਕੀ ਦਾ ਸਭ ਤੋਂ ਮੋਹਰੀ ਕਲਾਕਾਰ ਰਿਹਾ ਹੈ ਜਿਵੇਂ ਕਿ :-ਮੋੜੀ ਬਾਬਾ ਡਾਂਗ ਵਾਲਿਆ,ਮੇਰੀ ਰੁੱਸ ਗਈ ਝਾਂਜਰਾਂ ਵਾਲੀ।
ਸੰਗੀਤ ਦੇ ਖੇਤਰ ਵਿਚ ਦੋਗਾਣਾ ਗਾਇਕੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਣ ਵਾਲਾ ਕਰਤਾਰ ਰਮਲਾ ਦਾ ਨਾਂ ਪਿਛਲੇ ਪੰਜ-ਛੇ ਦਹਾਕਿਆਂ ਤੋਂ ਆਪਣੀ ਵੱਖਰੀ ਛਾਪ ਛੱਡਦਾ ਆ ਰਿਹਾ ਹੈ। ਦੋਗਾਣਿਆਂ ਦੇ ਇਸ ਬਾਦਸ਼ਾਹ ਕਲਾਕਾਰ ਦਾ ਜਨਮ ਪਾਕਿਸਤਾਨ ਚ ਪੈਂਦੇ ਪਿੰਡ ਹੁੰਦਾਲ ਚ ਰਹਿਣ ਵਾਲੇ ਪਿਤਾ ਗਿਆਨੀ ਪਿਆਰਾ ਸਿੰਘ ਤੇ ਮਾਤਾ ਸ੍ਰੀਮਤੀ ਕਰਮ ਕੌਰ ਦੇ ਘਰ 1947 ਨੂੰ ਹੋਇਆ। ਭਾਰਤ ਪਾਕਿਸਤਾਨ ਦੀ ਵੰਡ ਦੇ ਦੁਖਾਂਤ ਵੇਲੇ ਕਰਤਾਰ ਰਮਲੇ ਦੇ ਪਿਤਾ ਗਿਆਨੀ ਪਿਆਰਾ ਸਿੰਘ ਆਪਣੇ ਪਰਿਵਾਰ ਸਮੇਤ ਫ਼ਰੀਦਕੋਟ ਸ਼ਰਣਾਰਥੀ ਕੈਂਪ ਆ ਗਏ ਤੇ ਬਾਅਦ ਵਿਚ ਇੱਥੇ ਹੀ ਬਲਬੀਰ ਬਸਤੀ ਚ ਰਹਿਣ ਲੱਗੇ। ਬਚਪਨ ਬਤੀਤ ਕਰਦਿਆ ਕਰਤਾਰ ਰਮਲੇ ਨੇ ਬਰਜਿੰਦਰਾ ਕਾਲਜ ਦੇ ਨਾਲ ਲੱਗਦੇ ਬਲਬੀਰ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਨ੍ਹਾਂ ਦੇ ਪਿਤਾ ਕਿਸਾਨੀ ਕਿੱਤੇ ਦੇ ਨਾਲ ਨਾਲ ਸੰਗੀਤ ਦੀ ਵੀ ਮੁਹਾਰਤ ਰੱਖਦੇ ਸਨ।ਇਸ ਲਈ ਘਰ ਵਿਚੋਂ ਹੀ ਪਿਤਾ ਜੀ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਦਿਆਂ ਸਮੇਂ ਬਾਲ ਕਰਤਾਰ ਰਮਲੇ ਨੇ ਸਕੂਲ ਦੇ ਸਮਾਗਮਾਂ ਅਤੇ ਗੁਰੂਘਰਾਂ ’ਵਿਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਤੇ ਗੀਤ ਗਾਉਣਾ ਆਰੰਭ ਕੀਤਾ ਜਿਸ ਨਾਲ ਉਸਦਾ ਅੰਦਰਲਾ ਝਾਕਾ ਖੁੱਲ੍ਹ ਗਿਆ।ਇਨ੍ਹਾਂ ਦੇ ਪਿਤਾ ਖੇਤੀ ਦੇ ਕੰਮ ਨਾਲ ਜੋੜਨਾ ਚਾਹੁੰਦੇ ਸਨ ਪਰ ਮਨ ਵਿਚ ਲੱਗੀ ਉੱਚ ਚੋਟੀ ਦੇ ਗਾਇਕ ਬਣ ਦੀ ਚਿਣਗ ਨੇ ਇਸ ਨੂੰ ਟਿਕਣ ਨਾ ਦਿੱਤਾ।ਲੰਮੇ ਸੰਘਰਸ਼ ਤੋਂ ਬਾਅਦ ਕਰਤਾਰ ਰਮਲੇ ਨੇ ਪੰਜਾਬੀ ਗਾਇਕੀ ਦੇ ਦਰਵੇਸ਼ ਉਸਤਾਦ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਜੀ ਤੂੰਬੀ ਦੇ ਨਾਲ ਨਾਲ ਸੰਗੀਤ ਦੀ ਬਰੀਕੀਆਂ ਦੇ ਗੁਰ ਵੀ ਸਿੱਖੇ। ਸੰਗੀਤ ਦੀ ਸਿੱਖਿਆ ਗ੍ਰਹਿਣ ਕਰਦਿਆਂ ਸਮੇਂ ਕਰਤਾਰ ਰਮਲੇ ਨੇ ਗਾਇਕੀ ਦੇ ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਤੇ ਰਾਜਿੰਦਰ ਰਾਜਨ ਨਾਲ ਸਟੇਜਾਂ ’ਤੇ ਜਾਣਾ ਸ਼ੁਰੂ ਕੀਤਾ। ਜਿੱਥੇ ਸਮਾਂ ਮਿਲਣ ਤੇ ਉਹ ਡਾ. ਸੁਰਜੀਤ ਸਿੰਘ ਗਿੱਲ (ਘੋਲੀਆ) ਦੇ ਲਿਖੇ ਗੀਤ ”ਇਹ ਜੋਬਨ ਵੇਖਿਆ ਨਹੀਂ ਮੁੱਕਦਾ’ ਅਤੇ ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ “ਗਾ ਲੈਂਦਾ । ਇਹ ਗੀਤ ਉਸਦੇ ਪਸੰਦੀ ਦੇ ਗੀਤ ਸਨ। ਮੁਹੰਮਦ ਸਦੀਕ ਤੋਂ ਇਲਾਵਾ ਇਹ ਸਮੇਂ ਹੋਰ ਵੀ ਮਸ਼ਹੂਰ ਕਲਾਕਾਰ ਜਿਵੇਂ ਕਿ ਦੀਦਾਰ ਸੰਧੂ, ਨਰਿੰਦਰ ਬੀਬਾ,ਕੋ.ਦੀਪ.ਜਗਮੋਹਣ ਕੌਰ ਤੇ ਪੰਮੀ ਪੋਲੀ ਵਰਗਿਆਂ ਨਾਲ ਸਟੇਜ ਤੇ ਜਾਂਦਾ ਰਿਹਾ।
ਕਲਾ ਦੇ ਅਥਾਹ ਸਮੁੰਦਰ ਜਨਾਬ ਜਸਵੰਤ ਭੰਵਰਾ ਜੀ ਨੇ ਇਸ ਦੀ ਪਰਖ਼ ਕਰਦਿਆ ਐਚ.ਐਮ.ਵੀ.ਕੰਪਨੀ ਵਿਚ ਰਿਕਾਰਡ ਕਰਵਾਇਆ। ਸੰਗੀਤ ਦੇ ਖੇਤਰ ਵਿਚ ਇਹ ਸਭ ਤੋਂ ਛੋਟੀ ਉਮਰ ਦਾ ਪਹਿਲਾਂ ਕਲਾਕਾਰ ਸੀ ਜਿਸ ਦੀ ਇੰਡੀਆ ਵਿਚ ਬ੍ਰੈਡ ਮਾਸਟਰ ਮੰਨੀ ਜਾਣ ਵਾਲੀ ਐਂਚ. ਐਮ. ਵੀ. ਮਿਊਜ਼ਿਕ ਕੰਪਨੀ ਵਿਚ ਰਿਕਾਰਡਿੰਗ ਹੋਈ। ਸ਼ੁਰੂ ਸ਼ੁਰੂ ਵਿਚ ਉਸਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਲਿਖੇ ਸੋਲੋ ਗੀਤ ਜਿਵੇਂ ਕਿ:- ਤੇਰੇ ਪਿੱਛੇ ਹੋਇਆ ਬਦਨਾਮ ਗੋਰੀਏ,ਤੂੰ ਆਉਣ ਦਾ ਕਰਾਰ ਭੁੱਲ ਗਈ, ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ,ਬੱਲੇ ਬੱਲੇ ਸਈਓ ਨੀਂ ਮੇਰਾ ਦਿਲ ਧੜਕੇ,ਤੇਰੀਆਂ ਮੈਂ ਲੱਖ ਮੰਨੀਆਂ ਮੇਰੀ ਇਕ ਜੇ ਮੰਨੇ ਤਾਂ ਜਾਣਾ ਆਦਿ ਗਾਏ। ਕਰਤਾਰ ਰਮਲੇ ਦੀ ਸਭ ਤੋਂ ਪਹਿਲਾਂ ਦੋਗਾਣੇ ਗੀਤਾਂ ਦੀ ਰਿਕਾਰਡਿੰਗ 1966 ਵਿਚ ਪ੍ਰਸਿੱਧ ਗਾਇਕਾ ਰਾਜਿੰਦਰ ਰਾਜਨ ਨਾਲ ਪੱਥਰ ਦੇ ਰਿਕਾਰਡਾਂ ਵਿਚ ਆਈ।ਜੋਂ ਕਰਤਾਰ ਰਮਲੇ ਨੂੰ ਉਭਰਦੇ ਹੋਏ ਗਾਇਕ ਵਜੋਂ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਏ। ਹਰਿਆਣਾ ਚ ਪੈਂਦੇ ਜ਼ਿਲ੍ਹਾ ਹਿਸਾਰ ਦੇ ਪਿੰਡ ਬਬੜਾਨ ਦੀ ਜੰਮਪਲ ਪ੍ਰਸਿੱਧ ਪੰਜਾਬੀ ਗਾਇਕਾ ਸੁਖਵੰਤ ਸੁੱਖੀ ਨਾਲ ਦੋਗਾਣਾ ”ਚੱਕ ਲੋ ਰੱਬ ਦਾ ਨਾਂ ਲੈ ਕੇ ਰੰਨ ਬੋਤਲ ਵਰਗੀ” ਰਿਕਾਰਡ ਹੋਣ ਤੋਂ ਉਸਦੀ ਅਸਲ ਪਛਾਣ ਬਣੀ। ਇਹ ਗੀਤ ਇਨ੍ਹਾਂ ਜ਼ਿਆਦਾ ਚੱਲਿਆ ਕਿ ਕਰਤਾਰ ਰਮਲਾ ਦਾ ਨਾਂ ਦਿਨਾਂ ਵਿਚ ਹੀ ਸੁਪ੍ਰਸਿੱਧ ਗਾਇਕ ਵਜੋ ਜਾਣਿਆ ਜਾਣ ਲੱਗਾ। ਇਸ ਤੋਂ ਬਾਅਦ ਰਮਲਾ ਤੇ ਸੁਖਵੰਤ ਸੁੱਖੀ ਨਾਲ ਹੋਰ ਵੀ ਅਨੇਕਾਂ ਦੋਗਾਣੇ ਰਿਕਾਰਡ ਹੋਏ ਜਿਵੇਂ ਕਿ:-ਮੋੜੀ ਬਾਬਾ ਡਾਂਗ ਵਾਲਿਆ, ਪੱਟੂ ਚਾਰ ਪੰਜ ਕੁੜੀਆਂ ਫਸਾਈ ਫਿਰਦਾ,ਭੰਨ ਕੇ ਟੱਰਕ ਬਹਿ ਗਿਆ, ਕੁੱਤੇ ਭੌਂਕਦੇ ਦੇ ਟਟੀਰੀ ਬੋਲੇ,ਵੇ ਤੂੰ 70 ਦਾ, ਜੀਜਾ ਸਾਲੀ ਤੇ, ਜੈਤੋ ਵਾਲੇ ਫਾਟਕ, ਸਾਧ ਦੇ ਡੇਰੇ, ਕਹਿੰਦੀ ਮੇਰਾ ਸਿਰ ਦੁਖਦਾ,ਕੱਚ ਦੇ ਗਿਲਾਸ ਵਰਗੀ, ਭੁੱਲਗੀ ਮਿੱਤਰਾਂ ਨੂੰ, ਪੀਂਘਾਂ ਸਾਉਣ ਮਹੀਨੇ ਪਾਵਾਂਗੇ,ਖੂਹ ਤੋਂ ਪਾਣੀ ਭਰੇ ਰਕਾਨੇ ਤੁੱਕੇ ਝਾੜ ਝਾੜ ਬੱਕਰੀ ਨੂੰ ਪਾਵਾਗੇ, ਸੂਈ ਦੇ ਨਿਖਾਰੇ ਥਾਣੀਂ ਮੇਲਣ ਬਣਕੇ ਜਾਣਾ, ਯਾਰਾਂ ਦੀ ਬੋਤਲ ਦਾ, ਮਿੱਤਰਾਂ ਦੇ ਦਿਲ ਲੱਗ ਗਈ, ਮੈ ਆਸਕ ਚੋਟੀ ਦਾ,ਉਸਾਰੀ ਰਾਤ ਨਾ ਬੱਲਬ,ਤੇਰੀ ਮੇਰੀ ਗੱਲ ਬਣਜੇ ਵਰਗੇ ਅਨੇਕਾਂ ਹੋਰ ਗੀਤ ਜਿਨ੍ਹਾਂ ਨੂੰ ਹਰ ਵਰਗ ਦੇ ਸਰੋਤਿਆਂ ਵਲੋਂ ਰੱਜਵਾਂਂ ਪਿਆਰ ਦਿੱਤਾ ਗਿਆ।ਪਰਿਵਾਰਿਕ ਰਿਸਤਿਆਂ ਦੀ ਨੋਕ ਝੋਕ ਕਰਨ ਵਾਲੇ ਕਰਤਾਰ ਰਮਲੇ ਦੇ ਕੁਝ ਦੋਗਾਣਿਆਂ ਨੂੰ ਕਈ ਵਿਦਵਾਨ ਲੋਕਾਂ ਵਲੋਂ ਅਸ਼ਲੀਲਤਾ ਕਹਿ ਕੇ ਨਕਾਰਿਆ ਗਿਆ ਜੋਂ ਕਿ ਪੇਂਡੂ ਸੱਭਿਆਚਾਰ ਦੇ ਇੱਕ ਨਿੱਖੜਵੇ ਅੰਗ ਦੀ ਤਰਜਮਾਨੀ ਕਰਦੇ ਹਨ।
ਸੰਨ 1983 ਵਿਚ ਕਰਤਾਰ ਰਮਲੇ ਨੇ ਸੁਖਵੰਤ ਕੌਰ ਸੁੱਖੀ ਨਾਲ ਜੋੜੀ ਟੁੱਟਣ ਤੋਂ ਬਾਅਦ ਸੰਗੀਤ ਦੀਆਂ ਨਾਮਵਰ ਗਾਇਕਾਵਾਂ ਹਰਨੀਤ ਨੀਤੂ, ਕੁਲਦੀਪ ਕੌਰ, ਮਨਜੀਤ ਮਾਨ, ਪਰਮਜੀਤ ਸੰਧੂ,ਊਸ਼ਾ ਕਿਰਨ ਤੇਜਵੀਰ ਰਾਜੂ ਤੇ ਨਵਜੋਤ ਰਾਣੀ ਵਰਗੀਆਂ ਨਾਲ ਗਾਇਆ ਤੇ ਬਾਅਦ ਵਿਚ ਪਰਮਜੀਤ ਸੰਧੂ ਨਾਲ ਸੈੱਟ ਬਣਾ ਕੇ ਉਸ ਨਾਲ ਦੂਜਾ ਵਿਆਹ ਕਰਵਾ ਲਿਆ। ਗਾਇਕੀ ਦੇ ਸਫ਼ਰ ਵਿਚ ਰਮਲੇ ਨਾਲ ਵੱਖ ਵੱਖ ਗਾਇਕਾਵਾਂ ਦੀ ਜੋੜੀ ਬਣਦੀ ਗਈ ਤੇ ਟੁੱਟਦੀ ਰਹੀ ਪਰ ਰਮਲੇ ਨੇ ਆਪਣੀ ਪਤਨੀ ਪਰਮਜੀਤ ਸੰਧੂ ਨਾਲ ਬੜਾ ਲੰਮਾ ਸਮਾਂ ਗਾਇਆ। ਰਿਕਾਰਡਾਂ ਦੇ ਯੁੱਗ ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਕਰਤਾਰ ਰਮਲੇ ਨੇ ਕੈਸਟਾਂ/ਸੀਡੀਆਂ ਦੇ ਦੌਰ ਵਿਚੋਂ ਗੁਜ਼ਰਦਿਆਂ ਹੋਇਆ ਸਿੰਗਲ ਟ੍ਰੈਕ ਦੇ ਯੁੱਗ ਵਿਚ ਵੀ ਆਪਣੀ ਗਾਇਕੀ ਨੂੰ ਬਰਕਰਾਰ ਰੱਖਿਆ। ਸੈਂਕੜਿਆਂ ਦੇ ਹਿਸਾਬ ਨਾਲ ਦੋਗਾਣੇ/ਗੀਤ ਰਿਕਾਰਡ ਕਰਵਾਉਣ ਵਾਲੇ ਕਰਤਾਰ ਰਮਲੇ ਨੇ ਇਕ ਵਾਰੀ ਫਿਰ ਪ੍ਰਸਿੱਧ ਗਾਇਕਾ ਮਨਜੀਤ ਕੌਰ ਨਾਲ ”ਸੁਪਨਾ ਹੋ ਗਈ ਪਾਲੀਏ” ਨਾਂ ਦਾ ਦੋਗਾਣਾ ਰਿਕਾਰਡ ਕਰਵਾਕੇ ਸੰਗੀਤ ਇੰਡਸਟਰੀ ਵਿਚ ਨਵੇਂ ਯੁੱਗ ਦੇ ਸਰੋਤਿਆਂ ਨੂੰ ਵੀ ਆਪਣੀ ਗਾਇਕੀ ਦੀ ਚੜ੍ਹਤ ਦਾ ਸਬੂਤ ਦਿੱਤਾ। ਪੰਜਾਬੀ ਗਾਇਕੀ ਦੇ ਯੁੱਗ ਗਾਇਕ ਕਰਤਾਰ ਰਮਲੇ ਨੇ ਆਪਣੇ ਗੀਤਾਂ ਤੇ ਖੁੱਲ੍ਹੇ ਅਖਾੜਿਆਂ ਦੇ ਵਿਚ ਪੰਜਾਬ ਦੇ ਬਿਰਤਾਂਤ ਨੂੰ ਗੀਤਾਂ ਦਾ ਵਿਸ਼ਾ ਵਸਤੂ ਬਣਾ ਕੇ ਸਮਾਜ ਨੂੰ ਸੂਚੇਤ ਕੀਤਾ। ਦੋਗਾਣੇ,ਸੋਲੋ ਤੇ ਧਾਰਮਿਕ ਗੀਤ ਗਾਉਣ ਵਾਲੇ ਕਰਤਾਰ ਰਮਲੇ ਨੇ ਕੁਝ ਕੁਝ ਪੰਜਾਬੀ ਫ਼ਿਲਮਾਂ ਦੇ ਗੀਤਾਂ ਵਿਚ ਵੀ ਆਪਣੀ ਆਵਾਜ਼ ਦਿੱਤੀ। ਕਰਤਾਰ ਰਮਲਾ ਪੰਜਾਬੀ ਗਾਇਕੀ ਦਾ ਇਕ ਅਜਿਹਾ ਫ਼ਨਕਾਰ ਹੋਇਆ ਹੈ ਜਿਸ ਨੇ ਆਪਣੇ ਗੀਤ ਤੋਂ ਪਹਿਲਾਂ ਸ਼ੇਅਰ ਬੋਲਣ ਦੀ ਪਿਰਤ ਨੂੰ ਕਾਇਮ ਕੀਤਾ ਉਸਦੀ ਇਸ ਕਲਾ ਦਾ ਅੱਜ ਤੱਕ ਕੋਈ ਵੀ ਸਾਨੀ ਨਹੀਂ। ਕਰਤਾਰ ਰਮਲਾ ਗਾਇਕੀ ਦੀਆਂ ਸਿਖਰਾਂ ਤੇ ਪਹੁੰਚ ਕੇ ਵੀ ਆਪਣੇ ਸੀਨੀਅਰ ਕਲਾਕਾਰਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦਾ ਰਿਹਾ ਜਿਵੇਂ ਕਿ ਮੁਹੰਮਦ ਸਦੀਕ ਨੂੰ ਪੱਗ ਬੰਨਣ ਸਿਖਾਉਣਾ ਤੇ ਕੁਲਦੀਪ ਮਾਣਕ ਨੂੰ ਦਿਲੋਂ ਮੋਹ ਕਰਨ ਵਾਲਾ ਮਾਣਕ ਦਾ ਪੱਕ ਯਾਰ। ਸੰਗੀਤ ਦੀ ਅੱਧੀ ਸਦੀ ਹੰਢਾਉਣ ਵਾਲੇ ਕਰਤਾਰ ਰਮਲੇ ਨੇ ਪੰਜਾਬ ਦੀਆਂ ਨਾਮਵਰ ਕਲਮਾਂ ਜਿਵੇਂ ਕਿ :-ਬਾਬੂ ਸਿੰਘ ਮਾਨ ਮਰਾੜਾਂਵਾਲਾ, ਹੇਮ ਰਾਜ ਬਾਲੀਆਂ ਵਾਲਾ, ਮਿਰਜ਼ਾ ਸੰਗੋਵਾਲੀਆ, ਅਜਮੇਰ ਘਰਾਚੋਂ, ਬਿੱਕਰ ਮਹਿਰਾਜ, ਡਾ. ਸੁਰਜੀਤ ਸਿੰਘ ਘੋਲੀਆ, ਕਰਮ ਸਿੰਘ ਭੱਟੀ, ਬਚਿੱਤਰ ਅਨਪੜ੍ਹ, ਬਾਂਸਲ ਬਾਪਲੇਵਾਲਾ, ਪਾਲੀ ਦੇਤਵਾਲੀਆ, ਬਲਵੀਰ ਲਹਿਰੇ ਵਾਲਾ, ਧਰਮ ਕੰਮੇਆਣਾ, ਤੇਜਾ ਭੁੱਟੇ ਵਾਲਾ ਤੇ ਗਾਮੀ ਸੰਗਤਪੁਰੀਆ ਵਰਗੀਆਂ ਨੂੰ ਗਾ ਕੇ ਆਪਣੀ ਗਾਇਕੀ ਦਾ ਇਕ ਵੱਖਰਾ ਇਤਿਹਾਸ ਸਿਰਜਿਆ । ਸ਼ੋਹਰਤ ਦੇ ਨਾਲ ਨਾਲ ਯਾਰੀਆਂ ਕਮਾਉਣ ਵਾਲਾ ਕਰਤਾਰ ਰਮਲਾ ਕਰੋਨਾ ਕਾਲ ਦੇ ਸਮੇਂ ਹਾਰਟ ਐਟਕ ਆਉਣ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਭਾਵੇਂ ਦੋਗਾਣਿਆਂ ਦਾ ਇਹ ਬਾਦਸ਼ਾਹ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੁਆਰਾ ਸਿਰਜਿਆ ਦੋਗਾਣਾ ਗਾਇਕੀ ਦਾ ਇਤਿਹਾਸ ਹਮੇਸ਼ਾ ਹੀ ਸੰਗੀਤ ਦੇ ਖੇਤਰ ਵਿਚ ਉਸਦੀ ਮੌਜੂਦਗੀ ਦੀ ਗਵਾਹੀ ਭਰਦਾ ਰਹੇਗਾ।
==========0===========
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880
ਦੋਗਾਣਿਆਂ ਦਾ ਬਾਦਸ਼ਾਹ –ਕਰਤਾਰ ਰਮਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



