HOME ਅੰਧਵਿਸ਼ਵਾਸੀ ਤੇ ਲਾਈਲੱਗ ਪੀੜਿਤ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ...

ਅੰਧਵਿਸ਼ਵਾਸੀ ਤੇ ਲਾਈਲੱਗ ਪੀੜਿਤ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ -ਤਰਕਸ਼ੀਲ

ਮਾਸਟਰ ਪਰਮਵੇਦ
   (ਸਮਾਜ ਵੀਕਲੀ)  ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਗਿਣਨਯੋਗ, ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ । ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਸਹੂਲਤਾਂ ਵਿੱਚ ਵਿਗਿਆਨਕ ਖੋਜਾਂ ਦੀ ਬੱਲੇ ਬੱਲੇ ਹੋ ਰਹੀ ਹੈ।ਇਹ ਵੱਖਰੀ ਗੱਲ ਹੈ ਕਿ ਬਹੁਤ ਵਾਰੀ ਵਿਗਿਆਨਕ ਖੋਜਾਂ ,ਕਾਢਾਂ ਦੀ ਦੁਰਵਰਤੋਂ ਹੁੰਦੀ ਹੈ। ਟੈਲੀਵਿਜ਼ਨ ਲੈ ਲਵੋ ਇਸਨੂੰ ਦੇਖਣ ਸੁਨਣ ਲਈ ਦੋ ਗਿਆਨ ਇੰਦਰੀਆਂ ਅੱਖਾਂ ਤੇ ਕੰਨ ਕੰਮ ਕਰਦੇ ਹਨ,ਇਸ ਲਈ ਇਹ ਸਾਡੇ ਦਿਲ ਦਿਮਾਗ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦੇ ਹਨ।ਪਰ ਅਕਸਰ ਕਾਰਪੋਰੇਟ , ਸਰਮਾਏਦਾਰ , ਸੱਤਾ ਤੇ ਕਾਬਜ਼ ਘਰਾਣੇ ਵਿਗਿਆਨ ਦੀਆਂ ਖੋਜਾਂ,ਤਕਨੀਕਾਂ ਦੀ ਹਮੇਸ਼ਾ ਆਪਣੇ ਮਕਸਦ ਲਈ ਵਰਤਦੇ ਹਨ,ਅੰਧਵਿਸ਼ਵਾਸ ਫੈਲਾਉਂਦੇ ਹਨ। ਇਲੈਕਟ੍ਰੋਨਿਕ ਮੀਡੀਆ ਲੈ ਲਵੋ, ਚੈਨਲਾਂ ਤੇ ਆਉਂਦੇ ਬਹੁਤੇ ਪ੍ਰੋਗਰਾਮ ਅਸਲੀਅਤ ਤੋਂ ਕੋਹਾਂ ਦੂਰ, ਅਸ਼ਲੀਲਤਾ ਤੇ ਮਨਘੜਤ, ਗੈਰ ਵਿਗਿਆਨਕ, ਅਰਥਹੀਣ ਕਹਾਣੀਆਂ ਨਾਲ ਸਬੰਧਤ ਹੁੰਦੇ ਹਨ।ਇਸ ਲਈ ਸਾਡਾ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਬਣ ਰਿਹਾ।ਲੋਕ ਸੁਣੀ ਸੁਣਾਈ ਗੱਲ ਤੇ ਬਹੁਤ ਛੇਤੀ ਵਿਸ਼ਵਾਸ ਕਰ ਲੈਂਦੇ ਹਨ।ਕੀ, ਕਿਉਂ,ਕਿਵੇਂ ਆਦਿ ਵਿਗਿਆਨਕ ਗੁਣ ਪੱਲੇ ਨਹੀਂ ਬੰਨ ਰਹੇ। ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ,ਪਿਛਲੇ ਕਈ ਸਾਲ ਪਹਿਲਾਂ ਲਹਿਰਾਗਾਗਾ ਇਲਾਕੇ ਦੇ ਇੱਕ ਪਿੰਡ ਵਿਖੇ ਇੱਕ ਜੋੜੇ ਦੇ 7- 8 ਕੁੜੀਆਂ ਮਗਰੋਂ ਮੁੰਡੇ ਦਾ ਜਨਮ ਹੋਇਆ। ਦੋ ਕੁ ਮਹੀਨਿਆਂ ਮਗਰੋਂ ਮੁੰਡਾ ਬੀਮਾਰ ਹੋ ਗਿਆ,ਪਿੰਡ ਦੇ ਡਾਕਟਰ ਤੋਂ ਦਵਾਈਆਂ ਲਈਆਂ ਪਰ ਮੁੰਡਾ ਠੀਕ ਨਾ ਹੋਇਆ। ਮੁੰਡਾ ਗੰਭੀਰ ਹਾਲਤ ਵਿੱਚ ਆ ਗਿਆ। ਪਰਿਵਾਰ ਅੰਧਵਿਸ਼ਵਾਸੀ ਸੀ। ਪਿੰਡ ਦੀਆਂ ਔਰਤਾਂ ਆ ਕੇ ਕਹਿਣ ਲੱਗੀਆਂ,” ਮੁੰਡੇ ਨੂੰ ਓਪਰੀ ਕਸਰ ਨਾ ਹੋਵੇ, ਆਪਣੇ ਪਿੰਡ ਦੇ ਡੇਰੇ ਵਾਲਾ ਜਿਹੜਾ ਪੁੱਛਾਂ ਕੱਢਦਾ ਹੈ,ਉਸ ਕੋਲ ਜਾ ਕੇ ਪੁੱਛ ਕੱਢਵਾ ਕੇ ਲਿਆਵੋ।” ਅਤੀ ਗੰਭੀਰ ਹੋਣ ਤੇ ਉਹ ਮੁੰਡੇ ਨੂੰ ਲੈ ਕੇ ਉਸ ਕੋਲ ਪੁੱਛ ਕਢਵਾਉਣ ਗਏ, ਮੁੰਡਾ ਨੇ ਉਥੇ ਆਖ਼ਰੀ ਸਾਹ ਲਿਆ। ਅਖੌਤੀ ਸਿਆਣੇ ਨੇ ਕਿਹਾ ,” ਤੁਹਾਡੇ ਮੁੰਡੇ ਦੀ, ਆਪਣੇ ਪਿੰਡ ਦੇ ਫਲਾਣੇ ਸਿਆਣੇ ਨੇ ਜਾਨ ਲੈ ਕੇ ਉਸ ਦਾ ਗੁਆਂਢੀ ਪਿੰਡ ਵਿੱਚ ਜਨਮ ਦਵਾ ਦਿੱਤਾ ਹੈ।” ਪਰਿਵਾਰ ਇੰਨਾ ਲਾਈਲੱਗ, ਅੰਧਵਿਸ਼ਵਾਸੀ,ਵਹਿਮੀ ਸੀ ਕਿ ਉਸ ਨੇ ਅਖੌਤੀ ਸਿਆਣੇ ਦੀ ਕਹੀ ਇਸ ਸ਼ਰਾਰਤਮਈ,ਝੂਠੀ ,ਮਨਘੜਤ ਗਲ ਨੂੰ ਵੀ ਇੱਕ ਦਮ ਸੱਚ ਮੰਨ ਲਿਆ। ਗੁੱਸੇ ਨਾਲ ਭਰੇ ਪੀਤੇ,ਪਰਿਵਾਰਕ ਮੈਂਬਰ ,ਉਸ ਅਖੌਤੀ ਸਿਆਣੇ ਕੋਲ ਗਏ,ਬਿਨਾਂ ਗਲਬਾਤ ਕੀਤਿਆਂ ਉਸਨੂੰ ਦਰੱਖਤ ਨਾਲ ਬੰਨ ਦਿੱਤਾ। ਦਰੱਖ਼ਤ ਨਾਲ਼ ਬੰਨਣ ਤੋਂ ਬਾਅਦ ਕਹਿੰਦੇ ,”ਸਾਡੇ ਜਵਾਕ ਦੀ ਜਾਨ ਲੈ ਕੇ ਤੂੰ ਫਲਾਣੇ ਪਿੰਡ ਉਸਦਾ ਜਨਮ ਕਿਉਂ ਦਵਾਇਆ।”ਉਹ ਕਹਿੰਦਾ,” ਮੈਂ ਕੁੱਝ ਨਹੀਂ ਕੀਤਾ, ਮੈਨੂੰ ਕੁੱਝ ਨਹੀਂ ਪਤਾ,ਮੈਂ ਸੱਚ ਬੋਲਦਾ ਆਂ। ” ਪਰਿਵਾਰਕ ਮੈਂਬਰਾਂ ਤੇ ਇਸਦਾ ਕੋਈ ਅਸਰ ਨਹੀਂ ਹੋਇਆ, ਸਗੋਂ ਉਨ੍ਹਾਂ ਨੇ ਉਸ ਤੇ ਜੁੱਤੀ ਟੰਗ ਦਿੱਤੀ।ਆਖਰ ਉਸਨੇ ਮੁਆਫੀ ਮੰਗ ਕੇ ਜਾਨ ਬਚਾਈ। ਅਗਲੇ ਦਿਨ ਉਸ ਨੇ ਆਪਣੇ ਜਾਤੀ ਦੇ ਬੰਦਿਆਂ ਨੂੰ ਨਾਲ ਲੈ ਕੇ ਇਕੱਠ ਕੀਤਾ। ਪਿੰਡ ਵਿੱਚ ਕਾਫੀ ਝਗੜਾ ਵੱਧ ਗਿਆ। ਦੋ ਫਿਰਕਿਆਂ ਵਿੱਚ ਲੜਾਈ ਹੋਣ ਜਾ ਰਹੀ ਸੀ। ਮਸਲਾ ਤਰਕਸ਼ੀਲ ਸੁਸਾਇਟੀ ਕੋਲ ਆ ਗਿਆ। ਅਸੀਂ ਮਸਲੇ ਨੂੰ ਡੂੰਘਾਈ ਨਾਲ ਵਿਚਾਰਿਆ ।ਕਾਰਨ ਇਹ ਸੀ ਕਿ ਪਿੰਡ ਵਿੱਚ ਦੋ ਹਮ ਪੇਸ਼ਾਵਰਾਂ ਦੀ ਆਪਸੀ ਰੰਜਿਸ਼ ਸੀ। ਦੋਵੇਂ ਅਖੌਤੀ ਸਿਆਣਪ ਦਾ ਕੰਮ ਕਰਦੇ ਸੀ।ਇੱਕ ਡੇਰੇ ਵਿੱਚ ਕਰਦਾ ਸੀ ,ਦੂਜਾ ਆਪਣੇ ਘਰ। ਦੋਵੇਂ ਇੱਕ ਦੂਜੇ ਦੀ ਬੁਰਾਈ ਕਰਦੇ ਸੀ,ਕਹਿ ਲਵੋ ਇੱਕ ਦੂਜੇ ਤੇ ਲੱਗਦੇ ਸੀ। ਪਹਿਲਾ ਅਖੌਤੀ ਸਿਆਣਾ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।ਸਾਡੀ ਪੰਜ ਮੈਂਬਰੀ ਟੀਮ ਪਿੰਡ ਪਹੁੰਚੀ,ਪਿੰਡ ਦੇ ਲੋਕਾਂ ਦਾ ਇਕੱਠ ਕੀਤਾ,ਸਭ ਤੋਂ ਪਹਿਲਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਦੁੱਖ ਸਾਂਝਾ ਕੀਤਾ। ਉਸਤੋਂ ਬਾਅਦ ਸਮਝਾਇਆ ਕਿ ਇਹ ਦੋਵੇਂ ਹਮ ਪੇਸ਼ਾਵਰ ਹਨ, ਵਿਰੋਧਤਾ ਕੁਦਰਤੀ ਹੈ। ਬਿਨਾਂ ਖੁਵਾਏ, ਬਿਨਾਂ ਹੱਥ ਲਾਏ ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ, ਇਸਤੋਂ ਅੱਗੇ ਕਿਸੇ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਜਿਸ ਸ਼ਕਤੀ ਨਾਲ ਕਿਸੇ ਬੱਚੇ ਨੂੰ ਮਾਰ ਕੇ ,ਉਸ ਦਾ ਕਿਸੇ ਹੋਰ ਦੇ ਘਰ ਜਨਮ ਦਵਾਇਆ ਜਾ ਸਕੇ । ਅਸੀਂ ਪਿੰਡ ਦੇ ਮੋਹਤਬਰਾਂ ਨੂੰ ਕਿਹਾ ਕਿ ਉਸ ਸਿਆਣੇ ਨੂੰ ਜਿਹੜਾ ਕਹਿੰਦਾ ਕਿ ਫਲਾਣੇ ਸਿਆਣੇ ਨੇ ਮੁੰਡੇ ਨੂੰ ਮਾਰ ਕੇ ਅਗਲੇ ਪਿੰਡ ਜਨਮ ਦਵਾ ਦਿੱਤਾ ਹੈ ,ਸਾਡੇ ਕੋਲ ਬੁਲਾਓ ਤੇ ਕਹੋ ਕਿ ਉਹ ਜਿਸ ਚਮਤਕਾਰੀ ਸ਼ਕਤੀ ਨਾਲ ਉਸ ਨੂੰ ਇਹ ਸਾਰਾ ਕੁੱਝ ਪਤਾ ਲੱਗਿਆ ਹੈ ,ਉਸ ਸ਼ਕਤੀ ਨਾਲ ਉਹ ਸਾਡੀਆਂ 23 ਸ਼ਰਤਾਂ ਵਿਚੋਂ ਇੱਕ ਵੀ ਪੂਰੇ ਕਰਕੇ ਦਿਖਾਵੇ ਫਿਰ ਆਪਾਂ ਸਾਰੇ ਉਸਦੀ ਸ਼ਕਤੀ ਮੰਨ ਲਵਾਂਗੇ। ਇੱਕ ਛੋਟੀ ਸ਼ਰਤ,ਸਾਡੀ ਮੁੱਠੀ ਵਿੱਚ ਬੰਦ ਕਰੰਸੀ ਨੋਟ ਦਾ ਨੰਬਰ ਪੜ੍ਹ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਕੇ ਦਿਖਾਵੇ। ਉਸਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਵਾਂਗੇ ਤੇ ਉਸਦੀ ਚਮਤਕਾਰੀ ਸ਼ਕਤੀ ਮੰਨਾਂਗੇ।ਉਸਤੋਂ ਪੁੱਛ ਲਵੋ ਆਪਾਂ ਉਸ ਕੋਲ ਜਾ ਰਹਿੰਦੇ ਹਾਂ। ਉਸ ਕੋਲ ਜਾਣ ਦਾ ਫੈਸਲਾ ਹੋਇਆ।ਅਸੀਂ ਸਾਰੇ ਉਸ ਕੋਲ ਜਾ ਰਹੇ। ਉਸਨੂੰ ਪਤਾ ਲੱਗ ਗਿਆ ਕਿ ਪਿੰਡ ਵਾਲੇ ਤਰਕਸ਼ੀਲਾਂ ਨੂੰ ਲੈ ਕੇ ਆ ਰਹੇ ਹਨ। ਉਹ ਸਾਡੇ ਮੱਥੇ ਨਹੀਂ ਲੱਗਿਆ, ਇੱਧਰ ਉੱਧਰ ਹੋ ਗਿਆ। ਅਸੀਂ ਫਿਰ ਪਿੰਡ ਦੇ ਲੋਕਾਂ ਤੇ ਪੀੜਤਾਂ ਨੂੰ ਕਿਹਾ ਕਿ ਕਿਸੇ ਵੀ ਕੋਲ ਕੋਈ ਸ਼ਕਤੀ ਨਹੀਂ ,ਜਿਸ ਨਾਲ ਅਜਿਹਾ ਕੀਤਾ ਜਾ ਸਕੇ। ਪੀੜਿਤ ਪਰਿਵਾਰ ਸੰਤੁਸ਼ਟ ਸੀ। ਉਨ੍ਹਾਂ ਕਿਹਾ ,”ਅਸੀਂ ਉਸਦੀ ਗੱਲਾਂ ਵਿੱਚ ਆ ਗਏ । ਤੁਸੀਂ ਆ ਗਏ ਵਧੀਆ ਕੀਤਾ,ਸਾਡੀ ਲੜਾਈ ਹੋਣੋਂ ਬਚ ਗਈ।” ਅਸੀਂ ਲੋਕਾਂ ਨੂੰ ਸੁਣੀ ਸੁਣਾਈ ਗੱਲਾਂ ਤੇ ਵਿਸ਼ਵਾਸ ਨਾ ਕਰਨ,ਅੰਧਵਿਸ਼ਵਾਸਾਂ ਦੀ ਦਲਦਲ ਵਿਚੋਂ ਨਿਕਲਣ ਲਈ ਪ੍ਰੇਰਿਆ। ਕਈ ਵਿਅਕਤੀਆਂ ਨੇ ਪੁੱਛਿਆ ,”ਇਨ੍ਹਾਂ ਪੁੱਛਾਂ ਦੇਣ ਵਾਲਿਆਂ, ‘ਸਿਆਣਪ’ ਕਰਨ ਵਾਲਿਆਂ ਕੋਲ ਕੁੱਝ ਨਹੀਂ।”  ਅਸੀਂ ਕਿਹਾ,”ਇੰਨਾਂ ਅਖੌਤੀ ਸਿਆਣਿਆਂ ਕੋਲ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਭਰਮ ਜਾਲ ਵਿੱਚ ਪਾ ਕੇ ਉਨ੍ਹਾਂ ਦੀ ਲੁੱਟ ਕਰਨ ਤੋਂ ਬਿਨਾਂ ਕੁੱਝ ਨਹੀਂ ।” ਪੀੜਿਤ ਪਰਿਵਾਰ ਸਮੇਤ ਲੋਕਾਂ ਨੂੰ ਅਖੌਤੀ ਸਿਆਣਿਆਂ, ਤਾਂਤਰਿਕਾਂ, ਵਾਸਤੂਸ਼ਾਸਤਰੀਆਂ ਦੇ ਭਰਮ ਜਾਲ ਵਿੱਚੋਂ ਨਿਕਲ ਕੇ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ,ਆਪਣੀ ਕਮਾਈ ਆਪਣੇ ਪਰਿਵਾਰ ਤੇ ਖਰਚਣ ,ਬੀਮਾਰੀਆਂ ਵੇਲੇ ਮਾਹਿਰ ਡਾਕਟਰਾਂ ਕੋਲ ਜਾਣ , ਲਾਈਲੱਗਤਾ ਤੇ ਅੰਧਵਿਸ਼ਵਾਸਾਂ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੱਦਾ ਦੇ ਕੇ ਵਾਪਸ ਆ ਗਏ।
ਮਾਸਟਰ ਪਰਮ ਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ ਅਫ਼ਸਰ ਕਲੋਨੀ ਸੰਗਰੂਰ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਏਡੀਜੀਪੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲੇ ਡਾ. ਕਰੀਮਪੁਰੀ, ਕਿਹਾ-ਦੋਸ਼ੀ ਅਫਸਰਾਂ ’ਤੇ ਕਾਰਵਾਈ ਹੋਵੇ
Next articleਸੰਤੁਲਨ ਵਿਗੜਨ ਨਾਲ ਟਰਾਲਾ ਨੈਸ਼ਨਲ ਹਾਈਵੇ ਦੀ ਲੱਗੀ ਰੇਲਿੰਗ ਨਾਲ ਟਕਰਾਇਆ ਵੱਡਾ ਹਾਸਦਾ ਹੋਣੋ ਟਲਿਆ