ਸਪੀਕਰ ਸੰਧਵਾਂ ਵੱਲੋਂ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਤੇ ਸਮੂਹ ਸਟਾਫ ਨੂੰ ਹਦਾਇਤ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਕਰੋ ਜਨਤਕ  

 ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਨੂੰ ਜਲਦ ਮੁਹੱਈਆ ਹੋਣਗੇ ਤਿੰਨ ਕਰੋੜ ਰੁਪਏ_ ਕੁਲਤਾਰ ਸਿੰਘ ਸੰਧਵਾਂ
ਫਰੀਦਕੋਟ/ਭਲੂਰ 18 ਅਗਸਤ (ਬੇਅੰਤ ਗਿੱਲ ਭਲੂਰ)  ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਮਰੀਜਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਸਪਤਾਲ ਤੋਂ ਮਿਲਦੀਆਂ ਸਿਹਤ ਸੇਵਾਵਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ, ਉੱਥੇ ਡਾ. ਅਨਿਲ ਗੋਇਲ ਸਿਵਲ ਸਰਜਨ ਫਰੀਦਕੋਟ ਅਤੇ ਡਾ. ਹਰਿੰਦਰ ਸਿੰਘ ਗਾਂਧੀ ਐੱਸ.ਐੱਮ.ਓ. ਸਮੇਤ ਸਮੁੱਚੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲ ਦੀਆਂ ਢੁੱਕਵੀਆਂ ਥਾਵਾਂ ’ਤੇ ਡਿਸਪਲੇ ਬੋਰਡ ਲਾ ਕੇ ਉਸ ਉੱਪਰ ਸਰਕਾਰ ਵਲੋਂ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਅੰਕਿਤ ਕਰਨ, ਕਿਉਂਕਿ ਡਾਕਟਰਾਂ ਵਲੋਂ ਲਿਖੀ ਜਾਂਦੀ ਦਵਾਈ ਵਾਲੀ ਪਰਚੀ ਨੂੰ ਅਣਜਾਣ ਮਰੀਜ ਜਾਂ ਉਸ ਦੇ ਵਾਰਸ ਲੈ ਕੇ ਬਾਹਰ ਪ੍ਰਾਈਵੇਟ ਦੁਕਾਨਾਂ ਵੱਲ ਭੱਜਦੇ ਹਨ, ਉਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਹਸਪਤਾਲ ਦੇ ਅੰਦਰੋਂ ਹਰ ਕਿਸਮ ਦੀ ਦਵਾਈ ਮੁਫਤ ਮਿਲਦੀ ਹੈ।ਸਪੀਕਰ ਸੰਧਵਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆ ਕੇ ਮੁਫਤ ਅਤੇ ਵਧੀਆ ਸੇਵਾਵਾਂ ਆਮ ਲੋਕਾਂ ਨੂੰ ਦੇਣ ਦੇ ਦ੍ਰਿੜ ਇਰਾਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਸਰਕਾਰੀ ਹਸਪਤਾਲਾਂ ਲਈ ਤਿੰਨ ਕਰੋੜ ਰੁਪਿਆ ਜਲਦ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਦੀ ਮੰਗ ’ਤੇ ਏ.ਸੀ. ਦਿੱਤੇ ਗਏ ਅਤੇ ਅੱਜ 5 ਲੱਖ ਰੁਪਏ ਦਾ ਚੈੱਕ ਮਰੀਜਾਂ ਦੇ ਬੈਠਣ ਲਈ ਵਧੀਆ ਬੈਂਚ ਖਰੀਦਣ ਵਾਸਤੇ ਦਿੱਤਾ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਮਰੀਜ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਅਧਿਕਾਰੀਆਂ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਸਪੀਕਰ ਸੰਧਵਾਂ ਨੇ ਫਿਰ ਇਕ ਇਕ ਮਰੀਜ ਨਾਲ ਗੱਲਬਾਤ ਕਰਕੇ ਪੁੱਛਿਆ ਕਿ ਉਨ੍ਹਾਂ ਨੂੰ ਕਿਸੇ ਸਿਹਤ ਅਧਿਕਾਰੀ ਜਾਂ ਕਰਮਚਾਰੀ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਜਰੂਰ ਦੱਸੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਆਮ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਫਤ ਦੇਣ ਦੇ ਨਾਲ ਨਾਲ ਵਧੀਆ ਮੁਹੱਈਆ ਕਰਵਾਉਣ ਦੇ ਬਕਾਇਦਾ ਪ੍ਰਬੰਧ ਕੀਤੇ ਹਨ।ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ ਆਰ ਓ, ਅਮਨਦੀਪ ਸਿੰਘ ਸੰਧੂ ਪੀ.ਏ., ਜਗਤਾਰ ਸਿੰਘ ਬਰਾੜ, ਦੀਪਕ ਮੌਂਗਾ, ਸੁਖਵਿੰਦਰ ਸਿੰਘ ਗਿੱਲ, ਪਿੰਦਰ ਗਿੱਲ, ਪ੍ਰਿੰਸ ਬਹਿਲ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਧੂਮਧਾਮ  ਨਾਲ ਮਨਾਇਆ ਅਜ਼ਾਦੀ ਦਿਵਸ
Next article“ਮਿਸ਼ਨ ਸਮਰੱਥ ” ਜ਼ਿਲ੍ਹਾ ਪੱਧਰੀ ਵਰਕਸ਼ਾਪ ਦੇ ਦੂਜੇ  ਦਿਨ ਪ੍ਰਥਮ ਪ੍ਰੋਗਰਾਮ ਹੈੱਡ ਵੱਲੋਂ ਨਿਰੀਖਣ