(ਸਮਾਜ ਵੀਕਲੀ)
ਜੇ ਕਿਸੇ ਨੂੰ ਕੋਈ ਪੁੱਛੇ ਕਿ ਮੋਏੇ ਮਿੱਤਰਾਂ ਨਾਲ ਸੰਵਾਦ ਰਚਾਇਆ ਜਾ ਸਕਦਾ ਹੈ ਜਾਂ ਨਹੀ? ਤਾਂ ਸਭ ਦਾ ਜਵਾਬ ਨਾਂਹ ਵਿੱਚ ਹੀ ਹੋਏਗਾ। ਪਰ ਨਾਂਹ ਨੂੰ ਹਾਂ ਵਿੱਚ ਬਦਲਿਆ ਜਾ ਸਕਦਾ ਹੈ ਜੇ ਬਹੁਪੱਖੀ ਲੇਖਕ ਸ਼ਾਮ ਸਿੰਘ (ਅੰਗ ਸੰਗ) ਹੋਰਾਂ ਦੀ ਪ੍ਰਕਾਸ਼ਿਤ ਕਾਵਿ ਪੁਸਤਕ ਤੁਰ ਗਏ ਯਾਰ ਨਿਰਾਲੇ ਨੇਚੋਂ ਨਾਲ ਵਾਚੀ ਜਾਵੇ। ਲੇਖਕ ਨੇ ਵਿਛੜ ਗਈਆਂ ਉਨ੍ਹਾਂ ਰੱਬੀ ਰੂਹਾਂ ਨਾਲ ਲੋਕਾਈ ਦੀਆਂ ਬਾਤਾਂ ਜਾਂ ਗੱਲਾਂ-ਬਾਤਾਂ ਹੀ ਨਹੀ ਕਰਵਾਈਆਂ ਸਗੋਂ ਉਨ੍ਹਾਂ ਨਾਲ ਗੱਲਵਕੜੀਆਂ ਵੀ ਪਵਾਈਆਂ ਨੇ। ਜਿਨ੍ਹਾਂ ਦਾ ਨਿੱਘ ਪੁਸਤਕ ਵਿੱਚੋਂ ਆਪ ਮੁਹਾਰੇ ਮਹਿਸੂਸ ਹੁੰਦਾ ਹੈ, ਅਤੇ ਰੱਬ ਦੇ ਘਰ ਜਾ ਪੁੱਜੇ ਉਨ੍ਹਾਂ ਲੇਖਕਾਂ ਦਾ ਹੁੰਗਾਰਾ ਵੀ ਮਿਲਦਾ ਜਾਪਦਾ ਹੈ। ਉਨ੍ਹਾਂ ਸਦੀਵੀ ਵਿਛੋੜਾ ਦੇ ਗਏ ਆਪਣੇ ਤਰਤਾਲੀ ਸਾਹਿਤਕ ਜਿਗਰੀ ਯਾਰਾਂ ਦੇ ਲਿਖੇ ਤਾਂ ਮਰਸੀਏ ਹਨ। ਪਰ ਲੇਖਕ ਨੇ ਉਨ੍ਹਾਂ ਸਭ ਨਾਲ ਰੂਹ ਦਾ ਰਿਸ਼ਤਾ ਨਿਭਾਇਆ ਹੋਣ ਕਰਕੇ ਮਰਸੀਏ, ਮਰਸੀਏ ਨਾ ਹੋ ਕੇ ਸੁਹਾਗ ਜਾਂ ਘੋੜੀਆਂ ਵਰਗੇ ਹੋ ਨਿੱਬੜੇ ਹਨ।
ਮੋਏ ਮਿੱਤਰਾਂ ਲਈ ਲੇਖਕ ਦੇ ਧੁਰ ਅੰਦਰੋਂ ਉੱਠੀ ਮੁਹੱਬਤੀ ਹੂਕ ਨੇ ਪੁਸਤਕ ਦੇ ਹਰਫਾਂ ‘ਚ ਵੀ ਅਜਿਹੀ ਮਿਠਾਸ ਭਰੀ ਹੈ ਕਿ ਪੁਸਤਕ ਨੂੰ ਘੁੱਟਾ-ਬਾਟੀ ਨਹੀਂ ਸਗੋਂ ਚੀਂਡ (ਡੀਕ) ਲਾ ਕੇ ਪੜ੍ਹਨ ਤੋਂ ਬਿਨ੍ਹਾਂ ਗੁਜ਼ਾਰਾ ਹੀ ਨਹੀਂ ਜਾਪਦਾ। ਰੱਬ ਦੇ ਘਰ ਡੇਰਾ ਜਾ ਲਾ ਬੈਠੇ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦੇ ਚੋਟੀ ਦੇ ਇਨ੍ਹਾਂ ਕਲਮਕਾਰਾਂ ਨੂੰ ਇੱਕ ਤਰ੍ਹਾਂ ਨਾਲ ਲੇਖਕ ਨੇ ਸਿਜਦਾ ਕਰਕੇ ਯਾਰੀ ਦਾ ਧਰਮ ਨਿਭਾਉਣ ਦਾ ਸਫਲ ਜਤਨ ਕੀਤਾ ਹੈ।
ਜਿਨ੍ਹਾਂ ਲੇਖਕਾਂ ਬਾਰੇ ਕਵਿਤਾਵਾਂ ਰਚੀਆਂ ਗਈਆਂ ਹਨ, ਉਹ ਆਪਣੇ ਸਮੇਂ ਦੇ ਆਪਣੀ ਲੇਖਣੀ ਦੇ ਖੇਤਰ ਵਿੱਚ ਟੀਸੀ ਦੇ ਬੇਰ ਹੀ ਸਾਬਤ ਨਹੀਂ ਰਹੇ, ਸਗੋਂ ਧਰੂੰ ਤਾਰੇ ਦੀ ਨਿਆਈ ਚਮਕਦੇ ਵੀ ਰਹੇ ਜੋ ਅਜੇ ਵੀ ਚਮਕਦੇ ਹਨ, ਅਤੇ ਉਹ ਸਦੀਆਂ ਤੱਕ ਚਮਕਦੇ ਰਹਿਣਗੇ । ਜਿਨ੍ਹਾਂ ਦੀ ਬਖੇਰੀ ਰੋਸ਼ਨੀ ਅੱਜ ਵੀ ਸਾਡਾ ਸਭ ਦਾ ਰਾਹ ਦਸੇਰਾ ਸਾਬਤ ਹੋ ਰਹੀ ਹੈ, ਇਹ ਰਾਹ ਦਸੇਰੇ ਹੀ ਰਹਿਣਗੇ, ਕਿਉਂਕਿ ਉਨ੍ਹਾਂ ਜਗਿਆਸੂਆਂ ਨੇ ਅਲਖ ਜਗਾਕੇ ਆਪਣਾ ਸਾਰਾ ਜੀਵਨ ਹਨੇਰ੍ਹਿਆਂ ਨੂੰ ਭਜਾਉਣ ਲਈ ਚਾਨਣ ਦੇ ਨਾਂਅ ਕੀਤਾ ਹੋਇਆ ਸੀ। ਕਿਸੇ ਬੂਬਨੇ ਸਾਧ ਦੀਆਂ ਕਥਾ ਜਾਂ ਪ੍ਰਵਚਨਾਂ ਦੇ ਰੂਪ ਵਿੱਚ ਮਾਰੀਆਂ ਆਲ ਮਟੌਲੀਆਂ ਗੱਲਾਂ/ਗੱਪਾਂ ਵਾਂਗ ਲੋਕਾਂ ਦੇ ਸਿਰਾਂ ਉੱਤੋਂ ਲੰਘਣ ਦੀ ਥਾਂ ਪੁਸਤਕ ਦੀ ਸਿੱਧੀ ਸਾਦੀ ਸਰਲ ਸ਼ਬਦਾਵਲੀ ਹਰ ਪਾਠਕ ਦੇ ਜ਼ਿਹਨ ਵਿੱਚ ਉੱਤਰਨ ਵਾਲੀ ਵੀ ਹੈ ਤੇ ਮੱਥੇ ਦੇ ਮੇਚ ਆਉਣ ਵਾਲੀ ਵੀ।
ਮੌਤ ਦੀ ਗੋਦ ਦਾ ਅਨੰਦ ਮਾਣਕੇ ਦੂਰ ਦੁਰਾਡੇ ਤੁਰ ਗਏ ਅਣਮੁੱਲੇ ਹੀਰੇ ਲੇਖਕ ਦੇ ਯਾਰ ਨਿਰਾਲੇ ਜਾਂ ਯਾਰ ਨਗੀਨੇ ਆਪਣੀਆਂ ਲਿਖਤਾਂ ਅਤੇ ਲੋਕ ਪੱਖੀ ਕਿਰਦਾਰ ਕਾਰਨ ਮਰ ਕੇ ਵੀ ਹਮੇਸ਼ਾਂ ਜਿਉਂਦੇ ਰਹਿਣਗੇ। ਇਸ ਜਹਾਨ ਨੂੰ ਸਦਾ ਵਾਸਤੇ ਛੱਡ ਗਏ “ਜੀਊਂਦਿਆਂ” ਦੀ ਬਾਤ ਪਾਉਂਦੀ ਹੈ ਇਹ ਪੁਸਤਕ।
ਪਰ ਲੇਖਕ ਦੇ ਹਰਫਾਂ ਵੱਲੋਂ ਪਾਈਆਂ ਮੋਹ ਦੀਆਂ ਤੰਦਾਂ ਦੀ ਬਖੇਰੀ ਖੁਸ਼ਬੂ ਨੇ ਉਨ੍ਹਾਂ ਦੇ ਹੋਰ ਜਿਊਣ ਦੇ ਰੰਗ ਨੂੰ ਨਵਾਂ ਨਕੋਰ ਕਰਨ ਵਿੱਚ ਵੱਡਮੁੱਲੀ ਘਾਲਣਾ ਘਾਲੀ ਹੈ। ਜਿਸਦੇ ਲਈ ਜਿੱਥੇ ਯੂਰਪੀਨ ਪੰਜਾਬੀ ਸੱਥ ਯੂ. ਕੇ ਨੇ ਵੱਡੀ ਗਿਣਤੀ ਵਿੱਚ ਪੁਸਤਕ ਪ੍ਰਕਾਸ਼ਿਤ ਕਰਵਾਕੇ ਬਹੁਤ ਸਾਰੇ ਮੁਲਕਾਂ ਦੇ ਪੰਜਾਬੀ ਪਿਆਰਿਆਂ ਦੇ ਹੱਥਾਂ ਵਿੱਚ ਪੁੱਜਦੀ ਕਰਕੇ ਪੰਜਾਬੀ ਸਾਹਿਤ ਜਗਤ ਦਾ ਮਾਣ ਸਨਮਾਨ ਆਪਣੀ ਝੋਲੀ ਪੁਆਉਂਣ ਦਾ ਜੱਸ ਖੱਟਿਆ ਹੈ, ਉੱਥੇ ਲੇਖਕ ਸ਼ਾਮ ਸਿੰਘ ਹੋਰਾਂ ਇੱਕਲੀ ਇੱਕਲੀ ਸਖਸ਼ੀਅਤ ਬਾਰੇ ਮਣਾਂ ਮੂੰਹੀ ਜਾਣਕਾਰੀ ਦੇ ਕੇ ਇੱਕਲੇ ਇੱਕਲੇ ਬਾਰੇ ਕਈ ਕਈ ਪੁਸਤਕਾਂ ਲਿਖਣ ਦਾ ਮਸਾਲਾ ਵੀ ਦੇ ਦਿੱਤਾ ਹੈ।
ਇਸ ਵਿਸ਼ੇ ਬਾਰੇ ਸ਼ਾਇਦ ਪੰਜਾਬੀ ਦੀ ਇਹ ਇੱਕੋ-ਇਕ ਪੁਸਤਕ ਹੈ।ਇਹੋ ਜਿਹੀਆਂ ਪੁਸਤਕਾਂ ਬਹੁਤ ਘੱਟ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਅੱਖ ਦੇ ਖਾਰੇ ਹੰਝੂਆਂ ਵਿੱਚੋਂ ਵੀ ਤੱਤੇ ਤੱਤੇ ਗੁੜ ਦੀ ਮਿਠਾਸ ਵਰਗੀ ਮਹਿਕ ਆਉਂਦੀ ਹੋਵੇ। ਇਸ ਲਈ ਪੰਜਾਬੀ ਸਾਹਿਤ ਨਾਲ ਮੋਹ ਕਰਨ ਵਾਲਿਆਂ ਅਤੇ ਸਿਖਾਂਦਰੂ ਲੇਖਕਾਂ ਨੂੰ ਤੁਰ ਗਏ ਯਾਰ ਨਿਰਾਲੇ ਜ਼ਰੂਰ ਪੜ੍ਹਨੀ ਚਾਹੀਦੀ ਹੈ। ਜਿਵੇ ਦਾਲ ਦੇ ਪੂਰੀ ਤਰ੍ਹਾਂ ਪੱਕੀ ਹੋਣ ਦਾ ਪ੍ਰਮਾਣ ਇੱਕ ਦਾਣਾ ਟੋਹਣ ਨਾਲ ਅਤੇ ਦਾਲ ਦੇ ਸਵਾਦੀ/ ਸਵਾਦਿਸ਼ਟ ਹੋਣ ਦਾ ਪ੍ਰਮਾਣ ਇੱਕ ਚਮਚਾ ਚੱਖਣ ਨਾਲ ਹੀ ਮਿਲ ਜਾਂਦਾ ਹੈ, ਬਿਲਕੁੱਲ ਉਸੇ ਤਰ੍ਹਾਂ ਪੱਤਰਕਾਰੀ ਦੇ ਬਾਬਾ ਬੋਹੜ ਬਾਬਾ ਗੁਰਬਖਸ਼ ਸਿੰਘ ਬੰਨੂਆਣਾ ਬਾਰੇ ਪੁਸਤਕ ਵਿੱਚ ਦਰਜ ਸਿਰਫ ਦੋ ਸਤਰਾਂ ਹੀ ਪੁਸਤਕ ਦੇ ਮਿਆਰੀ ਅਤੇ ਆਹਲਕਾਰੀ ਹੋਣ ਦਾ ਪ੍ਰਮਾਣ ਦੇ ਸਕਦੀਆਂ ਹਨ।ਜਿਸ ਵਿੱਚੋ ਬਾਬਾ ਬੰਨੂਆਣਾ ਬਾਰੇ ਇੰਝ ਬੋਲਦੇ ਹੋਏ ਸ਼ਬਦ ਸਾਰਥਿਕ ਰੂਪ ਵਿੱਚ ਉਨ੍ਹਾਂ ਨੂੰ ਸਾਹਮਣੇ ਲਿਆ ਖੜ੍ਹਾ ਕਰਦੇ ਹਨ।
ਸੱਜੇ ਹੱਥ ਨਾਲ ਲਿਖਕੇ ਸੋਚ ਖੱਬੀ,
ਉਹਨੇ ਲੋਕਾਂ ਦੇ ਹੱਥ ਫੜਾ ਦਿੱਤੀ।
ਬਲਦੇਵ ਸਿੰਘ ਬੱਲੀ
ਸੰਪਰਕ : 9814280838
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly