HOME ਉਹ ਸਾਵਣ

ਉਹ ਸਾਵਣ

1
ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ)
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
ਬਿੱਜਲ ਲਿਸ਼ਕ ਡਰਾਵੇ, ਪਰ ਉਹ ਸਾਵਣ ਨਹੀਂ ਆਉਂਦਾ
ਬੱਦਲ ਛਾ ਕੇ ਵਰ੍ਹ ਜਾਵੇ, ਪਰ ਉਹ ਸਾਵਣ ਨਹੀਂ ਆਉਂਦਾ
ਤਪਦੀ ਧਰਤ ਠਰ ਜਾਵੇ, ਪਰ ਉਹ ਸਾਵਣ ਨਹੀਂ ਆਉਂਦਾ
ਵਿੱਚ ਤ੍ਰਿੰਝਣ ਬੋਲੀਆਂ ਨਾਲ ਚਰਖਾ ਵੀ ਪਾਉਂਦਾ ਸੀ ਹੂਕ
ਸ਼ੂਕਦੀ ਆ ਜਾਂਦੀ ਸੀ ਬਾਗਾਂ ਵਿੱਚੋਂ, ਕੋਇਲਾਂ ਦੀ ਵੀ ਕੂਕ
ਹੁਣ ਪਾ ਪੈਲਾਂ ਮੋਰ ਕੋਈ, ਮਨ ਪਰਚਾਵਣ ਨਹੀਂ ਆਉਂਦਾ
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
ਆਪਣੇ ਪੇਕੜੇ ਜਾਵਣ ਦੀ ਹੁੰਦੀ ਸੀ ਤੀਂਘ ਮੁਟਿਆਰਾਂ ਦੀ
ਉੱਤੇ ਸਤਰੰਗੀ ਤੇ ਪਿੱਪਲੀਂ ਹੁੰਦੀ ਸੀ ਪੀਂਘ ਮੁਟਿਆਰਾਂ ਦੀ
ਹੁਣ ਸਿੱਲੀ ਹਵਾ ਦਾ ਕੇਈ ਬੁੱਲਾ ਬੁਲਾਵਣ ਨਹੀਂ ਆਉਂਦਾ
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
ਘਰ ਗ੍ਰਹਿਸਤ ਦਾ ਤੋਕ ਜਿਸ ਵੇਲ਼ੇ ਗਲ਼ ਵਿੱਚ ਪੈ ਜਾਂਦਾ ਹੈ
ਚੁੱਕ ਪੀਪਾ ਸੰਧਾਰੇ ਵਾਲ਼ਾ, ਵੀਰ ਭੈਣ ਦੇ ਰਾਹ ਪੈ ਜਾਂਦਾ ਹੈ
ਹੁਣ ਭਤੀਜ ਵੀ ਭੂਆ ਤੋਂ ਅਸੀਸਾਂ ਪਾਵਣ ਨਹੀਂ ਆਉਂਦਾ
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
ਵਗ ਰਿਹਾ ਹੈ ਝੱਖੜ ਤਰੱਕੀ ਵਾਲਾ, ਹੜ੍ਹ ਤੇ ਗਾਰਾ-ਗਾਰਾ
ਵਿਖਾਵੇ ਵਾਲਾ ਹੈ ਜੀਵਨ, ਪਰ ਮਨ ਉੱਤੇ ਬੋਝ ਭਾਰਾ-ਭਾਰਾ
ਗਲੀ-ਗਲੀ ਵਣਜਾਰਾ ਵੀ ਵੰਙਾਂ ਵਿਖਾਵਣ ਨਹੀਂ ਆਉਂਦਾ
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
ਵਕਤ ਦੇ ਨਾਲ-ਨਾਲ ਅੱਗੇ ਵਧਣਾ ਲਾਜ਼ਮ ਹੈ, ਜ਼ਰੂਰੀ ਹੈ
ਪਰ ਹਿਰਦੇ ਹੋਏ ਬੰਜਰ ਤੇ ਜ਼ੁਬਾਨਾਂ ਖੰਜਰ, ਕੀ ਮਗ਼ਰੂਰੀ ਹੈ
ਝੂਠ ਤੋਂ ਸੱਚ ਰਹੇ ਪਰੇ-ਪਰੇ, ਮੂੰਹ ਲਗਾਵਣ ਨਹੀਂ ਆਉਂਦਾ
ਸਾਵਣ ਮਾਹ ਤਾਂ ਆਵੇ, ਪਰ ਉਹ ਸਾਵਣ ਨਹੀਂ ਆਉਂਦਾ
(ਮਨਜੀਤ ਸਿੰਘ ਬੱਧਣ 9417635053) 
Previous articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਸ਼ਹਿਰ ਦੀ ਸਫਾਈ ਸੰਬੰਧੀ ਕਾਰਜਸਾਧਕ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ
Next articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਅੰਤਰਰਾਸ਼ਟਰੀ ਯੂਥ ਦਿਵਸ ਮਨਾਇਆ