ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਵਾਈਸ ਪ੍ਰਧਾਨ ਕਿਰਨ ਬਾਲਾ ਮੋਰਾਂਵਾਲੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਅਤੇ ਸਰਗਰਮੀਆਂ ਨੇ ਤੇਜੀ ਫੜ ਲਈ । ਚੋਣਾਂ ਦੇ ਐਲਾਨ ਨਾਲ ਹੀ ਚੋਣਾਂ ਲਈ ਸਟਾਫ ਦੀ ਨਿਯੁਕਤੀ ਲਈ ਸਕੂਲ ਵਿੱਚੋਂ ਆਧਿਆਪਕ ਸਹਿਬਾਨ ਨੂੰ ਬਲੀ ਦਾ ਬਕਰਾ ਬਣਾਇਆ ਜਾਵੇਗਾ। ਜੋ ਕਿ ਸਾਡੇ ਦੇਸ਼ ਦੀ ਬਦਕਿਸਮਤੀ ਹੈ। ਇਕ ਤਾਂ ਸਕੂਲਾਂ ‘ਚ ਸਟਾਫ ਦੀ ਕਮੀ ਹੈ ਅਤੇ ਜਿਹੜੇ ਅਧਿਆਪਕ ਹਨ, ਉਹਨਾਂ ਦੀਆਂ ਡਿਊਟੀਆਂ ਚੋਣਾਂ ਵਿੱਚ ਲਗਾ ਦਿੱਤੀਆਂ ਜਾਣਗੀਆਂ। ਸਕੂਲਾਂ ਵਿਚੋਂ ਲਿਸਟਾਂ ਮੰਗ ਲਈਆਂ ਗਈਆਂ ਹਨ। ਇਕ ਪਾਸੇ ਚੋਣਾਂ ਦਾ ਐਲਾਨ ਹੋਣ ਨਾਲ ਅਧਿਆਪਕਾਂ ਦੇ ਸਿਰ ਤੇ ਚੋਣ ਡਿਊਟੀ ਦੀ ਤਲਵਾਰ ਲਟਕ ਜਾਣੀ ਹੈ ਅਤੇ ਦੂਜੇ ਪਾਸੇ ਸਿੱਖਿਆ ਵਿਭਾਗ ਵਲੋ ਸਤੰਬਰ ਟੈਸਟ ਸਟਾਰਟ ਹੋ ਗਏ ਹਨ। ਹੁਣ ਅਧਿਆਪਕ ਸਹਿਬਾਨ ਰਿਹਰਸਲਾਂ ਤੇ ਜਾਣਗੇ, ਜਾ ਫਿਰ ਬੱਚਿਆ ਦੇ ਪੇਪਰ ਪਵਾਉਣਗੇ, ਇਹ ਸੋਚਣ ਵਾਲੀ ਗੱਲ ਹੈ।ਸਰਕਾਰ ਅਤੇ ਅਧਿਆਪਕਾਂ ਦੀ ਡਿਊਟੀ ਦੀ ਇਸ ਲੁਕਣ ਮੀਚੀ ਬੱਚਿਆ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗਣ ਜਾ ਰਿਹਾ ਹੈ। ਗੱਲ ਸੋਚਣ ਵਾਲੀ ਹੈ, ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨਾ ਕਿੱਥੇ ਤਕ ਸਹੀ ਹੈ। ਸਾਡੀ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਦੇ ਮੁੱਖ ਮੁੱਦੇ ਨੂੰ ਲੈ ਕੇ ਵਾਇਦਾ ਕਰਕੇ ਜਨਤਾ ਦੀ ਕਚਹਿਰੀ ਵਿਚੋਂ ਆਈ ਸੀ। ਅੱਜ ਓਹੀ ਦੋ ਮੁੱਖ ਮੁੱਦੇ ਰੁਲ ਕੇ ਰਹਿ ਗਏ ਹਨ।ਪ੍ਰਾਈਵੇਟ ਹਸਪਤਾਲਾਂ ਵਾਲੇ ਆਮ ਪਬਲਿਕ ਦਾ ਸੋਸ਼ਣ ਕਰ ਰਹੇ ਹਨ ਅਤੇ ਇਲਾਜ਼ ਦੇ ਨਾਮ ਤੇ ਆਮ ਜਨਤਾ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਕਿਉਂਕਿ ਸਰਕਾਰੀ ਹਸਪਤਾਲ ਡਾਕਟਰਾਂ ਅਤੇ ਦਵਾਈਆਂ ਤੋਂ ਵਾਂਝੇ ਹਨ। ਇਸੇ ਤਰਾਂ ਦੂਜੇ ਪਾਸੇ ਸਰਕਾਰੀ ਸਕੂਲ ਅਧਿਆਪਕਾਂ ਅਤੇ ਪੜ੍ਹਾਈ ਤੋਂ ਵਾਂਝੇ ਹਨ। ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਸੂਬਾ ਸਰਕਾਰ ਕੋਲੋ ਮੰਗ ਕਰਦੀ ਹੈ, ਕਿ ਸਕੂਲਾਂ ਵਿੱਚ ਸਿੱਖਿਆ ਦੇ ਮਾਮਲੇ ਵਿਚ ਖਿਲਵਾੜ ਨਾ ਕੀਤਾ ਜਾਵੇ। ਆਉਣ ਵਾਲੀਆਂ ਪੰਚਾਇਤ ਚੋਣਾਂ ਚ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ। ਉਹਨਾ ਦੀ ਜਗ੍ਹਾ ਤੇ ਸੂਬੇ ਦੇ ਨੌਜਵਾਨਾਂ ਨੂੰ ਚੋਣਾਂ ਲਈ ਵਲੰਟੀਅਰ ਦੇ ਤੌਰ ਤੇ ਨਿਯੁਕਤ ਕਰਕੇ ਚੋਣਾਂ ਵਿਚ ਡਿਊਟੀ ਲਗਾਈ ਜਾਵੇ। ਇਸ ਨਾਲ ਇਕ ਤਾਂ ਸਕੂਲਾਂ ਵਿੱਚੋ ਸਿੱਖਿਆ ਦਾ ਨੁਕਸਾਨ ਹੋਣੋਂ ਬਚ ਜਾਵੇਗਾ ਅਤੇ ਬੇਰੁਜਗਾਰੀ ਤੋਂ ਵੀ ਸੂਬੇ ਦੇ ਨੌਜਵਾਨਾਂ ਨੂੰ ਰਾਹਤ ਮਿਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly