ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਤੀਆਂ ਦਾ ਤਿਉਹਾਰ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਮੂਹ ਸਟਾਫ਼ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਹਰਜੋਤ ਕੌਰ ਲੋਹਟੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਤਰਨਪ੍ਰੀਤ ਕੌਰ ਵਾਲੀਆ ਤੇ ਸ. ਪਰਮਜੀਤ ਸਿੰਘ ਹੇੜੀਆਂ ਯੂ.ਐੱਸ.ਏ. ਵੀ ਵਿਸ਼ੇਸ਼ ਸੱਦੇ ‘ਤੇ ਪਹੁੰਚੇ। ਪ੍ਰੋਗਰਾਮ ਦੇ ਆਗਾਜ਼ ਮੌਕੇ ਪ੍ਰਿੰਸੀਪਲ ਸਾਹਿਬ ਨੇ ਫੁੱਲਾਂ ਦੇ ਗੁਲਦਸਤਿਆਂ ਤੇ ਸ਼ਬਦਾਂ ਰਾਹੀਂ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਲੋਕ ਨਾਚ ਗਿੱਧੇ ਤੇ ਲੋਕ ਸੰਗੀਤ ਦੀਆਂ ਵੱਖ-ਵੱਖ ਪੇਸ਼ਕਾਰੀਆਂ ਨਾਲ ਵਿਦਿਆਰਥੀਆਂ ਨੇ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਵਿਦਿਆਰਥਣਾਂ ਦੇ ਰਵਾਇਤੀ ਪੰਜਾਬੀ ਪਹਿਰਾਵੇ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ‘ਚ ਇੰਦਰਪ੍ਰੀਤ ਕੌਰ, ਹਰਨੀਤ ਕੌਰ ਤੇ ਮਨਜੋਤ ਕੌਰ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ। ਗਿੱਧੇ ‘ਚੋਂ ਇੰਦਰਪ੍ਰੀਤ ਕੌਰ, ਕਿਰਨਦੀਪ ਕੌਰ ਤੇ ਸਿਮਰਨਦੀਪਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਨਿਰਣਾਇਕ ਦੀ ਭੂਮਿਕਾ ਡਾ. ਤਰਨਪ੍ਰੀਤ ਕੌਰ, ਡਾ. ਸੁਨਿਧੀ ਮਿਗਲਾਨੀ, ਡਾ. ਕਮਲਦੀਪ ਕੌਰ ਤੇ ਪ੍ਰੋ. ਨੀਲਮ ਕੁਮਾਰੀ ਨੇ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ ਗਏ। ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਡਾ. ਤਰਨਪ੍ਰੀਤ ਕੌਰ ਨੇ ਪੰਜਾਬੀਆਂ ਦੇ ਜੀਵਨ ‘ਚ ਤਿਉਹਾਰਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਦੀ ਜ਼ਿੰਦਗੀ ‘ਚ ਸਿੱਖ ਨੈਸ਼ਨਲ ਕਾਲਜ ਦੀ ਅਹਿਮੀਅਤ ਬਾਰੇ ਵੀ ਦੱਸਿਆ। ਹਰਜੋਤ ਕੌਰ ਲੋਹਟੀਆ ਨੇ ਆਖਿਆ ਕਿ ਇਹੋ ਜਿਹੇ ਸਮਾਗਮ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੀ ਸੇਧ ਦਿੰਦੇ ਹਨ ਤੇ ਅਨੁਸ਼ਾਸਤ ਜੀਵਨ ਨਾਲ ਅਸੀਂ ਉਸ ਮੰਜ਼ਿਲ ਨੂੰ ਵੀ ਪਾ ਸਕਦੇ ਹਾਂ ਜਿਸ ਬਾਰੇ ਅਸੀਂ ਸੋਚ ਵੀ ਨਾ ਹੋਵੇ। ਸ. ਪਰਮਜੀਤ ਸਿੰਘ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਖ਼ੂਬ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤੇ ਕਾਲਜ ਲਈ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ।ਆਏ ਹੋਏ ਮਹਿਮਾਨਾਂ ਨੂੰ ਕਾਲਜ ਵਲੋਂ ਯਾਦਗਾਰੀ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ। ਪੀਂਘ ਝੂਟਣ ਦੀ ਰਸਮ ਕਰਦਿਆਂ ਮੁਟਿਆਰਾਂ ਨੇ ਗਿੱਧੇ ਦਾ ਪਿੜ ਬੰਨ੍ਹ ਕੇ ਖੂਬ ਰੌਣਕਾਂ ਲਾਈਆਂ। ਆਏ ਹੋਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਡਾ. ਇੰਦੂ ਰੱਤੀ ਨੇ ਸਾਂਝੇ ਕੀਤੇ। ਇਸ ਮੌਕੇ ਪ੍ਰੋ. ਆਬਿਦ ਵਕਾਰ, ਡਾ. ਹਰਜੋਤ ਸਿੰਘ, ਪ੍ਰੋ. ਅੰਮ੍ਰਿਤ ਕੌਰ, ਡਾ. ਸੋਨਾ ਬਾਂਸਲ, ਡਾ. ਦਵਿੰਦਰ ਕੌਰ ਤੇ ਕਾਲਜ ਦੇ ਸਮੂਹ ਸਟਾਫ਼ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly