ਬ੍ਰਸੱਲਜ਼ (ਸਮਾਜ ਵੀਕਲੀ): ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦੀ ਆਲਮੀ ਆਗੂਆਂ ਨੇ ਜ਼ੋਰਦਾਰ ਨਿਖੇਧੀ ਕਰਦਿਆਂ ਯੂਕਰੇਨ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਯੂਰੋਪੀਅਨ ਯੂਨੀਅਨ ਅਤੇ ਹੋਰ ਮੁਲਕਾਂ ਨੇ ਰੂਸ ਖ਼ਿਲਾਫ਼ ਜ਼ਬਰਦਸਤ ਪਾਬੰਦੀਆਂ ਲਾਉਣ ਦਾ ਵਾਅਦਾ ਕੀਤਾ ਹੈ। ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਆਜ਼ਾਦ ਮੁਲਕ ’ਤੇ ‘ਵਹਿਸ਼ੀ ਹਮਲਾ’ ਹੋਇਆ ਹੈ ਜਿਸ ਦਾ ਨਿਸ਼ਾਨਾ ਯੂਰੋਪ ਦੀ ਸਥਿਰਤਾ ਅਤੇ ਕੌਮਾਂਤਰੀ ਸ਼ਾਂਤੀ ਵੀ ਹੈ।
ਉਂਜ ਕਿਸੇ ਨੇ ਵੀ ਯੂਕਰੇਨ ਦਾ ਸਾਥ ਦੇਣ ਲਈ ਫ਼ੌਜ ਭੇਜਣ ਦਾ ਵਾਅਦਾ ਨਹੀਂ ਕੀਤਾ ਹੈ ਕਿਉਂਕਿ ਇਸ ਨਾਲ ਜੰਗ ਯੂਰੋਪ ਤੱਕ ਫੈਲ ਸਕਦੀ ਹੈ ਪਰ ਨਾਟੋ ਨੇ ਰੂਸ ਨਾਲ ਲਗਦੇ ਪੂਰਬੀ ਇਲਾਕੀਆਂ ’ਚ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਹੈ। ਲਿਥੁਆਨੀਆ ਨੇ ਮੁਲਕ ’ਚ ਐਮਰਜੈਂਸੀ ਲਗਾ ਦਿੱਤੀ ਹੈ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਬਾਰੇ ਮੁਖੀ ਜੋਸਪ ਬੋਰੈੱਲ ਨੇ ਕਿਹਾ ਕਿ ਰੂਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ ਜੋ ਪਹਿਲਾਂ ਕਦੇ ਨਹੀਂ ਲਾਈਆਂ ਗਈਆਂ ਸਨ। ਬੋਰੈੱਲ ਨੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ ਅਤੇ ਇਹ ਮਨੁੱਖੀ ਹੋਂਦ ਦੇ ਮੁੱਢਲੇ ਸਿਧਾਂਤਾਂ ਦੀ ਵੀ ਉਲੰਘਣਾ ਹੈ।
ਇੰਗਲੈਂਡ, ਆਸਟਰੇਲੀਆ, ਕੈਨੇਡਾ, ਜਾਪਾਨ, ਦੱਖਣੀ ਕੋਰੀਆ ਅਤੇ ਹੋਰ ਕਈ ਯੂਰੋਪੀਅਨ ਮੁਲਕਾਂ ਨੇ ਵੀ ਰੂਸ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਕਿਹਾ ਕਿ ਫਰਾਂਸ ਅਤੇ ਯੂਰੋਪੀਅਨ ਭਾਈਵਾਲ ਯੂਕਰੇਨ ’ਤੇ ਹੋਏ ਹਮਲੇ ਨੂੰ ਰੋਕਣ ਲਈ ਹਰਸੰਭਵ ਯਤਨ ਕਰਨਗੇ। ਟੀਵੀ ’ਤੇ ਕੌਮ ਦੇ ਨਾਮ ਪ੍ਰਸਾਰਿਤ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਰੂਸ ਨੂੰ ਜਵਾਬ ਦੇਣ ’ਚ ਕੋਈ ਢਿੱਲ ਨਹੀਂ ਦਿਖਾਈ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly