ਦਗ਼ਦਾ ਸੂਰਜ

ਰਿੱਤੂ ਵਾਸੂਦੇਵ

(ਸਮਾਜ ਵੀਕਲੀ)

ਰਿਸ਼ਤਿਆਂ ਦੇ ਗ਼ਜ਼ ਨਾਲ਼
ਜਿੰਦਗੀ ਮਿਣਦਿਆਂ-ਮਿਣਦਿਆਂ
ਕਿਨਾਰੇ ‘ਤੇ ਪਹੁੰਚ ਗਈ ਹਾਂ,
ਤੇ ਹੱਥਾਂ’ ਚੋਂ ਕਿਰਦੇ ਰਿਸ਼ਤੇ
ਰੱਖ ਦਿੱਤੇ ਨੇ
ਕਿਸੇ ਖ਼ਾਲੀ ਥਾਂ ‘ਤੇ!

ਸ਼ੁਰੂ ਤੋਂ ਵੇਖਾਂ ਤਾਂ
ਇਸ ਦਾ ਹਰ ਰਿਸ਼ਤਾ
ਰਫ਼ੂ ਹੋਇਆ ਲਗਦਾ ਹੈ
ਮਨੁੱਖਤਾ ਦੇ ਸਦੀਵੀ ਲੀੜੇ ਵਾਂਗ,
ਜਿਸ ਵਿੱਚੋਂ ਝਾਕਦੀ ਹੈ
ਸਵਾਰਥ ਦੀ ਤਿਰਛੀ ਅੱਖ!

ਹੁਣ ਥੱਕ ਗਈ ਹੈ
ਦੇਹ ਦੀ ਸੂਈ
ਰਫ਼ੂ ਕਰਦਿਆਂ ਇਸਨੂੰ
ਤੇ ਮੁੱਕ ਚੱਲਿਆ ਹੈ
ਸਾਹਾਂ ਦਾ ਧਾਗਾ ਵੀ!
ਆਹ ! ਦਰਕਿਨਾਰ ਲੰਮੇਰਾ ਸਫ਼ਰ
ਇਸ ਸੂਈ-ਧਾਗੇ ਦਾ!

ਜੀਅ ਤਾਂ ਕਰਦਾ ਹੈ
ਕਿ ਕਹਿ ਦਿਆਂ ਉਸਨੂੰ!
ਕਿ ਜਾਹ! ਲੈ ਜਾ!
ਮੈਨੂੰ ਨਹੀਂ ਚਾਹੀਦੀ
ਐਨੀ ਜ਼ਰਜ਼ਰ ਹੋਈ ਜਿੰਦਗੀ,
ਤੇ ਉਡਾ ਦਿਆਂ ਇਸਦੇ ਪਤਰੇ
ਬਾਕੀ ਬਚੇ ਹੋਏ!

ਪਰ ਅੰਦਰਲੀ ਖਾਮੋਸ਼ੀ
ਅਕਸਰ ਹੀ ਮੈਨੂੰ
ਸਹਿਜ ਰਹਿਣਾ ਸਿਖਾਉਂਦੀ ਹੈ,
ਤੇ ਮੈਂ ਰੋਜ਼ ਹੀ
ਇਕ ਦਗ਼ਦਾ ਸੂਰਜ
ਨਿਗਲ ਲੈਂਦੀ ਹਾਂ!

 ਰਿੱਤੂ ਵਾਸੂਦੇਵ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ ਦੀ ਕਾਰਸਤਾਨੀ
Next articleਸਿਹਤ ਵਿਭਾਗ ਵੱਲੋਂ ਤੰਬਾਕੂਨੋਸ਼ੀ ਰੋਕਣ ਲਈ ਚਲਾਨ ਕੱਟੇ