HOME ” ਦੂਰਸੰਚਾਰ ਹੈ ਤਾਂ ਵਿਕਸਤ ਸੰਸਾਰ ਹੈ”

” ਦੂਰਸੰਚਾਰ ਹੈ ਤਾਂ ਵਿਕਸਤ ਸੰਸਾਰ ਹੈ”

1
    (ਸਮਾਜ ਵੀਕਲੀ)   ਅੱਜ  ਦੁਨੀਆਂ ਭਰ ਵਿੱਚ ਵਿਸ਼ਵ ਦੂਰਸੰਚਾਰ ਦਿਵਸ ਮਨਾਇਆ ਜਾ ਰਿਹਾ ਹੈ ਜੋ ਕਿ 1969 ਤੋਂ ਹਰ ਸਾਲ 17 ਮਈ ਨੂੰ ਮਨਾਇਆ ਜਾਂਦਾ ਆ ਰਿਹਾ ਹੈ ਜਿਸਦਾ ਦਾ ਮਕਸਦ ਲੋਕਾਂ ਨੂੰ ਦੂਰਸੰਚਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਪਹੁੰਚ ਬਣਾਉਣ ਦੇ ਨਾਲ-ਨਾਲ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਅੱਜ ਦੁਨੀਆਂ ਚੰਦਰਮਾ ਤੇ ਪਹੁੰਚ ਚੁੱਕੀ ਹੈ ਇਹੋ ਜਿਹੀਆਂ ਅਨੇਕਾਂ ਉਪਲੱਬਧੀਆਂ ਲਈ ਦੂਰਸੰਚਾਰ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਦੂਰਸੰਚਾਰ ਦਾ ਇਤਿਹਾਸ ਅਫਰੀਕਾ, ਅਮਰੀਕਾ ਅਤੇ ਏਸ਼ੀਆ ਦੇ ਕੁੱਝ ਹਿੱਸਿਆਂ ਵਿੱਚ ਧੂਏਂ ਦੇ ਸੰਕੇਤਾਂ ਅਤੇ ਡਰੱਮ ਦੇ ਇਸਤੇਮਾਲ ਨਾਲ ਸ਼ੁਰੂ ਹੋਇਆ ਰਾਜੇ ਮਹਾਰਾਜੇ ਵੀ ਸੰਕੇਤ ਭੇਜਣ ਲਈ ਧੂਏਂ ਅਤੇ ਨਗਾਰੇ ਦਾ ਇਸਤੇਮਾਲ ਕਰਦੇ ਸਨ ਉਸ ਵਕਤ ਦੇ ਇਹੀ ਸਿਗਨਲ ਸਨ ਹੌਲੀ ਹੌਲੀ ਦੂਰਸੰਚਾਰ ਨੇ ਤਰੱਕੀ ਕੀਤੀ ਅਤੇ ਬਿਜਲੀ ਅਤੇ ਅਵਾਜ਼ ਤਰੰਗਾਂ ਦੀ ਨਵੀਂ ਤਕਨੀਕ ਨੇ ਦੁਨੀਆਂ ਨੂੰ ਨਵੀਂ ਦਿਸ਼ਾ ਦਿੱਤੀ। ਸੰਚਾਰ ਅਤੇ ਸੂਚਨਾ ਕਿਸੇ ਵੀ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਤੋਂ ਬਿਨਾਂ ਸਾਡਾ ਸਮਾਜ ਅਤੇ ਦੇਸ਼ ਹਨੇਰੇ ਯੁੱਗ ਵਿੱਚ ਰਹਿ ਰਿਹਾ ਹੋਵੇਗਾ। ਦੂਰਸੰਚਾਰ ਕ੍ਰਾਂਤੀ ਦੀ ਬਦੌਲਤ ਅੱਜ ਕੋਈ ਵੀ ਜਾਣਕਾਰੀ ਸਕਿੰਟਾਂ ਵਿੱਚ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਲੋਕ ਆਸਾਨੀ ਨਾਲ ਇੱਕ ਦੂਜੇ ਨਾਲ ਸੰਪਰਕ ਕਰ ਸਕਦੇ ਹਨ। ਕਿਸੇ ਵੀ ਖੇਤਰ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਉਹ ਦੁਨੀਆਂ ਭਰ ਵਿੱਚ ਵਿਕਸਤ ਹੋ ਰਹੀ ਨਵੀਂ ਤਕਨੀਕ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹਿਣ। ਇਸ ਦਿਸ਼ਾ ਵਿੱਚ ਦੂਰਸੰਚਾਰ ਮੀਡੀਆ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਿਨ੍ਹਾਂ ਦੇਸ਼ਾਂ ਨੇ ਦੂਰਸੰਚਾਰ, ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਹੈ ਉਹ ਦੇਸ਼ ਵਿਕਸਤ ਦੇਸ਼ ਬਣ ਚੁੱਕੇ ਹਨ। ਕੁਝ ਮਹਾਨ ਖੋਜਕਾਰ ਵਿਗਿਆਨੀ ਦੁਨੀਆਂ ਲਈ ਉਹ ਕੁਝ ਕਰ ਗਏ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵੱਲੋਂ ਕੱਢੀਆਂ ਕਾਢਾ ਕਾਰਨ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਇਕਲ ਤੋਂ ਲੈਕੇ ਜਹਾਜ਼ ਅਤੇ ਟੈਲੀਫੋਨ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕੀ ਜਾਣਦੇ ਹਨ ਪਰ ਸੱਚਮੁੱਚ ਅਜਿਹੇ ਮਹਾਨ ਖੋਜਕਾਰ ਪੂਜਣ ਯੋਗ ਹਨ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਦੇ ਬਹੁਤ ਸਾਰੇ ਦੇਸ਼ ਵਿਕਾਸ ਦੀ ਸਿਖਰ ਤੇ ਹਨ ਅਤੇ ਗਰੀਬੀ ਮੁਕਤ ਦੇਸ਼ ਬਣਕੇ ਸਾਰੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ ਪਰ ਅਫਸੋਸ ਕਿ ਭਾਰਤ ਨਵੀਂ ਤਕਨਾਲੋਜੀ ਵਿੱਚ ਵਿਕਸਤ ਦੇਸ਼ਾਂ ਤੋਂ ਬਹੁਤ ਪਿੱਛੇ ਚੱਲ ਰਿਹਾ ਹੈ। ਭਾਰਤ ਵਿੱਚ ਅਜਿਹੇ ਮਹਾਨ ਖੋਜਕਾਰਾਂ ਅਤੇ ਵਿਗਿਆਨੀਆ ਦੀ ਸੋਚ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਅੰਧਵਿਸ਼ਵਾਸ, ਰੂੜੀਵਾਦੀ ਸੋਚ ਅਤੇ ਅਖੌਤੀ ਬਾਬਿਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਜੇਕਰ ਦੂਰਸੰਚਾਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਹੀ ਦੁਨੀਆ ਦੇ ਹਰ ਕੋਨੇ ਵਿਚ ਆਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫੋਨ ਦੀ ਘੰਟੀ ਐਵੇਂ ਨਹੀਂ ਵੱਜਣ ਲੱਗੀ ਸੀ। ਇਸ ਪਿੱਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਮਿਹਨਤ ਲੱਗੀ ਹੋਈ ਹੈ ਜਿਸ ਦੀ ਬਦੌਲਤ ਅੱਜ ਦੁਨੀਆਂ ਦਾ ਹਰ ਵਿਅਕਤੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਵਿਚ ਲੈਕੇ ਘੁੰਮ ਰਿਹਾ ਹੈ ਭਾਵ ਕਿ ਹਰ ਕਿਸੇ ਕੋਲ ਮੋਬਾਇਲ ਹੈ ਬੇਸ਼ੱਕ ਕੁੱਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ ਅੱਜ ਇਨਸਾਨ ਰੋਟੀ ਤੋਂ ਬਿਨਾਂ ਚਾਰ ਦਿਨ ਰਹਿ ਸਕਦਾ ਹੈ ਪਰ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂ ਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫ਼ਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿਲ ਪੇਮੈਂਟ ਆਦਿ ਬਹੁਤ ਸਾਰੇ ਕੰਮ ਮੋਬਾਈਲ ਤੇ ਹੀ ਹੋਣ ਲੱਗ ਪਏ ਹਨ ਅਤੇ ਇਸ ਨੇ ਦੁਨੀਆ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ ਕੀਤਾ ਹੈ। ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ ਉਹ ਵੀ ਤਸਵੀਰਾਂ ਨਾਲ ਕੋਈ ਵਕਤ ਸੀ ਜਦੋਂ ਟੈਲੀਫੋਨ ਇਜ਼ਾਦ ਨਹੀਂ ਹੋਇਆ ਸੀ ਲੋਕੀ ਆਪਣੇ ਸੁਨੇਹੇ ਢੋਲ ,ਨਗਾਰੇ ਅਤੇ ਕਬੂਤਰਾਂ ਦੇ ਪੈਰਾਂ ਵਿੱਚ ਚਿਠੀ ਬੰਨ੍ਹ ਕੇ ਭੇਜਦੇ ਸੀ ਫਿਰ ਹੌਲੀ ਹੌਲੀ ਚਿੱਠੀਆਂ ਦਾ ਦੌਰ ਚੱਲਿਆ। ਫਿਰ ਵਕਤ ਨੇ ਨਵੀਂ ਕਰਵਟ ਲਈ ਅਤੇ ਸਕਾਟਲੈਂਡ ਦੇ ਸ਼ਹਿਰ ਐਡਨਬਰਗ ਵਿਚ 3 ਮਾਰਚ 1847 ਨੂੰ ਟੈਲੀਫੋਨ ਦੀ ਬੈਲ ਬਜਾਉਣ ਵਾਲੇ ਐਲੇਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਹੋਇਆ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰੇ ਟੈਲੀਫੋਨ ਦੀ ਘੰਟੀ ਨਹੀਂ ਸੀ ਵੱਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜੀਨੀਅਰ ਅਤੇ ਅਧਿਆਪਕ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿਚ ਕੰਮ ਕਰਨ ਦੀ ਕਾਢ ਕੱਢੀ ਅਤੇ ਹੁਣ ਤਕ ਉਸ ਦੇ ਨਾਂ ਉੱਤੇ ਪੇਟੈਂਟ ਹੈ ਭਾਵ ਸਰਕਾਰੀ ਮੋਹਰ ਹੈ। ਬੈੱਲ ਉਮਰ ਦੇ ਮੁੱਢਲੇ ਸਾਲਾਂ ਵਿਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ। ਉਹ ਆਪਣੀ ਆਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪਰਿਵਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲ਼ੇ ਹੋਣ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ। ਇਸ ਲਈ ਉਸ ਨੇ ਇਸ਼ਾਰਿਆਂ ਦੀ ਭਾਸ਼ਾ ਸਿੱਖੀ। ਬੈੱਲ ਨੇ ਸਿੱਧੇ ਤੌਰ ਉੱਤੇ ਇਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ’ਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ। ਮਾਤਾ ਦੇ ਬੋਲ਼ੇਪਨ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿਚ ਵਾਧਾ ਹੋਇਆ। ਉਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਦਾਦੇ ਨਾਲ ਲੰਡਨ ਚਲਾ ਗਿਆ। ਆਪਣੇ ਦਾਦੇ ਕੋਲ ਰਹਿੰਦੇ ਹੋਏ ਉਸ ਅੰਦਰ ਸਿੱਖਣ ਲਈ ਪਿਆਰ ਅਤੇ ਲੰਬਾ ਸਮਾਂ ਗੰਭੀਰ ਮਸਲਿਆਂ ਉੱਤੇ ਤਰਕ- ਵਿਚਾਰ ਕਰਨ ਦਾ ਮੌਕਾ ਮਿਲਿਆ। ਉਸ ਨੇ ਲਤੀਨੀ ਸਕਾਟਿਸ, ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ। ਬੈੱਲ 1865 ਵਿਚ ਪਰਿਵਾਰ ਸਮੇਤ ਲੰਡਨ ਚਲਾ ਗਿਆ। ਉੱਥੇ ਉਸ ਨੇ ਆਵਾਜ਼ ਪ੍ਰਤੀ ਬਿਜਲੀ ਦੇ ਸਬੰਧ ਵਿਚ ਪ੍ਰਯੋਗ ਕੀਤੇ। ਗ੍ਰਾਹਮ ਬੈੱਲ ਬੋਲ਼ਿਆਂ ਦੇ ਸਕੂਲ ਵਿਚ ਆਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ਤੇ ਸਕੂਲ ’ਚ ਸਿੱਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟਰੇਨਿੰਗ ਦੇਣ ਵਿੱਚ ਵੀ ਕਾਮਯਾਬ ਰਿਹਾ। ਉਸ ਨੇ ਬੋਲ਼ੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਗ੍ਰਾਹਮ ਬੈੱਲ ਵਲੋਂ 1876 ਵਿੱਚ ਪਹਿਲਾਂ ਟੈਲੀਫੋਨ ਇਜ਼ਾਦ ਕੀਤਾ ਗਿਆ ਅਤੇ 1888 ਵਿੱਚ ਅਲਮੋਨ ਦੇ ਸਟਰੌਜਰ ਵਲੋਂ ਪਹਿਲੀ ਟੈਲੀਫੋਨ ਐਕਸਚੇਂਜ ਦੀ ਕਾਢ ਕੱਢੀ ਗਈ। ਇਸ ਤੋਂ ਬਾਅਦ 1970 ਤੋਂ 1980 ਦੇ ਵਿਚਾਲੇ ਡਿਜੀਟਲ ਐਕਸਚੇਂਜਾ ਦਾ ਦੌਰ ਸ਼ੁਰੂ ਹੋਇਆ ਜਿਨਾਂ ਵਿੱਚ ਕਰੌਸ ਵਾਰ, ਅਤੇ ਈ.ਐਸ.ਐਸ ਐਕਸਚੇਂਜਾ ਮੁੱਖ ਸਨ। ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਜਾਂ ਇਜ਼ਾਦ ਹੋਈਆਂ ਜਿਨ੍ਹਾਂ ਵਿੱਚ E-10B , C.DOT,  5 ESS, ਅਦਿ ਮੁੱਖ ਸਨ। ਇਸ ਤੋਂ ਬਾਅਦ 3 ਅਪ੍ਰੈਲ 1973 ਨੂੰ ਦੁਨੀਆਂ ਦਾ ਪਹਿਲਾ ਮੋਬਾਈਲ ਫੋਨ ਇਜ਼ਾਦ ਹੋਇਆ ਜਿਸ ਦਾ ਵਜ਼ਨ ਕਰੀਬ 2 ਕਿਲੋ ਸੀ। ਭਾਰਤ ਵਿੱਚ ਪਹਿਲਾਂ ਮੋਬਾਈਲ ਫੋਨ 21 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਉਤੀ ਬਾਸੂ ਜੀ ਵਲੋਂ ਲਾਂਚ ਕੀਤਾ ਗਿਆ। ਹੁਣ ਇਹ ਤਕਨੀਕ 5G ਤੱਕ ਪਹੁੰਚ ਚੁੱਕੀ ਹੈ। ਅੱਜ ਦੁਨੀਆਂ ਦਾ ਹਰ ਖੇਤਰ ਬੈਂਕਿੰਗ, ਇੰਡਸਟਰੀਜ਼, ਆਰਮੀ, ਪੁਲਿਸ, ਸਿਹਤ, ਸਿੱਖਿਆ ਅਦਿ ਦੂਰਸੰਚਾਰ ਨਾਲ ਜੁੜੇ ਹੋਏ ਹਨ। ਅਫਸੋਸ ਦੀ ਗੱਲ ਹੈ ਕਿ ਭਾਰਤ ਸਮੇਤ ਕਈ ਦੇਸ਼ ਅਜੇ ਵੀ ਵਿਗਿਆਨ, ਤਕਨਾਲੋਜੀ, ਅਤੇ ਖੋਜਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਕਾਫੀ ਫਾਡੀ ਰਹਿ ਗਏ ਹਨ। ਅੱਜ ਦੇਸ਼ ਨੂੰ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ,ਅਤੇ ਰੂੜੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ ਦੀ ਲੋੜ ਹੈ। ਅੱਜ ਦੇਸ਼ ਨੂੰ ਪਖੰਡੀ ਬਾਬੇ ਨਹੀਂ ਵਿਗਿਆਨੀ ਪੈਦਾ ਕਰਨ ਦੀ ਲੋੜ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਦੀਪ ਸੈਣੀ ਦੁਆਰਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੰਗਾਂ ਰੋਡਾ ਵਿੱਚ ਵਿਕਾਸ ਕਾਰਜ਼ਾਂ ਦਾ ਉਦਘਾਟਨ
Next articleਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋ ਹੋਏਗਾ ਸੈਨਿਕਾਂ ਦਾ ਸਨਮਾਨ:- ਉਪ ਕੁੱਲਪਤੀ ਡਾ.ਰਾਜੀਵ ਸੂਦ