ਸਾਓ ਪਾਓਲੋ— ਦੁਨੀਆ ਦੀਆਂ ਉਭਰਦੀਆਂ ਅਰਥਵਿਵਸਥਾਵਾਂ ਦਾ ਰਸਮੀ ਸਮੂਹ ਬ੍ਰਿਕਸ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ। ਇੰਡੋਨੇਸ਼ੀਆ, ਵਿਸ਼ਵ ਵਿੱਚ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼, ਬ੍ਰਿਕਸ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ। ਇਸ ਨਾਲ ਇੰਡੋਨੇਸ਼ੀਆ ਬ੍ਰਿਕਸ ਦਾ ਹਿੱਸਾ ਬਣਨ ਵਾਲਾ 11ਵਾਂ ਦੇਸ਼ ਬਣ ਗਿਆ ਹੈ। ਗਰੁੱਪ ਦੀ ਮੌਜੂਦਾ ਚੇਅਰ ਬ੍ਰਾਜ਼ੀਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਇੰਡੋਨੇਸ਼ੀਆ ਬ੍ਰਿਕਸ ਸਮੂਹ ਦਾ ਪੂਰਾ ਮੈਂਬਰ ਬਣ ਗਿਆ ਹੈ।
ਬ੍ਰਾਜ਼ੀਲ ਨੇ ਕਿਹਾ ਕਿ ਬਲਾਕ ਦੇ ਮੈਂਬਰਾਂ ਨੇ 2023 ਵਿੱਚ ਜੋਹਾਨਸਬਰਗ ਸੰਮੇਲਨ ਵਿੱਚ ਇੰਡੋਨੇਸ਼ੀਆ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਇੰਡੋਨੇਸ਼ੀਆ ਨੂੰ ਗਰੁੱਪ ‘ਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਇੰਡੋਨੇਸ਼ੀਆ ਦੇ ਬ੍ਰਿਕਸ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ਅਤੇ ਬ੍ਰਿਕਸ ਦੇ ਹੋਰ ਮੈਂਬਰ ਗਲੋਬਲ ਗਵਰਨੈਂਸ ਸੰਸਥਾਵਾਂ ਵਿਚ ਸੁਧਾਰ ਦਾ ਸਮਰਥਨ ਕਰਦੇ ਹਨ।
ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਬ੍ਰਾਜ਼ੀਲ ਦੀ ਸਰਕਾਰ ਬ੍ਰਿਕਸ ਵਿੱਚ ਇੰਡੋਨੇਸ਼ੀਆ ਦੇ ਸ਼ਾਮਲ ਹੋਣ ਦਾ ਸੁਆਗਤ ਕਰਦੀ ਹੈ।” “ਦੱਖਣੀ-ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਆਬਾਦੀ ਵਾਲੇ ਦੇਸ਼ ਹੋਣ ਦੇ ਨਾਤੇ, ਇੰਡੋਨੇਸ਼ੀਆ ਬ੍ਰਿਕਸ ਦੇ ਹੋਰ ਮੈਂਬਰਾਂ ਦੇ ਨਾਲ ਗਲੋਬਲ ਸੰਸਥਾਵਾਂ ਦੇ ਸੁਧਾਰ ਦਾ ਸਮਰਥਨ ਕਰਦਾ ਹੈ।”
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਨੇ ਸਾਲ 2009 ‘ਚ ਬ੍ਰਿਕਸ ਦਾ ਗਠਨ ਕੀਤਾ ਸੀ। 2010 ਵਿੱਚ, ਦੱਖਣੀ ਅਫਰੀਕਾ ਨੂੰ ਬ੍ਰਿਕਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ 2024 ਵਿੱਚ ਈਰਾਨ, ਮਿਸਰ, ਇਥੋਪੀਆ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸਾਊਦੀ ਅਰਬ ਨੂੰ ਸ਼ਾਮਲ ਕਰਨ ਲਈ ਸਮੂਹ ਦਾ ਵਿਸਤਾਰ ਕੀਤਾ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly