ਕਹਾਣੀ- ਅਸਲਮ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਿੱਚ ਅਸਲਮ ਦੀ ਮੌਤ ਦੀ ਖ਼ਬਰ ਛਾਈ ਹੋਈ ਸੀ।ਅਸਲਮ ਦਿੱਲੀ ਯੂਨੀਵਰਸਿਟੀ ਦੇ ਰਾਜਨੀਤਕ ਸਾਸਤਰ ਵਿਭਾਗ ਦੇ ਐੱਮ.ਏ. ਭਾਗ ਦੂਜਾ ਦਾ ਵਿਦਿਆਰਥੀ ਸੀ, ਜੋ ਮੂਲ ਰੂਪ ਵਿੱਚ ਕਸ਼ਮੀਰ ਦਾ ਵਸਨੀਕ ਸੀ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉੱਚ ਸਿੱਖਿਆ ਲਈ ਆਇਆ ਸੀ। ਪੜ੍ਹਨ ਵਿੱਚ ਹੁਸ਼ਿਆਰ ਅਸਲਮ ਪੜ੍ਹਾਈ ਦੇ ਨਾਲ਼-ਨਾਲ਼ ਹੋਰ ਸਾਹਿਤਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਰਾਜਨੀਤੀ ਦਾ ਵਿਦਿਆਰਥੀ ਹੋਣ ਦੇ ਨਾਤੇ ਉਸਦੀ ਰੁਚੀ ਰਾਜਨੀਤੀ ਨੂੰ ਸਮਝਣ ਵਿੱਚ ਵੀ ਸੀ। ਪਰ ਉਹ ਕਦੇ ਰਾਜਨੀਤੀ ਵਿੱਚ ਪੈਣਾ ਨਹੀਂ ਸੀ ਚਾਹੁੰਦਾ।ਅਸਲਮ ਇਕ ਚੰਗਾ ਬੁਲਾਰਾ ਸੀ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਉਸਨੇ ਹਮੇਸ਼ਾ ਅੱਗੇ ਹੋ ਕੇ ਸੰਘਰਸ਼ ਦੀ ਸ਼ੁਰੂਆਤ ਕੀਤੀ। ਜਿਸ ਕਰਕੇ ਥੋੜੇ ਸਮੇਂ ਵਿੱਚ ਹੀ ਉਸਨੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀ ਸਾਥੀਆਂ ਵਿੱਚ ਵਿਸ਼ੇਸ਼ ਪਹਿਚਾਣ ਬਣਾ ਲਈ ਸੀ। ਅਧਿਆਪਕ ਵੀ ਉਸਦੀ ਗੱਲ ਬੜੇ ਹੀ ਧਿਆਨ ਨਾਲ਼ ਸੁਣਦੇ। ਉਸਦੇ ਜਾਤ-ਧਰਮ ਤੋਂ ਉਪਰ ਉੱਠ ਕੇ ਇਕ ਇਨਸਾਨ ਦੀ ਗੱਲ ਤੋਂ,ਕਿਰਤੀ, ਮਜ਼ਦੂਰ, ਕਿਸਾਨਾਂ ਦੇ ਹੱਕਾਂ ਦੀ ਗੱਲ ਤੋਂ ਅਧਿਆਪਕ ਬਹੁਤ ਪ੍ਰਭਾਵਤ ਹੁੰਦੇ। ਦਿਨੋਂ-ਦਿਨ ਅਸਲਮ ਦੀ ਵੱਧਦੀ ਜਾਂਦੀ ਪ੍ਰਸਿੱਧੀ ਕੁੱਝ ਰਾਜਨੀਤਕ ਪਾਰਟੀਆਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਹਜ਼ਮ ਨਹੀਂ ਸੀ ਹੋ ਰਹੀ। ਪਰ ਅਸਲਮ ਦੀਆਂ ਪ੍ਰਭਾਵਸ਼ਾਲੀ
‌ਗੱਲਾਂ ਸੁਣ ਕੇ ਇਹਨਾਂ ਜਥੇਬੰਦੀਆਂ ਦੇ ਮੁੱਖ ਆਗੂ ਵੀ ਹੌਲੀ-ਹੌਲੀ ਅਸਲਮ ਦੇ ਨਾਲ਼ ਹੋ ਗਏ। ਹੁਣ ਪੂਰੀ ਯੂਨੀਵਰਸਿਟੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਇਕ ਪਲੇਟਫਾਰਮ ਤੇ ਆ ਕੇ ਖੜੀ ਹੋ ਗਈ।ਜਿੱਥੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਅਸਲਮ ਦੇ ਨਾਲ਼ ਸਨ। ਉਸ ਸਾਲ ਯੂਨੀਵਰਸਿਟੀ ਵਿਚ ਵਿਦਿਆਰਥੀ ਚੋਣਾਂ ਨਾ ਹੋਈਆਂ। ਉਸ ਸਾਲ ਨਾ ਤਾਂ ਯੂਨੀਵਰਸਿਟੀ ਵਿੱਚ ਵੋਟਾਂ ਦੌਰਾਨ ਹੋਣ ਵਾਲਾ ਕੋਈ ਲੜਾਈ-ਝਗੜਾ ਹੋਇਆ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਨਸ਼ੇ ਦੀ ਵਰਤੋ ਹੋਈ ਅਤੇ ਸਰਵ ਸਹਿਮਤੀ ਨਾਲ਼ ਵਿਦਿਆਰਥੀ ਭਲਾਈ ਕਮੇਟੀ ਬਣਾ ਲਈ ਗਈ। ਜਿਸ ਦਾ ਸਿਹਰਾ ਅਸਲਮ ਦੇ ਸਿਰ ਜਾਂਦਾ ਸੀ। ਦੇਸ਼ ਦੀ ਰਾਜਧਾਨੀ ਵਿੱਚ ਬਣੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਵਿਦਿਆਰਥੀ ਚੋਣਾਂ ਨਹੀਂ  ਹੋਈਆਂ, ਰਾਜਨੀਤਕ ਪਾਰਟੀਆਂ ਲਈ ਇਹ ਬਹੁਤ ਵੱਡੀ ਅਤੇ ਨੁਕਸਾਨਦਾਇਕ ਗੱਲ ਸੀ।ਇਹ ਗੱਲ ਦੇਸ਼ ਦੀ ਸੱਤਾ ਦੇ ਗਲਿਆਰੇ ਵਿੱਚ ਜੰਗਲ ਨੂੰ ਲੱਗੀ ਅੱਗ ਵਾਂਗੂੰ ਫੈਲ ਗਈ। ਸੱਤਾ ਧਿਰ ਅਤੇ ਵਿਰੋਧੀ ਪਾਰਟੀ ਤੋਂ ਇਲਾਵਾ ਹਰ ਛੋਟੀ ਵੱਡੀ ਰਾਜਨੀਤਕ ਪਾਰਟੀ ਅਸਲਮ ਤੱਕ ਪਹੁੰਚ ਬਣਾਉਣ ਦੀ ਤਰਕੀਬ ਲੱਭਣ ਲੱਗੀ। ਪਰ ਅਸਲਮ ਇਸ ਰਾਜਨੀਤੀ ਵਿੱਚ ਨਹੀਂ ਸੀ ਪੈਣਾਂ ਚਾਹੁੰਦਾ।ਇਹ ਗੱਲ ਸਭ ਅਧਿਆਪਕ ਅਤੇ ਵਿਦਿਆਰਥੀ ਭਲੀ-ਭਾਂਤੀ ਜਾਣਦੇ ਸਨ। ਅਸਲਮ ਤੇ ਬਾਕੀ ਸਭ ਵਿਦਿਆਰਥੀ ਕਲਾਸਾਂ ਲਾ ਕੇ ਨਿਕਲ ਜਾਂਦੇ ਝੁੱਗੀ-ਝੋਪੜੀਆਂ ਵੱਲ ਤੇ ਉੱਥੇ ਗਰੀਬ ਬੱਚਿਆਂ ਨੂੰ ਪੜਾਉਂਦੇ, ਉਹਨਾਂ ਦੇ ਮਾਂ-ਬਾਪ ਨੂੰ ਉਹਨਾਂ ਦੇ ਹੱਕਾਂ ਵਾਰੇ ਦੱਸਦੇ। ਹੌਲੀ-ਹੌਲੀ ਅਸਲਮ ਦੀ ਪ੍ਰਸਿੱਧੀ ਪੂਰੇ ਸ਼ਹਿਰ ਵਿੱਚ ਫੈਲ ਗਈ। ਹੁਣ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕਾਂ ਦੇ ਨਾਲ਼ ਸਹਿਰ ਦੇ ਲੋਕ ਵੀ ਚਾਹੁੰਦੇ ਸਨ ਕਿ ਅਸਲਮ ਦੇਸ਼ ਦੀ ਰਾਜਨੀਤੀ ਵਿੱਚ ਹਿੱਸਾ ਲਵੇ ਅਤੇ ਅਸੀਂ ਉਸਦਾ ਸਾਥ ਦੇਵਾਂਗੇ। ਪਰ ਅਸਲਮ ਇਸ ਗੱਲ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਹੁਣ ਅਸਲਮ ਦੀ ਇਹ ਪ੍ਰਸਿੱਧੀ ਰਾਜਨੀਤੀਕ ਪਾਰਟੀਆਂ ਨੂੰ ਨਾ ਗਵਾਰ ਲੱਗਣ ਲੱਗ ਪਈ। ਹਰ ਪਾਰਟੀ ਨੂੰ ਆਪਣੀ ਸਥਾਪਤੀ ਖੁਸਦੀ ਪ੍ਰਤੀਤ ਹੋ ਰਹੀ ਸੀ। ਫਿਰ ਸ਼ੁਰੂ ਹੋਈ ਜੋੜ-ਤੋੜ ਦੀ ਜੰਗ ਅਤੇ ਇੱਕ ਦਿਨ ਅਸਲਮ ਦੀ ਲਾਸ਼ ਯੂਨੀਵਰਸਿਟੀ ਦੇ ਪਿਛਲੇ ਗੇਟ ਤੋਂ ਬਾਹਰ ਜਾਂਦੇ  ਰਾਸਤੇ ਦੇ ਕਿਨਾਰੇ ਝਾੜੀਆਂ ਵਿਚੋਂ ਮਿਲੀ। ਅਸਲਮ ਦੀ ਮੌਤ ਦੀ ਖ਼ਬਰ ਸੁਣ ਕੇ ਵਿਦਿਆਰਥੀ ਸੜਕਾਂ ਤੇ ਊਤਰ ਆਏ, ਅਧਿਆਪਕਾਂ ਅਤੇ ਆਮ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਕਸ਼ਮੀਰ ਵਿੱਚ ਅਸਲਮ ਦੇ ਘਰ ਸੱਤਾ ਪਾਰਟੀ, ਵਿਰੋਧੀ ਪਾਰਟੀ ਦੇ ਨੇਤਾਵਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ।ਹਰ ਕੋਈ ਆਉਂਦਾ ਕਤਲ ਦੀ ਜਾਂਚ ਕਰਾਉਣ ਨੂੰ ਕਹਿੰਦਾ, ਕੋਈ ਪ੍ਰੈੱਸ ਸਾਹਮਣੇ ਇਸ ਕਤਲ ਨੂੰ ਦੂਜੀ ਪਾਰਟੀ ਦੀ ਸਾਜ਼ਿਸ਼ ਦਸਦਾ। ਕੋਈ ਇਸ ਪਿੱਛੇ ਗੁਆਂਢੀ ਮੁਲਕ ਦੀ ਸਾਜਿਸ ਦੱਸਦਾ। ਲੋਕ ਸੜਕਾਂ ਤੇ ਉਤਰੇ, ਸਰਕਾਰ ਤੇ ਦਬਾਅ ਵਧਿਆ ਤੇ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਇਸ ਕਤਲ ਕੇਸ ਦੀ ਜਾਂਚ ਲਈ ਵਿਸ਼ੇਸ਼ ਟੀਮ ਬਿਠਾ ਦਿੱਤੀ ਗਈ। ਤਹਿਕੀਕਾਤ ਕਰਨ ਤੇ ਸਰਕਾਰੀ ਤੰਤਰ ਵੱਲੋਂ ਇਸ ਕੇਸ ਤੋਂ ਆਪਣਾ ਪੈਂਡਾ ਛੁਟਾਉਂਦੇ ਹੋਏ ਝੁੱਠੀ ਰਿਪੋਰਟ ਤਿਆਰ ਕਰ ਕੇ  ਪੁਸ਼ਟੀ ਇਹ ਕੀਤੀ ਗਈ ਕਿ ਅਸਲਮ ਦਾ ਸੰਬੰਧ ਆਤੰਕਵਾਦੀ ਸੰਗਠਨ ਨਾਲ਼ ਸੀ ਅਤੇ ਆਪਸੀ ਮਤਭੇਦ ਕਾਰਨ ਆਤੰਕਵਾਦੀਆਂ ਨੇ ਉਸਦਾ ਕਤਲ ਕਰ ਦਿੱਤਾ। ਬੜਾ ਹੀ ਸੋਖਾ ਨਿਬੇੜਾ ਕਰ ਦਿੱਤਾ ਸਰਕਾਰ ਵੱਲੋਂ ਬਿਠਾਈ ਵਿਸ਼ੇਸ਼ ਜਾਂਚ ਟੀਮ ਨੇ ਅਸਲਮ ਦੇ ਕਤਲ ਦਾ।’ਅਸਲਮ’ ਨਾਮ ਹੀ ਜਿਵੇਂ ਉਹਨਾਂ ਲਈ ਪੁਖਤਾ ਸਬੂਤ ਸੀ ਉਸਨੂੰ ਆਤੰਕਵਾਦੀ ਸਿੱਧ ਕਰਨ ਦਾ। ਅੱਜ ਇਸ ਗੱਲ ਨੂੰ ਚਾਰ ਮਹੀਨੇ ਬੀਤ ਗਏ ਹਨ।ਲੋਕ ਸਭ ਕੁਝ ਭੁੱਲ ਕੇ ਆਪਣੇ ਕੰਮਾਂ ਵਿੱਚ ਲੱਗ ਗਏ ਹਨ। ਯੂਨੀਵਰਸਿਟੀ ਨੂੰ ਕਈ ਹੋਰ ਵਿਦਿਆਰਥੀ ਆਗੂ ਮਿਲ ਗਏ ਹਨ। ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਿਹਾ ਹੈ। ਅਧਿਆਪਕ ਹੁਣ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਉਧਰ ਕਸ਼ਮੀਰ ਵਿੱਚ ਰਹਿੰਦੇ ਅਸਲਮ ਦੇ ਮਾਂ-ਪਿਤਾ ਦਿੱਲੀ ਦੇ ਚੱਕਰ ਲਾ-ਲਾ ਥੱਕ ਹਾਰ ਕੇ ਬਹਿ ਗਏ।ਸੱਤਾ ਦੇ ਗਲਿਆਰਿਆਂ ਵਿੱਚ ਮੱਚਦੀ ਕੁਰਸੀ ਖੁਸਣ ਦੇ ਡਰ ਦੀ ਅੱਗ ਬੁੱਝ ਚੁੱਕੀ ਸੀ। ਅਸਲਮ ਹੁਣ ਜਾ ਚੁੱਕਿਆ ਸੀ। ਕਿਉਂ? ਕਿਵੇਂ? ਇਹ ਜਾਨਣ ਦੀ ਕਿਸੇ ਨੇ ਕੋਸ਼ਿਸ਼ ਨਾ ਕੀਤੀ। ਅਤੇ ਹੁਣ ਰਾਜਨੀਤੀ ਦੀ ਪਟੜੀ ਤੋਂ ਖਿਸਕਦੀ ਜਾਂਦੀ ਸੱਤਾ ਰੂਪੀ ਗੱਡੀ ਮੁੜ ਪਟੜੀ ਤੇ ਦੌੜ ਰਹੀ ਸੀ।
       ਤੂੰ ਸਾਥੋਂ ਬੜਾ ਕੁੱਝ ਖੋਇਆ ਨੀ ਦਿੱਲੀਏ,
        ਅੱਲਾਹ,ਰਾਮ ਦੇ ਨਾਂ ਤੇ ਸੱਤਾ ਮੱਲਦੀ ਏਂ,
        ਕਿਉਂ ਇਨਸਾਨ ਹੀ ਲੁਕੋਇਆ ਨੀ ਦਿੱਲੀਏ ।
8427929558

(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEx-Sri Lanka cricketer Senanayake banned from leaving country over match fixing charges
Next articleਮਾਮਲਾ ਸਕੂਲ ਤੋਂ ਸ਼ਹੀਦ ਦਾ ਨਾਂ ਮਿਟਾਉਣ ਦਾ : ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾਂ – ਪਿੰਦਰ ਪੰਡੋਰੀ