(ਸਮਾਜ ਵੀਕਲੀ)
ਜੇ ਤੂੰ ਸੱਚ ਬੋਲਣਾ,ਲਿਖਣਾ ਛੱਡ ਦੇਵੇਂ !
ਤੇਰਾ ਅਸੀਂ ਵੀ ਸਨਮਾਨ ਕਰੀਏ ?
ਸਾਡੀ ਉਸਤੱਤ ਦੇ ਵਿਚ,
ਜੇ ਚਾਰ ਕੁ ਸ਼ਬਦ ਲਿਖ ਦੇਵੇਂ,
ਫ਼ੇਰ ਅਸੀਂ ਵੀ ਸਨਮਾਨਿਤ ਕਰਨ ਲਈ,
ਵਿਚਾਰ ਕਰੀਏ !
ਬੱਸ ਇੱਕ ਲੋਈ,
ਪ੍ਰੈੱਸ ਤੋਂ ਛਪਿਆ ਛਪਾਇਆ,
ਰੇਡੀਮੇਡ ਸਰਟੀਫ਼ਿਕੇਟ,
ਲੈ ਆਵਾਂ ਗੇ।
ਜੇ ਕਹੇਂ ਤੇਰਾ ਨਾਮ ਭਰ ਕੇ,
ਹਾਰ ਪਾ ਕੇ,ਸਤਿਕਾਰ ਕਰੀਏ !
ਉਂਝ ਤਾਂ ਤੇਰੀ ਬੋਲਬਾਣੀ ਤੋਂ,
ਡਰ ਜਿਹਾ ਲਗਦਾ ਹੈ,
ਨਕਲੀ ਡਿਗਰੀਆਂ ਵਾਲਿਆਂ ਨੂੰ।
ਕਿਤੇ ਸਟੇਜ ‘ਤੇ ਆ ਕੇ,
ਸਾਡੇ ਇਖ਼ਲਾਕ ਅਤੇ ਜਾਲ੍ਹੀ ਡਿਗਰੀਆਂ ਦੇ,
ਚਿੱਟੇ,ਖਾਦੀ ਵਸਤਰ,
ਸ਼ਰੇਆਮ ਨਾ ਉਤਾਰ ਦੇਵੀਂ !
ਜੇ ਕਹੇਂ ਤਾਂ ਕੋਟ ਪੈਂਟ ਪਾ ਕੇ,
ਆਉਣ ਦਾ ਵਿਚਾਰ ਕਰੀਏ !
ਕਈ ਪੀ.ਐੱਚ.ਡੀ. ਤੇ ਮੰਨੇ ਪਰਮੰਨੇ,
ਲੇਖਕ ਨੇ ਸਾਡੀ ਸਭਾ ਦੇ ਵਿਚ,
ਕਹਿੰਦੇ ਉੱਚ ਡਿਗਰੀ ਵਾਲੇ ਨੂੰ,
ਸਨਮਾਨ ਦੇ ਦਿਓ,
ਸਾਨੂੰ ਕੀ ਇਤਰਾਜ਼ ਹੈ।
ਕੀ ਜ਼ਾਹਲੀ ਡਿਗਰੀਆਂ ਵਾਲਿਆਂ ਦੀ,
ਗੱਲ ਦਾ ਇਤਬਾਰ ਕਰੀਏ ?
ਉਂਜ ਮੈਨੂੰ ਲੱਗਦਾ ਹੈ ,
ਤੇਰੇ ਸਨਮਾਨ ਦੇ ਨਾਲ,
ਤੇਰੀ ਕ਼ਲਮ ਰੂਪੀ,
ਤਲਵਾਰ ਦੀ ਧਾਰ ਦੇ ਨਾਲ਼,
ਤਲਵਾਰ ਘੁਮਾਉਣ ਦੀ,
ਜਗ੍ਹਾ ਵੀ ਘਟ ਜਾਵੇਗੀ।
ਚੱਲ ਜੇ ਕਹੇਂ ਤਾਂ,
ਤੈਨੂੰ ਖੂੰਹ ਦਾ ਡੱਡੂ,ਬਣਾ ਧਰੀਏ।
ਜੇ ਤੂੰ ਸੱਚ ਬੋਲਣਾ ਛੱਡ ਦੇਵੇਂ,
ਅਸੀਂ ਵੀ ਤੇਰਾ,
ਸਨਮਾਨ ਸਮਾਰੋਹ ਧਰੀਏ !
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly