ਸਮੁੰਦਰੀ ਸਫ਼ਰ ਦੀ ਅੰਦਰੂਨੀ ਕਹਾਣੀ ਹੈ ‘ਸਮੁੰਦਰਨਾਮਾ’ ਬਨਾਮ ‘ਛੱਲਾਂ ਨਾਲ ਗੱਲਾਂ’

(ਸਮਾਜ ਵੀਕਲੀ)

ਹਰ ਮਨੁੱਖ ਦੇ ਕਾਰਜ ਸਥਲ ਦੇ ਦਿਨਾਂ ਦੀਆਂ ਕੁਝ ਅਹਿਮ ਯਾਦਾਂ ਹੁੰਦੀਆਂ ਹਨ। ਅਮੂਮਨ ਲੋਕ ਆਪਣੀ ਡਿਉਟੀ ਤੋਂ ਫਾਰਗ ਹੋ ਕੇ ਸੁਰਖਰੂ ਹੋ ਜਾਂਦੇ ਹਨ ਅਤੇ ਉਸ ਦੀ ਕੋਈ ਯਾਦ ਨਹੀਂ ਸੰਭਾਲਦੇ ਅਤੇ ਕਈ ਵਿਅਕਤੀਆਂ ਦੇ ਨਾਲ ਬੀਤੇ ਦਿਨ ਦੀਆਂ ਯਾਦ ਤੁਰੀਆਂ ਰਹਿੰਦੀਆਂ ਹਨ। ਉਹ ਇਹਨਾਂ ਕੌੜੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਕੇ ਆਨੰਦ ਵੀ ਲੈਂਦੇ ਹਨ। ਹੱਥਲੀ ਪੁਸਤਕ ਪਰਮਜੀਤ ਮਾਨ ਦੀ ਆਪਣੇ ਵਿਭਾਗ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਦੀ ਹੈ। ਪਰਮਜੀਤ ਮਾਨ ਬਹੁ ਪੱਖੀ ਵਿਅਕਤੀ ਹੈ।

ਉਸ ਨੇ ਜਿੱਥੇ ਇੰਡੀਅਨ ਨੇਵੀ ਅਤੇ ਮਾਰਚੈਂਟ ਨੇਵੀ ਵਿਚ ਸੇਵਾ ਨਿਭਾਈ ਹੈ ਉੱਥੇ ਉਹ ਇਕ ਸਾਹਿਤਕਾਰ ਵਜੋਂ ਕਵੀ­ ਕਹਾਣੀਕਾਰ­ ਅਨੁਵਾਦਕ ਅਤੇ ਰਾਜਨਿਤਕ ਵਿਅਕਤੀ ਵੀ ਹੈ। ਜੇਕਰ ਸਾਹਿਤ ਦੀ ਗੱਲ ਕਰੀਏ ਤਾਂ ਉਸ ਦੀ ਕਹਾਣੀ ਸੰਗ੍ਰਹਿ ‘ਸਮੁੰਦਰ ਦਾ ਆਦਮੀ’ ਜਿਸ ਦਾ ਹਿੰਦੀ ਅਨੁਵਾਦ ਵੀ ਹੋਇਆ ਹੈ। ਦੂਜਾ ਕਹਾਣੀ ਸੰਗ੍ਰਹਿ ‘ਰੇਤ ਦੇ ਘਰ’ ਦੇ ਨਾਲ ਨਾਲ ਦੋ ਕਾਵਿ ਸੰਗ੍ਰਹਿ ਅਤੇ ਇਕ ਪੁਸਤਕ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਵੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ।

ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਪੁਸਤਕ ਉਸਦੀ ਇਕ ਵੱਖਰੇ ਕਿਸਮ ਦੀ ਵਿਧਾ ਹੈ। ਜਿਸ ਵਿਚ ਸਵੈ-ਜੀਵਨੀ­ ਸਫ਼ਰਨਾਮਾ ਅਤੇ ਕਹਾਣੀ ਦਾ ਰੰਗ ਮਿਲਦਾ ਹੈ। ਕਿਉਂ ਕਿ ਉਹ ਇੰਡੀਅਨ ਨੇਵੀ ਅਤੇ ਮਾਰਚੈਂਟ ਨੇਵੀ ਵਿਚ ਕਿ੍ਰਤਾਰਥ ਰਿਹਾ ਹੈ। ਆਪਣੇ ਪਿੰਡ ਤੋਂ ਲੈ ਕੇ ਮੁੜ ਵਾਪਸ ਬਰਨਾਲਾ ਆ ਵਸੱਣ ਤੱਕ ਦੀ ਕਹਾਣੀ ਇਸ ਪੁਸਤਕ ਵਿਚ ਮਿਲਦੀ ਹੈ। ਭਾਵੇਂ ਵੱਖ ਵੱਖ ਵਿਦਵਾਨ ਇਸ ਨੂੰ ਵੱਖ ਵੱਖ ਵਿਧਾ ਦਾ ਨਾਂ ਦਿੰਦੇ ਹਨ ਪਰ ਮੈਨੂੰ ਲਗਦੈ ਕਿ ਇਸ ਨੂੰ ‘ਸੇਵਾਨਾਮਾ’ (ਡਿਉਟੀਨਾਮਾ) ਇਕ ਨਵੀਂ ਵਿਧਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਪੁਸਤਕ ਵਿਚਲੇ ਲੇਖ ਭਾਵੇਂ ਪੰਜਾਬੀ ਜਾਗਰਣ ਦਾ ਕਿਸ਼ਤਵਾਰ ਸਿੰਗਾਰ ਬਣੇ ਹਨ ਪਰ ਪੁਸਤਕ ਵਿਚ ਉਹਨਾਂ ਤੋਂ ਵੀ ਜਿਆਦਾ ਜਾਣਕਾਰੀ ਉਪਲਬੱਧ ਹੈ।

ਉਸਦਾ ਮੰਨਣਾ ਹੈ ਕਿ ਰੇਗਿਸਤਾਨ ਦੇੇ ਹੰਝੂ­ ਸਮੁੰਦਰ ਦਾ ਆਦਮੀ­ ਬੰਦ ਦਰਵਾਜ਼ਾ ਆਦਿ ਕਹਾਣੀਆਂ ਬੰਬਈ ਦੀ ਦੇਣ ਹਨ। ਪਰਮਜੀਤ ਮਾਨ ਨੇ ਇਸ ਪੁਸਤਕ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ। ਇੰਡੀਅਨ ਨੇਵੀ ਅਤੇ ਮਾਰਚੈਂਟ ਨੇਵੀ। ਉਸ ਦੇ ਇੰਡੀਅਨ ਨੇਵੀ ਦੇ ਭਾਗ ਵਿਚ 12 ਲੇਖ ਅਤੇ ਮਾਰਚੈਂਟ ਨੇਵੀ ਵਿਚ 24 ਲੇਖ ਕੁਲ ਛੱਤੀ ਲੇਖ ਸ਼ਾਮਲ ਕੀਤੇ ਹਨ। ਲੇਖਕ ਨੇ ਪੁਸਤਕ ਵਿਚਲੀਆਂ ਘਟਨਾਵਾਂ ਨੂੰ ਆਪਣੇ ਹੱਡੀਂ ਹੰਡਾਇਆ­ ਅੱਖੀਂ ਵੇਖਿਆ ਅਤੇ ਕੰਨੀ ਸੁਣਿਆ ਹੈ। ਇਹ ਸਾਰੀਆਂ ਘਟਨਾਵਾਂ ਉਸ ਦੇ ਨਾਲ ਅਤੇ ਆਲੇ-ਦੁਆਲੇ ਵਾਪਰਦੀਆਂ ਰਹੀਆਂ ਹਨ।

ਪੁਸਤਕ ਦੀ ਕਹਾਣੀ ਉਸ ਦੇ ਪਿੰਡ ‘ਰੜ’ ਜਿਲ੍ਹਾ ਮਾਨਸਾ ਤੋਂ ਸ਼ੁਰੂ ਹੁੰਦੀ ਹੈ। ਇੰਡੀਅਨ ਨੇਵੀ ਜੁਆਇਨ ਕਰਨ ਤੇ ਨੌਕਰੀ ਛੱਡਣ ਤੱਕ ਦੀ ਵਿਥਿਆ ਪਾਠਕਾਂ ਵਿਚ ਦਿਲਚਸਮੀ ਪੈਦਾ ਕਰਦੀ ਹੈ। ਹਰ ਵਿਭਾਗ ਵਿਚ ਕਈ ਕਿਸਮ ਦੇ ਵਿਅਕਤੀ ਹੁੰਦੇ ਹਨ­ ਚੰਗੇ ਵੀ ਤੇ ਮਾੜੇ ਵੀ। ਉਸ ਨਾਲ ਵੱਖ ਵੱਖ ਥਾਵਾਂ ਦੇ ਵਿਅਕਤੀ ਕੰਮ ਕਰਦੇ ਰਹੇ ਹਨ ਜਿਨ੍ਹਾਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਗਿਆ ਹੈ ਜਿਵੇਂ ਜਗਰਾਵਾਂ­ ਮੋਗਾ­ ਹੁਸ਼ਿਆਰਪੁਰ ਅਤੇ ਹੋਰ ਪ੍ਰਾਂਤਾਂ ਦੇ ਵਿਅਕਤੀ ਆਦਿ। ਜਿਵੇਂ ਉਸ ਨੇ ਗੁਰਬਖਸ਼ੀਸ਼ ਵਰਗੇ ਚੰਗੇ ਵਿਅਕਤੀ ਦੀ ਗੱਲ ਕੀਤੀ ਹੈ ਉੱਥੇ ਜਰਨੈਲ ਸਿੰਘ ਅਤੇ ਸੇਖੋਂ ਵਰਗੇ ਬੰਦਿਆਂ ਦੀ ਗੱਲ ਵੀ ਕੀਤੀ ਹੈ ਜਿਹੜੇ ਆਪਣੇ ਆਪ ਨੂੰ ਸੀਨੀਅਰ ਮੰਨਦੇ ਹੋਏ ਨਵੇਂ ਭਰਤੀ ਹੋਏ ਨੂੰ ਸੇਧ ਨਹੀਂ ਦਿੰਦੇ ਸਗੋਂ ਆਪਣੇ ਤੋਂ ਘਟੀਆ ਮੰਨਦੇ ਹਨ। ਅਸੀ ਕਹਿ ਸਕਦੇ ਹਾਂ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।

ਨੌਕਰੀ ਦੌਰਾਨ ਇੱਕ ਮੁਲਾਜ਼ਮ ਅਤੇ ਇੱਕ ਮੁਲਜ਼ਮ ਦੀ ਜ਼ਿੰਦਗੀ ਤਕਰੀਬਨ ਇੱਕੋ ਜਿਹੀ ਲਗਦੀ ਹੈ। ਕਿਉਂ ਕਿ ਬਝੱਣ ਵੀ ਹੈ ਅਤੇ ਵਖਵੇ ਨਾਲ ਛੁੱਟੀ ਵੀ ਮਿਲਦੀ ਹੈ। ਡਿਉਟੀ ਦੀ ਆਪਣੀ ਪ੍ਰੇਸ਼ਾਨੀ ਅਤੇ ਪਰਿਵਾਰ ਦੀ ਆਪਣੀ ਚਿੰਤਾ ਬਣੀ ਰਹਿੰਦੀ ਹੈ ਜਿਸ ਕਰਕੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ। ਹਰ ਵਿਭਾਗ ਦਾ ਆਪਣਾ ਆਪਣਾ ਸਿਸਟਮ ਹੁੰਦਾ ਹੈ। ਲੇਖਕ ਨੇ ਆਪਣੇ ਵਿਭਾਗ ਦੇ ਸਿਸਟਮ ਦਾ ਜ਼ਿਕਰ ਪੁਸਤਕ ਵਿਚ ਕੀਤਾ ਹੈ। ਇੰਡੀਅਨ ਨੇਵੀ ਵਿਚ ਭਰਤੀ ਦੀ ਪ੍ਰਕਿ੍ਰਆ­ ਸਿਖਲਾਈ­ ਪੋਸਟਿੰਗ ਆਦਿ ਦੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਦੱਸਦਾ ਹੈ ਕਿ ਆਜ਼ਾਦੀ ਸੰਘਰਸ਼ ਕਰਕੇ ਅੰਡੇਮਾਨ ਨਿਕੋਬਾਰ ਦਾ ਨਾਂ ‘ਕਾਲੇ ਪਾਣੀ’ ਪਿਆ ਹੈ। ਉਸਦੀ ਇੰਡੀਅਨ ਨੇਵੀ ਵਿਚ 18 ਸਾਲ ਅਤੇ ਮਾਰਚੈਂਟ ਨੇਵੀ ਵਿਚ ਕਰੀਬ 10 ਸਾਲ ਸੇਵਾ ਨਿਭਾਈ।

ਡਿਫੈਂਸ ਦੀਆਂ ਸਾਰੀਆਂ ਨੌਕਰੀਆਂ ਹੀ ਜੋਖ਼ਮ ਭਰੀਆਂ ਹੁੰਦੀਆਂ ਹਨ। ਉਸ ਦੀ ਪੁਸਤਕ ਵਿਚੋਂ ਸਮੁੰਦਰ ਦਾ ਦੇਵਤਾ­ ਦੱਖਣੀ ਭਾਰਤੀ ਲੋਕਾਂ ਦਾ ਸਾਹਿਤ ਨਾਲ ਪ੍ਰੇਮ­ ਜਾਮਨਗਰ ਦਾ ਗਰਭਾ ਨਾਚ­ ਨੇਵਲ ਗੈਰੀਜ਼ਨ­ ਕਰਾਚੀ ਐਟਕ­ 1962­ 1965­ 1971 ਦੀਆਂ ਲੜਾਈਆਂ ਆਦਿ ਬਾਰੇ ਰੋਚਕ ਜਾਣਕਾਰੀ ਮਿਲਦੀ ਹੈ। ਲੇਖਕ ਆਪਣੀ ਸੇਵਾ ਦੌਰਾਨ ਗੋਆ­ ਵਿਸਾਖਾਪਟਨਮ­ ਅੰਡੇਮਾਨ ਨਿਕੋਬਾਰ­ ਕੌਚੀਨ­ ਕਾਂਡਲਾ­ ਲੋਨਾਵਾਲਾ­ ਮਦਰਾਸ­ ਪੁਰੀ­ ਕਲਕੱਤਾ ਆਦਿ ਵੱਖ ਵੱਖ ਥਾਵਾਂ ਤੇ ਗਿਆ ਅਤੇ ਉਹਨਾਂ ਥਾਂਵਾਂ ਤੇ ਜੋ ਵੀ ਵਾਪਰਿਆ­ ਜਿਨ੍ਹਾਂ ਵਿਚ ਰੋਮਾਂਚਕ ਪਲ ਅਤੇ ਗੰਭੀਰ ਪਲ ਮਿਲੇ­ ਨੂੰ ਇਸ ਪੁਸਤਕ ਵਿਚ ਸ਼ਾਮਲ ਕੀਤਾ ਹੈ।

ਇਕ ਅਜੀਬ ਘਟਨਾ ਦਾ ਜ਼ਿਕਰ ਮਿਲਦਾ ਹੈ ਜਦੋਂ ਖਾਲੀ ਟਾਈਮ ਉਹ ਆਪਣੇ ਸਾਥੀ ਅਵਤਾਰ ਨਾਲ ਉਸਦੇ ਦੋਸਤ ਨੂੰ ਮਿਲਣ ਜਾਂਦੇ ਹਨ­ ਉਹ ਦੋਸਤ ਟੈਕਸੀ ਡਰਾਇਵਰ ਹੈ ਅਤੇ ਘਰ ਨਹੀਂ ਹੈ। ਪੰਜਾਬੀ ਹੋਣ ਦੇ ਨਾਤੇ ਉਸ ਦੀ ਬੀਵੀ ਫਿਲੀਪੀਨੋ ਹੋਰ ਦੇਸ਼ ਦੀ ਹੈ ਅਤੇ ਬੱਚੇ ਸਰਦਾਰ ਹਨ ਪਰ ਉਸ ਦੇ ਪਿੰਡ ਉਸ ਦੇ ਮਾ-ਪਿਓ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਸਾਡੇ ਪਰਿਵਾਰਾਂ ਦੀ ਵੱਡੀ ਤ੍ਰਾਸਦੀ ਹੈ ਕਿ ਉਹਨਾਂ ਨੂੰ ਪਤਾ ਹੀ ਲਗਦਾ ਕਿ ਪਰਿਵਾਰ ਦਾ ਮੈਂਬਰ ਜੋ ਬਾਹਰ ਗਿਆ ਹੈ­ ਉਹ ਕੀ ਕਰ ਰਿਹਾ ਹੈ­ ਕਿਵੇਂ ਰਹਿ ਰਿਹਾ ਹੈ। ਕਿੰਨੀ ਅਚੰਭਿਤ ਗੱਲ ਹੈ। ਇਵੇਂ ਹੀ ਇਕ ਕਰਮਚਾਰੀ ਦਾ ਲੇਖਕ ਵਲੋਂ ਹਾਲ ਪੁੱਛਣਾ­ ਉਸਨੂੰ ਭਾਵੁਕ ਕਰ ਦਿੰਦਾ ਹੈ ਆਦਿ।

ਇਸ ਪੁਸਤਕ ਵਿਚਲੇ ਬੜੀ ਰੁਮਾਂਚਕ ਤੇ ਖਤਰਨਾਕ ਹੈ ਸਮੁੰਦਰ ਦੀ ਦੁਨੀਆ­ ਲਾਰਡ ਵਰੂਨਾ ਦਾ ਦਰਬਾਰ­ ਅਮਰੀਕਨ ਹਸਪਤਾਲ ਦੀਆਂ ਕੁਝ ਯਾਦਾਂ­ ਜਹਾਜ਼ ਮਿੰਨੀ ਫਾਰਚੂਨ­ ਚੁਸਤ-ਦਰੁਸਤ ਸ਼ਹਿਰ ਹਾਂਗਕਾਂਗ­ ਜਿੱਥੇ ਪਹਾੜਾਂ ਦੇ ਉੱਪਰ ਦੀ ਲੰਘਦੇ ਨੇ– ਅਤੇ ਦੂਰ ਦੇ ਢੋਲ ਸੁਹਾਵਣੇ ਆਦਿ ਪੜ੍ਹਨਯੋਗ ਲੇਖ ਹਨ।

ਹਰ ਵਿਭਾਗ ਦੀ ਆਪਣੀ ਆਪਣੀ ਸ਼ਬਦਾਵਲੀ (ਟਰਮੀਨਾਲੋਜੀ) ਹੁੰਦੀ ਹੈ ਜਿਸ ਨੂੰ ਪੁਸਤਕ ਵਿਚ ਸਰਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪੁਸਤਕ ਜਿੱਥੇ ਰੋਚਕ ਹੈ ਉੱਥੇ ਗਿਆਨ ਭਰਪੂਰ ਵੀ ਹੈ। ਅਜਿਹੀਆਂ ਪੁਸਤਕਾਂ ਪੜ੍ਹਨ ਨਾਲ ਗਿਆਨ ਵਿਚ ਵਾਧਾ ਹੁੰਦਾ ਹੈ। ਪੁਸਤਕ ਵਿਚ ਸਰਲ ਭਾਸ਼ਾ ਅਤੇ ਲੇਖਾਂ ਦਾ ਆਕਾਰ ਸੀਮਤ ਹੈ। ਪੁਸਤਕ ਵਿਚ ਮੁਹਾਵਰਿਆਂ ਦੀ ਵੀ ਵਰਤੋਂ ਕੀਤੀ ਗਈ ਹੈ। ਪੁਸਤਕ ਬਹੁਤ ਹੀ ਰੋਚਕ ਅਤੇ ਦਿਲਚਸਪ ਹੈ ਜਿਹੜੀ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਇਹ ਪੁਸਤਕ ਖੋਜਾਰਥੀਆਂ ਦੇ ਲਈ ਬਹੁਤ ਲਾਭਕਾਰੀ ਸਿਧ ਹੋਵੇਗੀ।

ਤੇਜਿੰਦਰ ਚੰਡਿਹੋਕ­
ਰਿਟਾ. ਏ. ਐਸ. ਪੀ
95010-00224

 

Previous articleਸ਼੍ਰੋਮਣੀ ਕਮੇਟੀ 9 ਸਿੱਖ ਕੈਦੀਆਂ ਨੂੰ ਦੇਵੇਗੀ ਸਨਮਾਨ ਭੱਤਾ
Next articleਮਹਿੰਦਰ ਸਿੰਘ ਰਾਹੀ ਦੀ ਪੁਸਤਕ ਧੰਨਾ ਵਡਭਾਗਾ ਉੱਪਰ ਗੋਸ਼ਟੀ ਕਰਵਾਈ