ਕਹਾਣੀ:- ਤੇਜਾ!

(ਜਸਪਾਲ ਜੱਸੀ)
         (ਸਮਾਜ ਵੀਕਲੀ)
ਤੇਜਾ ਸਾਇਕਲ ‘ਤੇ ਪਿਛਲੇ ਦਸ ਸਾਲਾਂ ਤੋਂ ਸ਼ਹਿਰ ਕੰਮ ‘ਤੇ ਆ ਰਿਹਾ ਸੀ। ਪੰਦਰਾਂ ਕਿਲੋਮੀਟਰ ਵਾਟ ਇੱਕ,ਡੇਢ ਘੰਟਾ ਖਾ ਜਾਂਦੀ ਸੀ। ਪਿਛਲੇ ਦੋ ਸਾਲਾਂ ਤੱਕ ਦਿਹਾੜੀ ਵੀ ਚਾਰ ਸੌ ਤੋਂ ਕਿਸੇ ਨੇ ਪੰਜ ਸੌ ਵੀ ਨਹੀਂ ਸੀ ਕੀਤੀ। ਅਠੱਤੀਆਂ ਦਾ ਹੋ ਗਿਆ ਸੀ ਹੁਣ ਤੇਜਾ। ਬੱਚਾ ਉਸ ਨੇ ਇੱਕ ਹੀ ਰੱਖਿਆ ਸੀ,ਸਮਝਦਾਰੀ ਨਾਲ। ਕੁੜੀ ਵੀ ਸੁਖ ਨਾਲ ਬਾਰਾਂ ਕੁ ਸਾਲ ਦੀ ਹੋ ਗਈ ਸੀ ਉਸ ਦੀ।
ਮਾਂ ਬਾਪ, ਸਹੁਰਿਆਂ ਤੇ ਆਂਢੀਆਂ ਗੁਆਂਢੀਆਂ ਨੇ ਬਥੇਰੀਆਂ ਆਰਾਂ ਲਾਈਆਂ ਦੂਜਾ ਬੱਚਾ ਪੈਦਾ ਕਰਨ ਲਈ। ਉਸ ਨੂੰ ਪਤਾ ਸੀ ਜੇ ਉਸ ਨੇ ਜ਼ਿੰਦਗੀ ਵਿਚ ਇੱਕ ਕੁੜੀ ਹੀ ਚੱਜ ਨਾਲ ਪਾਲ ਕੇ ਪੜ੍ਹਾ ਲਈ,ਉਸ ਦੀ ਜ਼ਿੰਦਗੀ ਸਫ਼ਲ ਹੋ ਜਾਵੇਗੀ। ਸਕੂਲ ਵਿਚ ਦੱਸਵੀਂ ‘ਚ ਪੜ੍ਹਦਿਆਂ ਉਸ ਦੇ ਅਧਿਆਪਕ ਨੇ ਜਦੋਂ ਕਿਹਾ ਸੀ ਕਿ,” ਪਰਿਵਾਰ ਜਿੰਨਾਂ ਛੋਟਾ ਹੋਵੇ ਓਨਾ ਹੀ ਚੰਗਾ ਹੈ।”
ਇਹ ਗੱਲ ਉਸ ਦੇ ਘਰ ਕਰ ਗਈ ਸੀ। ਉਸ ਨੇ ਅੱਠ ਜੀਆਂ ਵਾਲੇ,ਆਪਣੇ ਬਾਪੂ ਦੇ ਪਰਿਵਾਰ ਦੀ ਹਾਲਤ ਦਿਨ ਬ ਦਿਨ ਨਿੱਘਰਦੀ ਦੇਖੀ ਸੀ। ਬਚਪਨ ਵਿਚ ਹੀ ਰੋਟੀ ਦੇ ਲਾਲੇ ਪਾਲੇ ਪੈ ਗਏ ਸਨ। ਦੋਵੇਂ ਵੱਡੇ ਭਰਾਵਾਂ ਨੂੰ ਸੀਰੀ ਰਲਾ ਦਿੱਤਾ ਗਿਆ ਸੀ। ਮਾਂ ਤੇ ਭੈਣਾਂ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਦੀਆਂ ਉਸ ਤੋਂ ਦੇਖੀਆਂ ਨਹੀਂ ਸੀ ਜਾਂਦੀਆਂ। ਬਹੁਤ ਵਾਰ ਸਰਦਾਰਾਂ ਦੇ ਮਾੜੇ ਬੋਲ ਵੀ ਸੁਣਨੇ ਪੈਂਦੇ ਸਨ।
ਅੱਜ ਅੱਠਵੀ ‘ਚ ਪੜ੍ਹਦੀ ਕੁੜੀ ਨੇ ਜਦੋਂ ਉਸ ਨੂੰ ਕਿਹਾ ਕਿ,” ਬਾਪੂ ਜੀ ਸਾਇਕਲ ‘ਤੇ ਸ਼ਹਿਰ, ਡੇਢ ਘੰਟੇ ਵਿਚ ਜਾਂਦੇ ਹੋ,ਜੇ ਤੁਸੀਂ ਕਿਸੇ ਤੋਂ ਕੋਈ ਪੁਰਾਣਾ ਮੋਟਰਸਾਈਕਲ ਲੈ ਲਵੋ। ਤੁਹਾਡਾ ਇੱਕ ਘੰਟਾ ਬਚ ਜਾਇਆ ਕਰੇਗਾ। ਉਹੀ ਤੁਸੀਂ ਇੱਕ ਘੰਟਾ ਜ਼ਿਆਦਾ ਕੰਮ ਕਰ ਕੇ ਉਸ ਦੀ ਕਿਸਤ ਚੁਕਾ ਦਿਆ ਕਰਨਾ।”
ਬੱਚੀ ਦੀ ਗੱਲ ਉਸ ਨੂੰ ਜਚ ਗਈ ਸੀ।
ਹਿੰਮਤ ਜਿਹੀ ਨਾਲ ਉਸ ਨੇ ਆਪਣੇ ਦੋਸਤ ਦੀ ਮਦਦ ਨਾਲ,ਵੀਹ ਕੁ ਸਾਲ ਪੁਰਾਣਾ ਮੋਟਰਸਾਈਕਲ ਅੱਠ ਕੁ ਹਜ਼ਾਰ ‘ਚ ਲੈ ਲਿਆ ਸੀ।
ਮੋਟਰਸਾਈਕਲ ਚੱਲਣ ਯੋਗ ਅਤੇ ਵਧੀਆ ਵੀ ਸੀ ਪਰ ਉਸ ਦੇ ਕਾਗਜ਼ਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਉਸ ਨੇ ਰਿਸਕ ਲੈ ਕੇ ਉਸ ਮੋਟਰਸਾਈਕਲ ਖ਼ਰੀਦ ਤਾਂ ਲਿਆ ਸੀ ਕਿ ਮਜ਼ਦੂਰ ਨੂੰ ਰਾਸਤੇ ਵਿਚ ਕਿਹੜੇ ਪੁਲਿਸ ਵਾਲੇ ਨੇ ਰੋਕਣਾ ਹੈ।
ਪਿਛਲੇ ਸਮੇਂ ਵਿਚ ਉਸ ਦੀ ਦਿਹਾੜੀ ਵੀ ਛੇ ਸੌਂ ਰੁਪਏ ਲੱਗ ਰਹੀ ਸੀ ਤੇ ਘੰਟਾ ਵਾਧੂ ਸਮਾਂ ਕੰਮ ਕਰ ਕੇ ਉਸ ਕੋਲ ਮੋਟਰਸਾਈਕਲ ਦੇ ਤੇਲ ਦਾ ਖ਼ਰਚਾ ਵੀ ਨਿਕਲ ਆਉਂਦਾ ਸੀ ਤੇ ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਬੰਨ੍ਹੀ ਕਿਸਤ ਵੀ ਲਾਹ ਰਿਹਾ ਸੀ। ਹੁਣ ਉਸ ਨੂੰ ਜ਼ਿਆਦਾ ਕੰਮ ਕਰਕੇ ਵੀ ਥਕੇਵਾਂ ਨਹੀਂ ਸੀ ਹੁੰਦਾ।
ਪੰਜ ਮਹੀਨੇ ਉਸ ਦੀ ਕਿਸਤ ਕਦੇ ਵੀ ਨਹੀਂ ਸੀ ਟੁੱਟੀ, ਪਰ ਪਿਛਲੇ ਦਿਨਾਂ ਤੋਂ ਉਸ ਦੇ ਮਨ ਵਿਚ ਧੁੜਕੂ ਵੱਜ ਰਿਹਾ ਸੀ।
ਬਠਿੰਡੇ ਦੀਆਂ ਨਹਿਰਾਂ ‘ਤੇ ਪਹੁੰਚਦਿਆਂ ਹੀ ਉਸ ਨੂੰ ਡਰ ਲੱਗਣ ਲੱਗ ਜਾਂਦਾ ਸੀ।
ਪੁਲਿਸ ਵਾਲੇ ਹਰੇਕ ਆਉਂਦੇ ਜਾਂਦੇ ਦੀ ਤਲਾਸ਼ੀ ਲੈਂਦੇ ਸਨ ਤੇ ਗੱਡੀਆਂ ਦੇ ਕਾਗਜ਼ ਪੱਤਰ ਦੇਖਦੇ ਸਨ। ਉਸ ਕੋਲ ਕਾਗਜ਼ ਨਹੀਂ ਸਨ ਇਸ ਕਰ ਕੇ ਉਸ ਨੂੰ ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ,ਕਈ ਵਾਰ ਲੰਮਾ ਚੱਕਰ ਲਾ ਕੇ ਕੰਮ ਤੇ ਪਹੁੰਚਣਾ ਪੈਂਦਾ ਸੀ।
ਜਦੋਂ ਹੀ ਉਹ ਹਫ਼ਤੇ ਵਿਚ ਇੱਕ ਦੋ ਵਾਰ ਪੁਲਿਸ ਨਾਕਾ ਦੇਖਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਨਹਿਰਾਂ ਵਾਲੇ ਰੈਸ਼ਟ ਹਾਊਸ ਵਿਚ ਆਏ ਹੋਏ ਹਨ। ਉਹ ਮੁੱਖ ਮੰਤਰੀ ਦੇ ਆਏ ਹਫ਼ਤੇ ਗੇੜਿਆਂ ਤੋਂ ਨਿਰਾਸ਼ ਹੋ ਗਿਆ ਸੀ।
ਅੱਜ ਫ਼ੇਰ ਪੁਲਿਸ ਨਾਕੇ ਤੋਂ ਬਚ ਕੇ ਕੰਮ ਵਾਲੇ ਸਥਾਨ ‘ਤੇ ਪਹੁੰਚ ਕੇ ਬਾਬੂ ਜੀ ਨੂੰ ਪੁੱਛ ਰਿਹਾ ਸੀ।
“ਬਾਬੂ ਜੀ ! ਮੁੱਖ ਮੰਤਰੀ ਸਾਹਿਬ ਹਰੇਕ ਹਫ਼ਤੇ ਨਹਿਰਾਂ ਵਾਲੇ ਰੈਸ਼ਟ ਹਾਊਸ ‘ਤੇ ਕੀ ਕਰਨ ਆਉਂਦੇ ਨੇ?”
ਜਦੋਂ ਬਾਬੂ ਨੇ ਉਸ ਨੂੰ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੂੰ ਇਹ ਰੈਸ਼ਟ ਹਾਊਸ ਅਤੇ ਝੀਲਾਂ ‘ਤੇ ਵੋਟਿੰਗ ਕਰਨਾ ਬਹੁਤ ਪਸੰਦ ਹੈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ।
“ਬਾਬੂ ਜੀ ! ਕੀ ਇਹ ਸੱਚ ਹੈ, ਬੰਦਾ ਘਰ ਆਲੀ ਦੇ ਸ਼ੌਕ ਪੂਰੇ ਕਰਨ ਲਈ, ਮੇਰੇ ਵਰਗੇ ਗ਼ਰੀਬ ਦੀ ਜ਼ਿੰਦਗੀ ਵੀ ਜਾਮ ਕਰ ਸਕਦਾ ਹੈ।” ਬਾਬੂ ਜੀ ਤੇਜੇ ਦੀ ਗੱਲ ਸੁਣ ਕੇ ਜ਼ੋਰ ਜ਼ੋਰ ਦੀ ਹੱਸ ਰਹੇ ਸਨ। ਬਾਬੂ ਦੀ ਘਰ ਵਾਲੀ ਨੇ ਉਸ ਨੂੰ ਜ਼ੋਰ ਜ਼ੋਰ ਦੀ ਹੱਸਦਿਆਂ ਦੇਖ ਕੇ ਬਾਬੂ ਨੂੰ ਕਿਹਾ,” ਕਿਉਂ ਇਹਨੂੰ ਮਜ਼ਦੂਰ ਬੰਦੇ ਨੂੰ ਗੱਲੀਂ ਲਾਇਆ ਹੈ। ਇਹਦੀ ਤਾਂ ਛੇ ਸੌਂ ਦੀ ਦਿਹਾੜੀ ਪੈ ਗਈ, ਤੁਸੀਂ ਆਪ ਤਾਂ ਕੁਝ ਕੰਮ ਕਰਨਾ ਨਹੀਂ ਇਹਨੂੰ ਵੀ ਕਦੋਂ ਦਾ ਗੱਲੀਂ ਲਾ ਰੱਖਿਐ। ਬਾਬੂ ਨੇ ਤੇਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ ਚਾਹਿਆ, ਤੇਜਾ ਪਹਿਲਾਂ ਹੀ ਕਹੀ ਬੱਠਲ ਚੁੱਕ ਕੇ ਜਾ ਚੁੱਕਿਆ ਸੀ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਬਾਣ /  ਲੋਕ ਕਹਾਣੀ ਦਾ ਪੁਨਰ ਬਿਰਤਾਂਤ 
Next articleSamaj Weekly 522 =08/10/2023