ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸਬਰ ਤੋਂ ਕੰਮ ਲੈਣ ਤੇ ਸੁਰੱਖਿਅਤ ਰਹਿਣ ਦੀ ਸਲਾਹ

 

  • ਯੂਕਰੇਨ ਵੱਲੋਂ ਹਵਾਈ ਲਾਂਘਾ ਬੰਦ ਕੀਤੇ ਜਾਣ ਕਰਕੇ ਅੱਧ ਵਿਚਾਲਿਓਂ ਮੁੜਿਆ ਏਅਰ ਇੰਡੀਆ ਦਾ ਜਹਾਜ਼
  • ਯੂਕਰੇਨ ਤੋਂ 182 ਭਾਰਤੀ ਦਿੱਲੀ ਪੁੱਜੇ

ਨਵੀਂ ਦਿੱਲੀ (ਸਮਾਜ ਵੀਕਲੀ): ਰੂਸ ਵੱਲੋਂ ਯੂਕਰੇਨ ’ਤੇ ਚੜ੍ਹਾਈ ਕੀਤੇ ਜਾਣ ਦਰਮਿਆਨ ਯੂਕਰੇਨ ਵਿਚਲੀ ਭਾਰਤੀ ਅੰਬੈਸੀ ਨੇ ਅੱਜ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਰ-ਸੰਤੋਖ਼ ਨਾਲ ਕੰਮ ਲੈਣ ਅਤੇ ਜਿੱਥੇ ਵੀ ਹਨ, ਉਥੇ ਸੁਰੱਖਿਅਤ ਰਹਿਣ। ਇਸ ਦੌਰਾਨ ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਨੇ ਮੁਲਕ ਵਿੱਚ ਰਹਿੰਦੇ ਪਰਵਾਸੀ ਭਾਰਤੀਆਂ ਨੂੰ ਉਥੇ ਫਸੇ ਭਾਰਤੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਅੰਬੈਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਵੱਲੋਂ ਸਿਵਲ ਏਅਰਕ੍ਰਾਫਟਾਂ ਲਈ ਆਪਣਾ ਹਵਾਈ ਲਾਂਘਾ ਬੰਦ ਕੀਤੇ ਜਾਣ ਮਗਰੋਂ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਬਦਲਵੇੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅੰਬੈਸੀ ਨੇ ਕਿਹਾ ਕਿ ਜਿਵੇਂ ਹੀ ਕਿਸੇ ਪ੍ਰਬੰਧ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ, ਇਸ ਬਾਰੇ ਸੂਚਿਤ ਕੀਤਾ ਜਾਵੇਗਾ, ਤਾਂ ਕਿ ਭਾਰਤੀ ਨਾਗਰਿਕਾਂ ਨੂੰ ਮੁਲਕ ਦੇ ਪੱਛਮੀ ਹਿੱਸੇ ਵਿੱਚ ਲਿਆਂਦਾ ਜਾ ਸਕੇ। ਦੱਸਣਾ ਬਣਦਾ ਹੈ ਕਿ ਭਾਰਤੀ ੲੇਅਰਲਾਈਨ ਦੀ ਉਡਾਣ ਏਆਈ 1947 ਅੱਜ ਸਵੇਰੇ ਸਾਢੇ ਸੱਤ ਵਜੇ ਯੂਕਰੇਨ ਦੀ ਰਾਜਧਾਨੀ ਕੀਵ ਲਈ ਰਵਾਨਾ ਹੋਈ ਸੀ, ਪਰ ਯੂਕਰੇਨ ਵੱਲੋਂ ਆਪਣਾ ਹਵਾਈ ਲਾਂਘਾ ਬੰਦ ਕੀਤੇ ਜਾਣ ਕਰਕੇ ਜਹਾਜ਼ ਨੂੰ ਅੱਧ ਵਿਚਾਲਿਓਂ ਮੁੜਨਾ ਪਿਆ।

ਜਹਾਜ਼ ਉਦੋਂ ਇਰਾਨ ਦੇ ਹਵਾਈ ਖੇਤਰ ਉੱਤੋਂ ਦੀ ਲੰਘ ਰਿਹਾ ਸੀ। ਭਾਰਤੀ ਅੰਬੈਸੀ ਨੇ ਸੱਜਰੀ ਐਡਵਾਈਜ਼ਰੀ ਵਿੱਚ ਕਿਹਾ, ‘‘ਯੂਕਰੇਨ ਦੇ ਮੌਜੂਦਾ ਹਾਲਾਤ ਕਾਫੀ ਡਾਵਾਂਡੋਲ ਹਨ। ਕ੍ਰਿਪਾ ਕਰਕੇ ਜਿੱਥੇ ਵੀ ਹੋ ਉਥੇ ਸਬਰ-ਸੰਤੋਖ ਨਾਲ ਕੰਮ ਲਵੋ ਤੇ ਸੁਰੱਖਿਅਤ ਰਹੋ। ਫਿਰ ਚਾਹੇ ਇਹ ਤੁਹਾਡਾ ਘਰ ਹੋਵੇ, ਹੋਸਟਲ ਹੋਵੇ, ਰਿਹਾਇਸ਼ ਹੋਵੇ ਜਾਂ ਫਿਰ ਤੁਸੀਂ ਰਾਹ ਵਿੱਚ ਹੋਵੋ।’’ ਅੰਬੈਸੀ ਨੇ ਕਿਹਾ, ‘‘ਕੀਵ ਵੱਲ ਸਫ਼ਰ ਕਰ ਰਹੇ, ਜਿਨ੍ਹਾਂ ਵਿੱਚ ਕੀਵ ਦੇ ਪੱਛਮੀ ਹਿੱਸੇ ਤੋਂ ਯਾਤਰਾ ਕਰਨ ਵਾਲੇ ਵੀ ਸ਼ਾਮਲ ਹਨ, ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸ਼ਹਿਰਾਂ, ਖਾਸ ਕਰਕੇ ਪੱਛਮੀ ਮੁਲਕਾਂ ਨਾਲ ਲਗਦੀ ਸਰਹੱਦਾਂ ਦੇ ਨਾਲ ਸੁਰੱਖਿਅਤ ਥਾਵਾਂ ਉੱਤੇ, ਆਰਜ਼ੀ ਤੌਰ ’ਤੇ ਮੁੜ ਜਾਣ।’’ ਨਵੀਂ ਦਿੱਲੀ ਸਥਿਤ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਭਾਰਤ, ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਦੀ ਮਦਦ ਲਈ ਹਰ ਸੰਭਵ ਢੰਗ-ਤਰੀਕਾ ਤਲਾਸ਼ ਰਿਹਾ ਹੈ। ਇਕ ਅਨੁਮਾਨ ਮੁਤਾਬਕ ਮੌਜੂਦਾ ਸਮੇਂ ਯੂਕਰੇਨ ਵਿੱਚ 15000 ਤੋਂ ਵੱਧ ਭਾਰਤੀ ਰਹਿ ਰਹੇ ਹਨ। ਇਸ ਦੌਰਾਨ ਕੀਵ ਤੋਂ ਯੂਕਰੇਨ ਇੰਟਰਨੈਸ਼ਨਲ ਏਅਰਲਾਈਨ ਦੀ ਉਡਾਣ ਅੱਜ ਸਵੇਰੇ ਪੌਣੇ ਅੱਠ ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਤੇ ਭਾਈਵਾਲ ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਣਗੇ: ਬਾਇਡਨ
Next articleRunning out of food & money, Indian students queue up outside Embassy in Kiev