ਕੀਵ ’ਚ ਅੰਬੈਸੀ ਦੇ ਬਾਹਰ ਇਕੱਤਰ ਭਾਰਤੀ ਵਿਦਿਆਰਥੀ ਸੁਰੱਖਿਅਤ ਥਾਂ ’ਤੇ ਤਬਦੀਲ

ਨਵੀਂ ਦਿੱਲੀ (ਸਮਾਜ ਵੀਕਲੀ):  ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਸ਼ੁਰੂ ਕੀਤੀ ਫੌਜੀ ਕਾਰਵਾਈ ਮਗਰੋਂ ਅੱਜ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਕੀਵ ਵਿਚਲੀ ਭਾਰਤੀ ਅੰਬੈਸੀ ਦੇ ਬਾਹਰ ਇਕੱਤਰ ਹੋ ਗਏ ਤੇ ਉਨ੍ਹਾਂ ਮਦਦ ਦੀ ਗੁਹਾਰ ਲਗਾਈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਅੰਬੈਸੀ ਉਨ੍ਹਾ ਦੀ ਖੈਰੀਅਤ ਤੇ ਸੁਰੱਖਿਆ ਨੂੰ ਯਕੀਨੀ ਬਣਾਏ। ਸਰਕਾਰੀ ਸੂਤਰਾਂ ਨੇ ਕਿਹਾ ਕਿ ਅੰਬੈਸੀ ਨੇ ਵਿਦਿਆਰਥੀਆਂ ਲਈ ਨੇੇੜੇ ਹੀ ਸੁਰੱਖਿਅਤ ਟਿਕਾਣੇ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਉਥੇ ਤਬਦੀਲ ਕਰ ਦਿੱਤਾ।

ਸੂਤਰਾਂ ਨੇ ਕਿਹਾ, ‘‘ਮੌਜੂਦਾ ਸਮੇਂ ਅੰਬੈਸੀ ਦੇ ਬਾਹਰ ਕੋਈ ਵੀ ਭਾਰਤੀ ਨਾਗਰਿਕ ਨਹੀਂ ਹੈ। ਜਿਹੜੇ ਇੱਕਾ ਦੁੱਕਾ ਵਿਦਿਆਰਥੀ ਆਏ ਵੀ, ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਭੇਜ ਦਿੱਤਾ।’’ ਅੰਬੈਸੀ ਨੇ ਕਿਹਾ ਕਿ ਦੋ ਸੌ ਦੇ ਕਰੀਬ ਭਾਰਤੀ ਵਿਦਿਆਰਥੀਆਂ ਲਈ ਆਸਰੇ ਦਾ ਪ੍ਰਬੰਧ ਕੀਤਾ ਗਿਆ ਹੈ। ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਪਾਰਥਾ ਸਤਪਤੀ ਮਗਰੋਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘‘ਤੁਹਾਡੇ ਸਾਰਿਆਂ ਲਈ ਅੱਜ ਦਾ ਦਿਨ ਕਾਫ਼ੀ ਬੇਚੈਨ ਕਰਨ ਵਾਲਾ ਸੀ…ਅਸੀਂ ਸੁਣਿਆ ਹੈ ਕਿ ਤੁਹਾਡੀ ਉਡਾਣ ਰੱਦ ਹੋ ਗਈ ਸੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਰਸ਼ਲ ਲਾਅ ਲਾਗੂ ਹੈ ਤੇ ਇੰਨੇ ਲੋਕਾਂ ਨੂੰ ਇਕੱਠਿਆਂ ਨਹੀਂ ਕੀਤਾ ਜਾ ਸਕਦਾ।’’ ਮੌਜੂਦਾ ਸਮੇਂ ਯੂਕਰੇਨ ਵਿੱਚ 20,000 ਭਾਰਤੀ, ਜਿਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਹਨ, ਫਸੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਲਮੀ ਆਗੂਆਂ ਵੱਲੋਂ ਹਮਲੇ ਦੀ ਜ਼ੋਰਦਾਰ ਨਿਖੇਧੀ
Next articleAkali leader Majithia sent to judicial custody till March 8