ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ (ਰਜਿ.)ਨੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਇਕ ਵਫਦ ਵਲੋਂ ਕਾਰਜਸਾਧਕ ਅਫਸਰ ਨਗਰ ਕੌਂਸਲ ਗੜ੍ਹਸ਼ੰਕਰ ਦੇ ਨਾਮ ਇੱਕ ਮੰਗ ਪੱਤਰ ਵਾਈਸ ਪ੍ਰਧਾਨ ਕਿਰਪਾਲ ਸਿੰਘ ਪਾਲਾ ਨੂੰ ਸੌਂਪਿਆ ਗਿਆ। ਜਿਸ ਵਿੱਚ ਬੰਗਾ ਰੋਡ ਐਸ.ਡੀ. ਪਬਲਿਕ ਸਕੂਲ ਅਤੇ ਸਮਸ਼ਾਨ ਘਾਟ ਦੇ ਕੋਲ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਮੰਗ ਕੀਤੀ ਗਈ । ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ,ਸਮਾਜ ਸੇਵੀ ਅਤੇ ਪੱਤਰਕਾਰ ਬਲਜਿੰਦਰ ਸਿੰਘ ਕਿਤਨਾ ,ਉੱਘੇ ਸਮਾਜ ਸੇਵੀ ਬੀਰ ਸ਼ਿਵਦੇਵ ਸਿੰਘ ਰਾਣਾ, ਸਾਬਕਾ ਕੌਂਸਲਰ ਹਰਿੰਦਰ ਸਿੰਘ ਮਾਨ, ਸੁਮੀਤ ਸੋਨੀ ਕੌਂਸਲਰ, ਥਾਣੇਦਾਰ ਬਖਸੀਸ ਸਿੰਘ ਆਦਿ ਉਚੇਚੇ ਤੌਰ ਤੇ ਹਾਜਿਰ ਹੋਏ । ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਸਾਡੀਆਂ ਸਰਕਾਰਾਂ ਹਰ ਸਾਲ ਦੋ ਅਕਤੂਬਰ ਨੂੰ ਰਾਸ਼ਟਰੀ ਸਵਛਤਾ ਦਿਨ ਮਨਾਉਂਦੀਆਂ ਹਨ , ਅਤੇ ਸਫਾਈ ਦੇ ਬੜੇ ਬੜੇ ਦਾਅਵੇ ਕਰਦੀਆਂ ਹਨ,ਜੋ ਕਿ ਕਾਗਜਾਂ ਤਕ ਹੀ ਸੀਮਤ ਰਹਿ ਜਾਂਦੇ ਹਨ ਪਰ ਜਮੀਨੀ ਹਕੀਕਤ ਇਸ ਤੋਂ ਅਲੱਗ ਹੈ ,ਥਾਂ ਥਾਂ ਗੰਦਗੀ ਦੇ ਢੇਰ ਲੱਗੇ ਦੇਖਣ ਨੂੰ ਆਮ ਮਿਲ ਜਾਂਦੇ ਹਨ, ਪ੍ਰਸ਼ਾਸ਼ਨ ਨੂੰ ਮੁਹੱਲਿਆਂ ਚ ਗਿੱਲੇ ਅਤੇ ਸੁੱਕੇ ਕੂੜੇ ਲਈ ਪਲਾਸਟਿਕ ਦੇ ਡਸਟਬਿਨ ਰਖਣੇ ਚਾਹੀਦੇ ਹਨ । ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਬੰਗਾ ਰੋਡ ਨਹਿਰ ਦੇ ਕੋਲ ਐਸ ਡੀ ਪਬਲਿਕ ਸਕੂਲ ਦੇ ਸਾਹਮਣੇ ਸ਼ਮਸ਼ਾਨ ਭੂਮੀ ਦੇ ਨਾਲ ਇਕ ਗੰਦੇ ਪਾਣੀ ਦਾ ਛੱਪੜ ਲਗਾ ਹੋਇਆ, ਇਥੇ ਬੰਗਾ ਰੋਡ ਦੇ ਅਧੀਨ ਆਉਂਦੇ ਮੁਹੱਲਿਆਂ ਦਾ ਗੰਦਾ ਪਾਣੀ ਇਸੇ ਛੱਪੜ ਵਿੱਚ ਪੈਂਦਾ ਹੈ ,ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉਸ ਉਪਰ ਡੇਂਗੂ ਵਾਲੇ ਮੱਛਰ ਦਾ ਜਮਾਵੜਾ ਹਰ ਸਮੇਂ ਭਾਰੀ ਗਿਣਤੀ ਵਿੱਚ ਰਹਿੰਦਾ ਹੈ, ਜੋ ਕਿ ਸਕੂਲ ਦੇ ਬੱਚਿਆਂ ਨੂੰ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਲੈ ਸਕਦਾ ਹੈ, ਇਸ ਛੱਪੜ ਨੂੰ ਜਲਦੀ ਤੋਂ ਜਲਦੀ ਇਥੋਂ ਹਟਾਉਣਾ ਚਾਹੀਦਾ ਹੈ। ਬਲਜਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਮੁਹੱਲਿਆਂ ਚ ਪਏ ਖਾਲੀ ਪਲਾਟ ਕੂੜੇ ਦੇ ਢੇਰਾਂ ਅਤੇ ਨਸ਼ੀਲੀਆਂ ਜੜੀਆਂ ਬੂਟੀਆਂ ਦਾ ਘਰ ਬਣ ਰਹੇ ਹਨ ,ਜਿੱਥੇ ਨਸ਼ਾ ਕਰਨ ਵਾਲੇ ਸ਼ਰਾਰਤੀ ਤੱਤਾਂ ਦਾ ਜਮਾਵੜਾ ਬਣਿਆਂ ਰਹਿਣ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਕਾਰਨ ਬਣਦੇ ਹਨ। ਇਸ ਵੱਲ੍ਹ ਵੀ ਯੋਗ ਧਿਆਨ ਦਿੱਤਾ ਜਾਵੇ। ਜੁਆਇੰਟ ਸਕੱਤਰ ਬਲਾਕ ਸੰਤੋਖ਼ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਬਹੁ ਗਿਣਤੀ ਵਿੱਚ ਭਰਮਾਰ ਹੈ, ਹਰ ਗਲੀ ਮੁਹੱਲੇ ਵਿੱਚ ਇਹ ਕੁੱਤੇ ਆਮ ਘੁੰਮਦੇ ਮਿਲ ਜਾਂਦੇ ਹਨ। ਇਹ ਕਿਸੇ ਵੀ ਸਮੇਂ ਬੱਚਿਆਂ ਜਾ ਬਜ਼ੁਰਗ ਵਸਨੀਕਾਂ ਨੂੰ ਕੱਟ ਕੇ ਦੁਰਘਟਨਾ ਗ੍ਰਸਤ ਕਰ ਸਕਦੇ ਹਨ। ਜਿਸ ਦਾ ਹਰ ਸਮੇਂ ਡਰ ਦਾ ਮਹੌਲ ਬਣਿਆ ਰਹਿੰਦਾ ਹੈ ਉਹਨਾਂ ਮੰਗ ਕੀਤੀ ਕਿ ਇਹਨਾਂ ਨੂੰ ਕਾਬੂ ਕਰਨ ਅਤੇ ਪਾਲਤੂ ਕੁੱਤਿਆਂ ਦੇ ਮਾਲਕਾਂ ਲਈ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ, ਜੋ ਕਿ ਥਾਂ ਥਾਂ ਤੇ ਕੁੱਤੇ ਘੁਮਾ ਕੇ ਗੰਦਗੀ ਫੈਲਾਉਂਦੇ ਹਨ । ਇਸ ਮੌਕੇ ਹਾਜਿਰ ਵਾਈਸ ਪ੍ਰਧਾਨ ਕਿਰਪਾਲ ਸਿੰਘ ਪਾਲਾ ਵਲੋ ਛੇਤੀ ਹੀ ਇਹਨਾਂ ਮੰਗਾ ਦੇ ਹਲ਼ ਲਈ ਠੋਸ ਕਦਮ ਚੁੱਕਣ ਅਤੇ ਜਲਦੀ ਹੀ ਲੋੜੀਂਦੀ ਕਾਰਵਾਈ ਦਾ ਆਏ ਹੋਏ ਮੋਹਤਵਰ ਸੱਜਣਾ ਨੂੰ ਭਰੋਸਾ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਥਾਣੇਦਾਰ ਬਖਸੀਸ ਸਿੰਘ,ਉੱਘੇ ਸਮਾਜ ਸੇਵੀ ਬੀਰ ਸ਼ਿਵਦੇਵ ਸਿੰਘ,ਬਲਜਿੰਦਰ ਸਿੰਘ ਕਿਤਨਾ, ਸੁਰਜੀਤ ਸਿੰਘ , ਹਰਿੰਦਰ ਵ ਸਿੰਘ ਮਾਨ, ਸੁਮਿਤ ਕੁਮਾਰ ਸੋਨੀ ਕੌਂਸਲਰ,ਪਰਮਜੀਤ ਸਿੰਘ ਪੰਮਾ ਅਤੇ ਹੋਰ ਪਤਵੰਤੇ ਹਾਜਰ ਸਨ।
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਸ਼ਹਿਰ ਦੀ ਸਫਾਈ ਸੰਬੰਧੀ ਕਾਰਜਸਾਧਕ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



