ਬੁੱਧ ਬਾਣ

(ਸਮਾਜ ਵੀਕਲੀ) ਜ਼ਿੰਦਗੀ ਦਾ ਇਹ ਸੱਚ ਹੈ ਕਿ ਲੋਕ ਪਿੰਡ ਤੋਂ ਸ਼ਹਿਰ ਵੱਲ ਜਾਂਦੇ ਹਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਮਸਲਾ ਹੈ। ਮਹਾਨਗਰ ਦੇ ਵਿਚਲੀਆਂ ਸਾਹਿਤ ਸੰਸਥਾਵਾਂ ਦੀਆਂ ਕੁੱਝ ਗੱਲਾਂ ਪਿੰਡਾਂ ਦੀਆਂ ਸਾਹਿਤਕ ਸੰਸਥਾਵਾਂ ਵਿੱਚ ਵਾਪਰਨ ਲੱਗੀਆਂ ਹਨ। ਕੁੱਝ ਸਾਲ ਪਹਿਲਾਂ ਇੱਕ ਮਹਾਨਗਰ ਦੀ ਸੰਸਥਾ ਨੇ ਆਪਣੇ ਹੀ ਇੱਕ ਮੈਂਬਰ ਨੂੰ ਚੋਣ ਮੈਦਾਨ ਵਿਚੋਂ ਲਾਂਭੇ ਕਰਨ ਲਈ ਇੱਕ ਛੜਯੰਤਰ ਵਰਤਿਆ। ਉਹਨਾਂ ਨੂੰ ਇਹ ਪਤਾ ਸੀ ਕਿ ਚੋਣ ਵਿੱਚ ਉਸਨੂੰ ਹਰਾਇਆ ਨੀ ਜਾ ਸਕਦਾ, ਉਹਨਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗੂੰ ਉਸ ਲੇਖਕ ਦੀ ਕਿਰਦਾਰਕੁਸ਼ੀ ਕਰਨ ਲਈ ਇੱਕ ਔਰਤ ਨੂੰ ਵਰਤਿਆ। ਉਸਨੇ ਦੋਸ਼ ਲਗਾਇਆ ਕਿ ਮੇਰੇ ਉੱਤੇ ਭੈੜੀ ਨਜ਼ਰ ਰੱਖਦਾ ਹੈ। ਕੁਰਸੀ ਉੱਤੇ ਬੈਠ ਕੇ ਮੇਰੇ ਨਾਲ ਲੱਗਦਾ ਹੈ। ਉਦੋਂ ਇਸ ਦੀ ਕੋਈ ਜਾਂਚ ਪੜਤਾਲ ਨਹੀਂ ਕਰਵਾਈ, ਸਗੋਂ ਉਸ ਲੇਖਕ ਤੋਂ ਇਹ ਲਿਖਵਾ ਲਿਆ ਕਿ ਉਹ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। ਉਹਨਾਂ ਦੇ ਰਾਹ ਪੱਧਰਾ ਹੋ ਗਿਆ। ਇਸ ਤਰ੍ਹਾਂ ਦੀ ਘਟੀਆ ਦਰਜੇ ਦੀਆਂ ਗੱਲਾਂ ਉਹ ਲੋਕ ਕਰਦੇ ਹਨ, ਜਿਹੜੇ ਆਪਣੇ ਆਪ ਨੂੰ ਪੰਜਾਬੀ ਸਾਹਿਤ ਦੇ ਰਖਵਾਲੇ ਕਹਾਉਣ ਵਿੱਚ ਅੱਡੀਆਂ ਚੁੱਕ ਚੁੱਕ ਕੇ ਸਟੇਜ ਤੋਂ ਲੱਛੇਦਾਰ ਭਾਸ਼ਨ ਕਰਦੇ ਹਨ। ਉਹਨਾਂ ਦੇ ਚੇਲੇ ਹੁਣ ਇਹੋ ਜਿਹੀਆਂ ਗੱਲਾਂ ਬਾਤਾਂ ਉਹਨਾਂ ਸਾਹਿਤ ਸਭਾਵਾਂ ਵਿੱਚ ਕਰਨ ਲੱਗੇ ਹੋਏ ਹਨ, ਜਿਸਨੂੰ ਪੰਜਾਬ ਦੀ ਪਹਿਲੀ ਸਾਹਿਤਕ ਸੰਸਥਾ ਹੋਣ ਦਾ ਮਾਣ ਹਾਸਲ ਹੈ। ਅਸਲ ਕਹਾਣੀ ਇਹ ਹੈ ਕਿ ਉਹਨਾਂ ਨੂੰ ਅਗਲਿਆਂ ਨੇ ਦੁੱਧ ਵਿਚੋਂ ਮੱਖੀ ਵਾਂਗ ਕੱਢ ਕੇ ਮਾਰਿਆ ਸੀ। ਉਹਨਾਂ ਦੀ ਹਾਲਤ ਜ਼ਖ਼ਮੀ ਸੱਪ ਵਰਗੀ ਹੈ। ਸੱਪ ਜ਼ਖ਼ਮੀ ਹੋਏ ਜਾਂ ਤੰਦਰੁਸਤ ਉਸਦਾ ਸੁਭਾਅ ਡੰਗ ਮਾਰਨਾ ਹੁੰਦਾ ਹੈ। ਪਰ ਸੱਪ ਨੂੰ ਇਹ ਪਤਾ ਨਹੀਂ ਲੱਗਦਾ ਕਿ ਸਪੇਰਾ ਉਸਦੇ ਦੰਦ ਵੀ ਕੱਢ ਦਿੰਦਾ ਹੈ। ਮਿੱਟੀ ਖਾਣੇ ਸੱਪ ਹੁਣ ਹੋਲੀਆਂ ਤੇ ਘਟੀਆ ਗੱਲਾਂ ਉੱਤੇ ਉਤਰ ਆਏ ਹਨ। ਉਹਨਾਂ ਨੂੰ ਆਪਣੀ ਤੇ ਦੂਜਿਆਂ ਦੀ ਇੱਜ਼ਤ ਦਾ ਖਿਆਲ ਨਹੀਂ। ਇਹੋ ਜਿਹੇ ਦੋਹਰੇ ਚਿਹਰੇ ਵਾਲਿਆਂ ਨੂੰ ਕੀ ਸਾਹਿਤਕਾਰ ਆਖਿਆ ਜਾ ਸਕਦਾ ਹੈ। ਜਿਹੜੇ ਸੰਸਥਾਵਾਂ ਦੇ ਅਹੁਦੇ ਹਥਿਆਉਣ ਲਈ ਇਹੋ ਜਿਹੇ ਹੱਥਕੰਡੇ ਵਰਤਦੇ ਹਨ?? ਮਹਾਨਗਰ ਦੀ ਬੀਮਾਰੀ ਤੇ ਘਟੀਆ ਮਾਨਸਿਕਤਾ ਪਿੰਡਾਂ ਵਿੱਚ ਵੀ ਪੁੱਜ ਗਈ ਹੈ। ਇਸ ਬੀਮਾਰੀ ਦੇ ਇਲਾਜ ਲਈ ਦਵਾਈਆਂ ਦੀ ਲੋੜ ਹੈ। ਇਹ ਦਵਾਈਆਂ ਕੀ ਹੋ ਸਕਦੀਆਂ ਹਨ?? ਦੱਸਣ ਦੀ ਕਿਰਪਾਲਤਾ ਕਰਨੀ ਜੀ।
ਬੁੱਧ ਸਿੰਘ ਨੀਲੋਂ
9464370823



