ਮਜ਼ਦੂਰਾਂ ਨੂੰ ਸਮੱਰਪਤ ਇਕ ਮਈ

ਬਲਜਿੰਦਰ ਸਿੰਘ " ਬਾਲੀ ਰੇਤਗੜੵ "
 (ਸਮਾਜ ਵੀਕਲੀ)-   ਮਜ਼ਦੂਰ ਦੀ ਕੋਈ ਇੱਕ ਜਾਤ ਨਹੀਂ, ਕੋਈ ਇੱਕ ਮਹਜਬੵ ਨਹੀਂ। ਮਜਦੂਰ ਕਿਸੇ ਇਕ ਕਿੱਤੇ ਤੱਕ ਹੀ ਸੀਮਤ ਨਹੀਂ ਹਨ। ਮਜ਼ਦੂਰ ਪਿੰਡ ਦੇ ਸਫ਼ਾਈ ਸੇਵਕ ਤੋਂ ਲੈ ਕੇ ਦੇਸ਼ ਦੀਆਂ ਸ,ਵ ਉੱਚ ਉਦਯੋਗਿਕ ਮਿੱਲਾਂ, ਫੈਕਟਰੀਆਂ ਦੀ ਹੋਂਦ ਹਨ। ਮਜ਼ਦੂਰ ਬਿਨਾਂ ਕੋਈ ਵੀ ਉਤਪਾਦਨ ਸੰਭਵ ਨਹੀਂ। ਮਜ਼ਦੂਰ ਬਿਨਾਂ ਖੇਤਾਂ ਚੋਂ ਉਪਜਣ ਵਾਲਾ ਅਨਾਜ ਵੀ ਸੰਭਵ ਨਹੀਂ। ਕਿਰਤੀ ਬੰਧਵਾ ਮਜ਼ਦੂਰ ਹੈ ਜਾਂ ਆਜ਼ਾਦ, ਹਰ ਹਾਲਾਤ ਵਿੱਚ ਦੇਸ਼ ਦੀ ਆਰਥਿਕ ਵਿਵਸਥਾ ਦੀ ਜੜ੍ਹ ਹੈ ।
         ਮਜ਼ਦੂਰ ਹਰ ਰਾਜ ਦੇ ਰਾਜ ਭਵਨਾਂ ਦਾ ਨਿਰਮਾਣ ਕਰਨ ਵਾਲੇ , ਦੇਸ਼ ਦਾ ਨਿਰਮਾਣ ਕਰਨ ਵਾਲੇ ਹੁੰਦੇ ਹਨ।ਇਹਨਾਂ ਨੂੰ ਸੰਸਾਰ ਭਰ ਵਿੱਚ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਮਨੁੱਖ ਹੁੰਦੇ ਹਨ। ਇਹ ਹਰ ਰਾਜ ਦੀ ਅਰਥਵਿਵਸਥਾ ਦਾ ਥੰਮ ਹੁੰਦੇ ਹਨ। ਜੇਕਰ ਇਹ ਥੰਮ ਕੁੱਝ ਦਿਨਾਂ ਲਈ ਖਿਸਕ ਜਾਵੇ ਤਾਂ ਦੁਨੀਆ ਦੀ ਕੋਈ ਐਸੀ ਅਰਥ ਵਿਵਸਥਾ ਨਹੀਂ ਜਿਸ ਦੀ ਸ਼ਿਅਰ ਮਾਰਕੀਟ ਮਨਫ਼ੀ ਨਾ ਹੋ ਜਾਵੇ। ਅਫ਼ਸੋਸ ! ਮਜ਼ਦੂਰਾਂ ਨੂੰ ਗੁਲਾਮ ਬਣਾ ਕੇ ਇਹਨਾਂ ਦਾ ਆਰਥਿਕ, ਸਮਾਜਿਕ ਅਤੇ ਮਾਨਸਿਕ ਸ਼ੋਸਣ ਸਦੀਆਂ ਤੋਂ ਜ਼ਾਰੀ ਹੈ। ਇਹ ਮਿਹਨਤਕਸ਼ ਲੋਕ ਤਰਸ ਦਾ ਜੀਵਨ ਬਤੀਤ ਕਰਨ ਲਈ ਕਿਉਂ ਮਜਬੂਰ ਕੀਤੇ ਗਏ ਹਨ।
          ਮਜ਼ਦੂਰ ਸਿਰਫ਼ ਮਜ਼ਦੂਰ ਹੁੰਦੇ ਹਨ, ਇਹਨਾਂ ਦੀ ਔਲ਼ਾਦ ਵੀ ਮਜ਼ਦੂਰ ਪੈਦਾ ਹੁੰਦੀ ਹੈ ਅਤੇ ਮਜ਼ਦੂਰ ਹੀ ਮਰ-ਮੁੱਕ ਜਾਂਦੀ ਹੈ। ਇਹਨਾਂ ਦੇ ਚੁੱਲਿਆਂ ‘ਤੇ ਰੋਟੀ ਸਰਮਾਏਦਾਰੀ ਦੇ ਰਹਿਮੋ-ਕਰਮ ਕਰਕੇ ਹੀ ਪੱਕਦੀ ਹੈ। ਇਹਨਾਂ ਦੀ ਜ਼ਿੰਦਗ਼ੀ ਦਾ ਅੰਤ ਅਤਿ ਦਰਦਨਾਇਕ ਹੈ। ਸਰਕਾਰਾਂ ਸਿਰਫ਼ ਇਕ ਮਈ ਉਪਰ ਭਾਸ਼ਣ ਖਤਮ ਕਰਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਮੂੰਹ ਮੋੜ ਜਾਂਦੀਆ ਹਨ।
            ਇਕ ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। 1 ਮਈ 1517 ਵਿੱਚ ਲੰਦਨ ਵਿਖੇ ਸਿਟੀ ਵਰਕਰਾਂ ਦੀ ਹੜਤਾਲ ਤੋਂ ਵੀ ਇਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਇਕ ਮਈ 1886 ਨੂੰ ਸ਼ਿਕਾਗੋ ਵਿਖੇ ਹੋਈ।ਮਜ਼ਦੂਰਾਂ ਨੇ ਮਨੁੱਖੀ ਅਧਿਕਾਰਾਂ ਦੀ ਮੰਗ ਅਤੇ ਕੰਮ ਦਾ ਸਮਾਂ ਨਿਰਧਾਰਿਤ ਕਰਨ ਲਈ ਇਕ ਵਿਸਾਲ ਇਕੱਠ ਕੀਤਾ। ਇਕੱਠ ਨੂੰ ਖਿੰਡਾਉਣ ਲਈ ਕਿਸੇ ਸਾਜ਼ਿਸ਼ ਤਹਿਤ ਬੰਬ ਦਾ ਵਿਸਫੋਟ ਹੋਇਆ।ਜਿਸ ਕਾਰਣ ਇਕੱਠ ਵਿੱਚ ਹਫੜਾ-ਦਫ਼ੜੀ ਮੱਚ ਗਈ । ਪੁਲਿਸ ਦੀਆਂ ਗੋਲੀਆਂ ਨਾਲ਼ ਕਈ ਮਜ਼ਦੂਰ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ ।ਇਸ ਮਗਰੋਂ ਪੈਰਿਸ ਵਿੱਚ 1889 ਵਿੱਚ ਅੰਤਰ ਰਾਸ਼ਟਰੀ ਸਮਾਜਵਾਦੀ ਸੰਮੇਲਨ ਦੀ ਦੂਸਰੀ ਮਹਾਂ ਸਭਾ ਦੇ ਸੰਮੇਲਨ ਵਿੱਚ ਇਹ ਦਿਨ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲ਼ਾ ਲਿਆ ਗਿਆ। ਇਹ ਮਜ਼ਦੂਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮੱਰਪਤ ਕਰਨ ਲਈ ਹਰ ਸਾਲ ਇਕ ਮਈ ਨੂੰ ਕੰਮ ਨਾ ਕਰਨ ਦਾ ਫ਼ੈਸਲ਼ਾ ਲਿਆ ਗਿਆ। ਬਾਅਦ ਵਿੱਚ ਸ਼ਿਕਾਗੋ ਦੇ ਹੇਮਾਕਰੇਟ ਇਲਾਕੇ ਵਿੱਚ ਬੰਬ ਧਮਾਕਾ ਕਰਨ ਵਾਲਿਆਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਵੀ ਦਿੱਤੀ ਗਈ ।
      ਭਾਰਤ ਵਿੱਚ ਇਹ ਇਕ ਮਈ ਦਾ ਦਿਹਾੜਾ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਉਣ ਦੀ ਸ਼ੁਰੂਆਤ ਲੇਵਰ ਕਿਸਾਨ ਪਾਰਟੀ ਆਫ ਹਿੰਦੋਸਤਾਨ ਵਲੋਂ 1 ਮਈ 1923 ਨੂੰ ਮਦਰਾਸ ਵਿਖੇ ਹੋਈ ਸੀ। ਅੰਤਰਰਾਸ਼ਟਰੀ ਪੱਧਰ ‘ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ।ਇਸ ਦਿਨ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ।
         ਇਸ ਦਿਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖ਼ੀ ਲਈ ਮਜਦੂਰਾਂ ਦੀਆਂ ਟਰੇਡ ਯੂਨੀਅਨਾਂ ਵਲੋਂ ਸਮਾਗਮ ਕਰਕੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਕਾਰਖਾਨਿਆਂ ਤੇ ਹੋਰ ਵੱਖ ਵੱਖ ਕਿਸਮ ਦੇ ਕੰਮ ਕਰਨ ਵਾਲਿਆਂ ਕਿਰਤੀਆਂ ਵਲੋਂ ਆਪਣੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਸਰਕਾਰਾਂ ਉਪਰ ਮਜ਼ਦੂਰਾਂ ਦੀਆਂ ਮੰਗਾਂ ਅਤੇ ਭਲਾਈ ਸਕੀਮਾਂ ਲਈ ਦਬਾਅ ਬਣਾਇਆ ਜਾਂਦਾ ਹੈ।
          ਸਰਕਾਰਾਂ ਨੂੰ ਕਿਰਤੀਆਂ ਦੇ ਮਨੁੱਖੀ ਅਧਿਕਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੇ ਹੋ ਰਹੇ ਸ਼ੋਸਣ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾ ਕੇ ਲਾਗੂ ਵੀ ਸਖਤੀ ਨਾਲ਼ ਕਰਨੇ ਚਾਹੀਂਦੇ ਹਨ। ਹਾਦਸਿਆਂ ਵਿੱਚ ਸਰੀਰਕ ਤੌਰ ਤੇ ਨੁਕਸਾਨੇ ਅੰਗਾਂ ਵਾਲਿਆ ਲਈ ਵਿਸ਼ੇਸ ਸਹੂਲਤਾਂ ਅਤੇ ਜੀਵਨ ਜਿਊਣ  ਲਈ  ਆਰਥਿਕ ਮੱਦਦ ਕਰਨੀ ਚਾਹੀਂਦੀ ਹੈ। ਬੁਢਾਪੇ ਦੀ ਅਵੱਸਥਾ ਵਿੱਚ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦੇ ਨਾਲ਼ ਨਾਲ਼ ਆਰਥਿਕ ਸਹਾਇਤਾ ਪੈਨਸ਼ਨ ਰੂਪ ਵਿੱਚ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੇ ਮੁਤਾਬਿਕ  ਕਰਨੀ ਚਾਹੀਂਦੀ ਹੈ ਤਾਂ ਕਿ ਕਿਰਤ ਅਤੇ ਕਿਰਤੀ ਦੀ ਸਮਾਜ ਵਿੱਚ ਤੌਹੀਨ ਨਾ ਹੋਵੇ। ਸਮਾਜ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨੂੰ ਵੀ ਸਨਮਾਨ ਨਾਲ਼ ਵਿਚਰਣ ਦਾ ਸੁਭਾਗ ਮਿਲੇ। ਕਿਧਰੇ ਵੀ ਕੋਈ ਮਜ਼ਦੂਰ ਇਲਾਜ ਵਲੋਂ ਦੁਸ਼ਵਾਰੀਆ ਨਾ ਭੋਗੇ। ਇਹ ਕਿਰਤੀ ਲੋਕ ਹੀ ਸਾਡੇ ਸਮਾਜ ਅਤੇ ਰਾਜ ਦੀ ਰੀੜ ਦੀ ਹੱਡੀ ਹਨ।  ਇਹ ਕਿਰਤੀ ਲੋਕ  ਦਇਆ ਦੇ ਪਾਤਰ ਭਿਖ਼ਾਰੀ ਦੀ ਤਰ੍ਹਾਂ ਨਹੀਂ ਸਗੋਂ ਸੈਨਿਕ ਦੀ ਤਰ੍ਹਾਂ ਹੱਕਦਾਰ ਹੋਣ। ਇਹਨਾਂ ਨੂੰ ਕੰਮ ਦੀ ਸੁਰੱਖਿਆ ਸਰ ਹਾਲਤ ਵਿੱਚ ਮਿਲੇ।
       ਅਕਸਰ ਲੇਵਰ ਅਦਾਲਤਾਂ ਵਿੱਚ ਮਜ਼ਦੂਰਾਂ ਦੇ ਕਾਰਖਾਨਿਆਂ ਦੇ ਮਾਲਕਾ ਨਾਲ਼ ਕੇਸ ਬਹੁਤ ਲੰਭੇ ਲਮਕਦੇ ਹਨ ਜਾਂ ਲਮਕਾਏ ਜਾਂਦੇ ਹਨ। ਵਕੀਲਾਂ ਵਲੋਂ ਮਜਦੂਰਾਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ । ਕਿਰਤੀ ਕੋਲੋਂ ਕੰਮ ਸਰਮਾਏਦਾਰ ਮਾਲਕ ਖੋਹ ਲੈਂਦੇ ਹਨ । ਉਸ ਨੂੰ ਅਦਾਲਤਾਂ ਵਿੱਚ ਕੇਸ ਲੜਨ ਲਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰਟਾਂ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਮਿਹਨਤਕਸ਼ਾਂ ਦਾ ਚੁੱਲ੍ਹਾ ਠੰਡਾ ਪੈ ਜਾਂਦਾ ਹੈ। ਕਾਰਖਾਨਿਆਂ ਦਿਆਂ ਮਾਲਕਾਂ ਦੀ ਪਹੁੰਚ ਸਰਕਾਰੇ ਦਰਬਾਰੇ ਹੋਣ ਕਾਰਣ ਮਾਲਿਕ ਪੁਲਿਸ ਕੇਸ ਮਜਦੂਰਾਂ ਤੇ ਪੁਆ ਕੇ ਉਹਨਾਂ ਨੂੰ ਸਮਝੌਤੇ ਕਰਨ ਲਈ ਮਜ਼ਬੂਰ ਕਰਦੇ ਹਨ। ਸਰਕਾਰਾਂ ਨੂੰ ਇਹਨਾਂ ਕਾਨੂੰਨੀ ਉਲਝਣਾਂ ਪ੍ਰਤੀ ਵਿਸ਼ੇਸ  ਧਿਆਨ ਦੇਣ ਦੀ ਲੋੜ ਹੈ । ਸਖ਼ਤੀ ਨਾਲ ਲੇਵਰ ਅਦਾਲਤਾਂ ਦੇ ਕਰਮਚਾਰੀਆਂ ਅਤੇ ਲੇਵਰ ਅਫ਼ਸਰਾਂ ਦੀਆਂ ਕਾਰਗੁਜ਼ਾਰੀਆਂ ਦਾ ਨਿਰੀਖਣ ਸਮੇਂ ਸਮੇਂ ਤੇ ਹੋਣਾ ਬਹੁਤ ਜਰੂਰੀ ਹੈ । ਇਹ ਲੇਵਰ ਕੋਰਟਾਂ ਸਰਕਾਰੀ ਚਿੱਟੇ ਹਾਥੀ ਬਣ ਚੁੱਕੀਆਂ ਹਨ।
       ਸਾਡੇ ਸਮਾਜ ਵਿੱਚ ਹਰ ਕਿਰਤੀ ਨੂੰ ਮਾਣ-ਸਨਮਾਨ ਦੀ ਜਿੰਦਗ਼ੀ ਜਿਊਣ ਦਾ ਅਵਸਰ ਜਦੋਂ ਮਿਲੇਗਾ ਤਾਂ ਸਾਡਾ ਰਾਜ ਸਾਡਾ ਦੇਸ਼ ਦੁਨੀਆ ਦੀ ਮਹਾਂ ਸ਼ਕਤੀ ਬਣੇਗਾ। ਇਕ ਇਕ ਮਜ਼ਦੂਰ ਇਸ ਦੀ ਅਰਥ ਵਿਵਸਥਾ ਦੀ ਕੜੀ ਹੈ। ਇਹਨਾਂ ਕੜੀਆਂ ਦਾ ਵਿਸ਼ੇਸ ਧਿਆਨ ਰੱਖਣਾ ਸਾਡਾ ਇਖ਼ਲਾਕੀ ਫਰਜ਼ ਬਣਦਾ ਹੈ। ਆਉ ਸਾਰੇ ਇਕ ਮਈ ਦੇ ਦਿਹਾੜੇ ਤੇ ਮਿਹਨਤਕਸ਼ ਲੋਕਾਂ ਨੂੰ ਨਮਨ ਕਰੀਏ, ਇਹਨਾਂ ਦਾ ਹੱਕ, ਇਹਨਾਂ ਦਾ ਪੂਰਨ ਮਿਹਨਤਾਨਾ ਦੇ ਕੇ ਇਹਨਾਂ ਦੀ ਹੌਸਲ਼ਾ ਅਫ਼ਜਾਈ ਕਰਦੇ ਹੋਏ ਦਿਲੋਂ ਸਤਿਕਾਰ ਕਰੀਏ।
          ਬਲਜਿੰਦਰ ਸਿੰਘ “ਬਾਲੀ ਰੇਤਗੜੵ “
           +919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬਖੋਪੀਰ ਵਿੱਚ ਮਨਰੇਗਾ ਕਿਰਤੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਵਿਸ਼ਵ ਮਜ਼ਦੂਰ ਦਿਵਸ।
Next articleDr. Bhimrao Ambedkar–Incomparable Nation Builder: Reappraisal