(ਸਮਾਜ ਵੀਕਲੀ)- ਚਰਨ ਕੰਵਲ ਸਿੰਘ ਸੇਖੋਂ, ਜੋ ਯੂ.ਕੇ. ਸਰਕਾਰ ਦੇ ਵਾਤਾਵਰਣ, ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ (ਡਿਫਰਾ, ਯੂਕੇ) ਵਿੱਚ ਸੀਨੀਅਰ ਵਾਤਾਵਰਣ ਅਧਿਕਾਰੀ ਹਨ, ਉਹਨਾ ਨੂੰ ਐਮ.ਬੀ.ਈ. ਦੇ ਸ਼ਾਹੀ ਖ਼ਿਤਾਬ ਸਨਮਾਨਿਤ ਕੀਤਾ ਗਿਆ ਹੈ। ਵਿੰਡਸਰ ਕੈਸਲ ਸ਼ਾਹੀ ਮਹਿਲ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਕਿੰਗ ਚਾਰਲਸ-3 ਨੇ ਸੇਖੋਂ ਨੂੰ ਐਮ.ਬੀ.ਈ ਐਵਾਰਡ ਦਿੱਤਾ ਗਿਆ।
ਸੇਖੋਂ ਵੀਹ ਸਾਲਾਂ ਤੋਂ ਸਥਾਨਕ ਕੌਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ। ਅੰਤਰਰਾਸ਼ਟਰੀ ਚੈਰਿਟੀ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ ਅਤੇ ਸਰਕਾਰੀ ਵਿਭਾਗਾਂ ਦੀ ਯੂਨੀਅਨ ਯੂਨੀਸਨ (ਈਸਟ ਇੰਗਲੈਂਡ ਜ਼ੋਨ) ਦੇ ਸਮਾਨਤਾ ਅਤੇ ਭਲਾਈ ਕੋਆਰਡੀਨੇਟਰ ਹਨ। ਉਨ੍ਹਾਂ ਕੈਂਪਸਟਨ, ਬੈੱਡਫੋਰਡ ਦੇ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਗੁਰਦੁਆਰਾ ਕਮੇਟੀ ਵਿਚ ਲਗਭਗ 15 ਸਾਲ ਸਹਾਇਕ ਸਕੱਤਰ ਵਜੋਂ ਵੀ ਸੇਵਾ ਵੀ ਕੀਤੀ।
ਐਮ.ਬੀ.ਈ. (ਬ੍ਰਿਟਿਸ਼ ਸਾਮਰਾਜ ਦੇ ਮੋਸਟ ਐਕਸੀਲੈਂਟ ਆਰਡਰ ਦਾ ਮੈਂਬਰ), ਇੱਕ ਰਾਸ਼ਟਰੀ ਸਨਮਾਨ ਹੈ ਜੋ ਦੇਸ਼ ਜਾਂ ਭਾਈਚਾਰੇ ਲਈ ਲੰਮੇ ਸਮੇਂ ਲਈ ਦਿੱਤੀ ਗਈ ਸੇਵਾ ਜਾਂ ਮਹੱਤਵਪੂਰਨ ਪ੍ਰਾਪਤੀ ਲਈ ਦਿੱਤਾ ਜਾਂਦਾ ਹੈ।
ਸੇਖੋਂ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਵਾਤਾਵਰਣ ਵਿਭਾਗ ਦੇ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਸਿੱਖ ਅਧਿਕਾਰੀ ਹਨ। ਯੂਕੇ ਸਰਕਾਰ ਦੇ ਕੈਬਨਿਟ ਦਫਤਰ ਦੁਆਰਾ ਜਾਰੀ ਵੇਰਵਿਆਂ ਅਨੁਸਾਰ, ਸੇਖੋਂ ਨੂੰ ਇਹ ਮਾਨਤਾ ਚਾਰ ਪ੍ਰਮੁੱਖ ਖੇਤਰਾਂ ਵਿੱਚ ਯੋਗਦਾਨ ਲਈ ਦਿੱਤੀ ਗਈ ਹੈ, ਜੋ ਇੱਕ ਵਿਲੱਖਣ ਪ੍ਰਾਪਤੀ ਹੈ। ਉਸ ਵਿੱਚ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਅਧਿਕਾਰਾਂ ਲਈ ਯੋਗਦਾਨ, ਪ੍ਰਦੂਸ਼ਣ ਅਤੇ ਵਾਤਾਵਰਣ ਦੀ ਰੱਖਿਆ ਲਈ ਯੋਗਦਾਨ, ਚੈਰਿਟੀ ਅਤੇ ਕਮਿਊਨਿਟੀ ਸੇਵਾ ਅਤੇ ਕੋਵਿਡ ਦੌਰਾਨ ਦਿੱਤੀਆਂ ਗਈਆਂ ਵਿਸ਼ੇਸ਼ ਸੇਵਾਵਾਂ ਸ਼ਾਮਿਲ ਹਨ।
ਇਸ ਤੋਂ ਪਹਿਲਾਂ, ਸੇਖੋਂ ਨੂੰ ਵਾਤਾਵਰਣ ਵਿਭਾਗ ਦੁਆਰਾ ਉਨ੍ਹਾਂ ਦੇ ਵਾਤਾਵਰਣ ਲਈ ਯੋਗਦਾਨ, ਘੱਟ ਗਿਣਤੀ ਸਟਾਫ ਲਈ ਉਨ੍ਹਾਂ ਦੀਆਂ ਸੇਵਾਵਾਂ, ਬਰਾਬਰ ਅਧਿਕਾਰਾਂ ਬਾਰੇ ਜਾਗਰੂਕਤਾ ਅਤੇ ਕੋਵਿਡ ਸੇਵਾ ਲਈ ਪਹਿਲਾਂ ਹੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੇਖੋਂ ਪਿਛਲੇ 20 ਸਾਲਾਂ ਤੋਂ ਸਥਾਨਕ ਕੌਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਹ ਆਪਣੇ ਇਲਾਕੇ ਦੇ ਤਿੰਨ ਵਾਰ ਲਗਾਤਾਰ ਬਿਨਾਂ ਮੁਕਾਬਲਾ ਚੁਣੇ ਗਏ ਪਹਿਲੇ ਸਿੱਖ ਕੌਂਸਲਰ ਹਨ। 25 ਸਾਲਾਂ ਤੋਂ ਇੱਕ ਬਹੁਤ ਸਰਗਰਮ ਵਲੰਟੀਅਰ ਹਨ ਅਤੇ ਸਮਾਜ ਸੇਵਾ ਕਰ ਰਹੇ ਹਨ। ਸੇਵਾ ਟਰੱਸਟ ਦੁਆਰਾ ਉਹਨਾਂ ਨੇ ਗਰੀਬ ਬੱਚਿਆਂ ਲਈ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਸਾਰੇ ਸੇਵਾ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ। ਕੋਵਿਡ ਮਹਾਂਮਾਰੀ ਅਤੇ ਰਾਸ਼ਟਰੀ ਤਾਲਾਬੰਦੀ ਦੌਰਾਨ ਭਾਰਤੀ ਵਿਦਿਆਰਥੀਆਂ ਦੀ ਮਦਦ ਅਤੇ ਬਹੁਤ ਸਾਰੇ ਭਾਈਚਾਰਕ ਸਹਾਇਤਾ ਪ੍ਰੋਜੈਕਟਾਂ ਦੀ ਅਗਵਾਈ ਵੀ ਕੀਤੀ।
ਸੇਖੋਂ ਦੇ ਚੈਰੀਟੇਬਲ ਕੰਮ ਅਤੇ ਯੋਗਦਾਨ ਨੂੰ ਬਹੁਤ ਸਾਰੀਆਂ ਸਥਾਨਕ ਅਤੇ ਰਾਸ਼ਟਰੀ ਸੰਸਥਾਵਾਂ ਦੁਆਰਾ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ ਬੈੱਡਫੋਰਡ ਬੋਰੋ ਕਾਉਂਸਿਲ, ਪੈਪਵੌਥ ਟਰੱਸਟ, ਕੈਂਬਰਿਜ, ਸਿੱਖ ਮਿਸ਼ਨਰੀ ਸੁਸਾਇਟੀ, ਯੂਕੇ, ਬੈੱਡਫੋਰਡਸ਼ਾਇਰ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਅਤੇ ਯੂਕੇ ਪਤੰਜਲੀ ਯੋਗ ਪੀਠ ਟਰੱਸਟ ਆਦਿ ਸ਼ਾਮਲ ਹਨ। ਦਸੰਬਰ 2020 ਵਿੱਚ, ਉਹਨਾਂ ਨੂੰ ਮੁਫਤ ਔਨਲਾਈਨ ਯੋਗਾ ਕਲਾਸਾਂ ਦੇ ਨਾਲ ਵਿਭਿੰਨ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਬੈੱਡਫੋਰਡ ਬੋਰੋ ਕੌਂਸਲ ਤੋਂ .ਸਪੋਰਟਸ ਸਿਹਤ ਸੁਰੱਖਿਆ’ ਅਵਾਰਡ ਪ੍ਰਾਪਤ ਹੋਇਆ। 2013 ਵਿੱਚ ਸੇਖੋਂ ਨੂੰ ਯੂਕੇ ਪਾਰਲੀਮੈਂਟ ਵਿੱਚ ਹਾਊਸ ਆਫ ਕਾਮਨਜ਼ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ‘ਬ੍ਰਿਟਿਸ਼ ਏਸ਼ੀਅਨ ਪ੍ਰਾਈਡ ਆਫ ਬ੍ਰਿਟੇਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2002 ਵਿੱਚ ਉਹਨਾਂ ਨੂੰ ਉਸਦੇ ਚੈਰੀਟੇਬਲ ਕੰਮ ਅਤੇ ਕਮਿਊਨਿਟੀ ਸੇਵਾਵਾਂ ਲਈ ਬੈੱਡਫੋਰਡ ਮੇਅਰ ਦਾ ‘ਸਿਟੀਜ਼ਨ ਆਫ ਦਿ ਈਅਰ’ ਅਵਾਰਡ ਮਿਲਿਆ ਸੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਸੇਖੋਂ ਨੇ ਕਿਹਾ, “ਇਹ ਕਿੰਗ ਚਾਰਲਸ ਨਾਲ ਗੱਲਬਾਤ ਕਰਨ ਲਈ ਇੱਕ ਬਹੁਤ ਹੀ ਖਾਸ ਪਲ ਸੀ. ਅਸੀਂ ਬਰਾਬਰੀ ਦੇ ਅਧਿਕਾਰਾਂ, ਵਾਤਾਵਰਣ, ਚੈਰਿਟੀ ਕੰਮ ਅਤੇ ਕੋਵਿਡ ਸਹਾਇਤਾ ਦੇ ਕੰਮ ਲਈ ਕੰਮ ਕਰਦੇ ਸਮੇਂ ਮੈਨੂੰ ਆਈਆਂ ਚੁਣੌਤੀਆਂ ਬਾਰੇ ਗੱਲ ਕੀਤੀ। ਅੱਜ ਦੇ ਸਮਾਗਮ ਵਿੱਚ 80 ਲੋਕਾਂ ਨੇ ਪੁਰਸਕਾਰ ਪ੍ਰਾਪਤ ਕੀਤੇ ਅਤੇ ਮੈਂ ਇੱਕਲਾ ਸਿੱਖ ਸੀ ਅਤੇ ਮੈਨੂੰ ਮਾਣ ਹੈ ਕਿ ਗੁਰੂ ਜੀ ਨੇ ਸਾਨੂੰ ਵਿਸ਼ੇਸ਼ ਪਛਾਣ ਦਿੱਤੀ ਹੈ, ਉਹ ਹੈ ਸਾਡੇ ਕੇਸ ਅਤੇ ਦਸਤਾਰ।
ਇਹ ਵਾਤਾਵਰਣ ਵਿਭਾਗ ਵਿੱਚ ਮੇਰੇ ਕੰਮ ਦੇ ਸਹਿਯੋਗੀਆਂ ਵੱਲੋਂ ਸਮਰਥਨ ਅਤੇ ਮਾਰਗਦਰਸ਼ਨ ਅਤੇ ਸੇਵਾ ਟਰੱਸਟ ਯੂਕੇ ਟੀਮ ਦੇ ਸਾਰੇ ਵਲੰਟੀਅਰਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਕੋਵਿਡ ਦੇ ਚੁਣੌਤੀਪੂਰਨ ਸਮਿਆਂ ਦੌਰਾਨ, ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਬਹੁਤ ਸਾਰੇ ਵਿਭਿੰਨ ਭਾਈਚਾਰਿਆਂ ਦੀ ਮਦਦ ਕਰਨ ਵਿੱਚ ਕਾਮਯਾਬ ਹੋਏ। ਮੈਂ ਇਸ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣੇ ਪੂਰੇ ਪਰਿਵਾਰ ਦਾ ਉਨ੍ਹਾਂ ਦੇ ਸਮਰਥਨ ਅਤੇ ਪਿਆਰ ਲਈ ਧੰਨਵਾਦ ਕਰਦਾ ਹਾਂ। ਵਿਸ਼ੇਸ਼ ਤੌਰ ‘ਤੇ ਮੇਰੇ ਮਾਤਾ-ਪਿਤਾ ਜੀ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦਾ ਸਹੀ ਅਰਥ ਸਿਖਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ੇ ਸੇਵਾ ਦੇ ਸੰਕਲਪ ਦੇ ਅਨੁਸਾਰ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਇਹ ਕੋਸ਼ਿਸ਼ ਹਮੇਸ਼ਾ ਜਾਰੀ ਰਹੇਗੀ, ਕਿਉਂਕਿ ਆਪਣੀ ਮਾਤ-ਭੂਮੀ ਅਤੇ ਕਰਮ-ਭੂਮੀ ਦੀ ਸੇਵਾ ਕਰਨ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈ।“
ਭਾਰਤ ਵਿੱਚ ਪੰਜਾਬ ਦੇ ਲੁਧਿਆਣਾ ਜਿਲਾ ਪਿੰਡ ਬੜੂੰਦੀ ਵਿੱਚ ਜਨਮੇ ਸੇਖੋਂ ਨੇ ਭਾਰਤ ਅਤੇ ਯੂਕੇ ਵਿੱਚ ਆਪਣੇ ਵਿਦਿਅਕ ਕੈਰੀਅਰ ਦੌਰਾਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਉਹ ਜਨਵਰੀ 1995 ਵਿੱਚ ਯੂਕੇ ਆਏ ਅਤੇ ਜਨਵਰੀ 2000 ਵਿੱਚ ਵਾਤਾਵਰਣ ਵਿਭਾਗ ਵਿੱਚ ਸਰਕਾਰੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਤੋਂ ਭੌਤਿਕ ਵਿਗਿਆਨ ਵਿੱਚ ਬੀ.ਐਸ.ਸੀ. ਅਤੇ ਐਮ.ਐਸ.ਸੀ. ਅਤੇ ਕ੍ਰੈਨਫੀਲਡ ਯੂਨੀਵਰਸਿਟੀ, ਬੈਡਫੋਰਡਸ਼ਾਇਰ ਤੋਂ ਊਰਜਾ ਅਤੇ ਵਾਤਾਵਰਣ ਵਿੱਚ ਐਮ.ਐਸ.ਸੀ. ਪੂਰੀ ਕੀਤੀ। ਕ੍ਰੈਨਫੀਲਡ ਯੂਨੀਵਰਸਿਟੀ ਦੇ ਪੋਡਕਾਸਟ ਚੈਨਲ ਦੇ ਪ੍ਰੋਗਰਾਮ ‘ਲੀਡਰਸ਼ਿਪ ਆਨ-ਦ-ਗੋ’ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਸੇਖੋਂ ਨੇ ਦੱਸਿਆ ਕਿ ਉਹ ਆਪਣੇ ਸੰਘਰਸ਼ ਅਤੇ ਕਠਿਨਾਈਆਂ ਦੇ ਤਜ਼ਰਬਿਆਂ ਦੀ ਵਰਤੋਂ ਕਰਦੇ ਹੋਏ, ਸਿੱਖਿਆ ਦੇ ਖੇਤਰ ਲਈ ਵੀ ਕੰਮ ਕਰ ਰਹੇ ਹਨ ਅਤੇ ਇਸ ਦੇ ਨਾਲ ਵਿਦਿਆਰਥੀਆਂ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਦੀ ਮਦਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਕੌਂਸਲ, ਭਾਈਚਾਰਕ ਸੰਸਥਾਵਾਂ, ਭਾਰਤੀ ਵਿਦਿਆਰਥੀ ਯੂਨੀਅਨਾਂ ਅਤੇ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਸਥਾਨਕ ਭਾਰਤੀ ਭਾਰਤੀ ਵਿਦਿਆਰਥੀ ਅਤੇ ਭਾਈਚਾਰਿਆਂ ਦੀ ਮਦਦ ਕਰਨ ਕਰ ਰਹੇ ਹਨ। । ਸੇਖੋਂ ਨੇ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਚੰਗੇ ਲੋਕਾਂ ਦੀ ਸੰਗਤ ਮਿਲੀ ਜਿਨ੍ਹਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।
ਪੂਰਾ ਇੰਟਰਵਿਊ ਸੁਣਨ ਲਈ ਕ੍ਰੈਨਫੀਲਡ ਯੂਨੀਵਰਸਿਟੀ ਦੀ ਵੈੱਬਸਾਈਟ ਕਲਿੱਕ ਕਰੋ:
https://www.cranfield.ac.uk/alumni/communications/alumni-leadership-on-the-go-podcast