ਜਲੰਧਰ (ਸਮਾਜ ਵੀਕਲੀ) ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.),ਪੰਜਾਬ ਯੂਨਿਟ ਵੱਲੋਂ ਪੂਨਾ ਪੈਕਟ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ‘1 ਅਗਸਤ, 2024 ਨੂੰ ਰਾਖਵਾਂਕਰਨ ਬਾਰੇ’ ਆਏ ਮਹੱਤਵਪੂਰਨ ਫੈਸਲੇ ਦੇ ਸਬੰਧ ਵਿੱਚ ਇੱਕ ਸੈਮੀਨਾਰ 29 ਸਤੰਬਰ, 2024 ਨੂੰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋਫੈਸਰ (ਡਾ.) ਅਜੀਤ ਸਿੰਘ ਚਹਲ, ਕਾਨੂੰਨ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਅਤੇ ਸੇਵਾ ਮੁਕਤ ਜੱਜ ਮਾਨਯੋਗ ਜੀ ਕੇ ਸਭਰਵਾਲ ਜੀ ਸਨ ਦੋਨਾਂ ਵਿਦਵਾਨਾਂ ਨੇ ਸੈਮੀਨਾਰ ਦੇ ਵਿਸ਼ਿਆਂ “ਪੂਨਾ ਪੈਕਟ” ਅਤੇ ‘1 ਅਗਸਤ, 2024 ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਟੇਟ ਵਰਸਿਜ ਦਵਿੰਦਰ ਸਿੰਘ ਤੇ ਰਾਖਵਾਂ ਕਰਨ ਦੇ ਸਬੰਧ ਵਿੱਚ ਜਜਮੈਂਟ’ ਤੇ ਬਹੁਤ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਦਲ ਦੇ ਸਾਬਕਾ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਦਲ ਦੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵਰਿੰਦਰ ਕੁਮਾਰ ਨੇ ਮੁਖ ਬੁਲਾਰਿਆਂ ਦੇ ਭਾਸ਼ਣ ਤੋਂ ਪਹਿਲਾਂ ਆਲ ਇੰਡੀਆ ਸਮਤਾ ਸੈਨਿਕ ਦਲ, ਅੰਬੇਡਕਰ ਭਵਨ ਟਰੱਸਟ, ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਦਾ ਸੈਮੀਨਾਰ ਦੇ ਵਿਸ਼ਿਆਂ ਤੇ ਆਪਣਾ ਪੱਖ ਸਪਸ਼ਟ ਕੀਤਾ ਕਿ ਉਪਰੋਕਤ ਵਿਸ਼ਿਆਂ ‘ਤੇ ਬੁਲਾਰਿਆਂ ਦੇ ਜਾਂ ਸਰੋਤਿਆਂ ਦੇ ਵਿਚਾਰ ਵਿਅਕਤੀਗਤ ਹੋਣਗੇ, ਦਲ, ਟਰੱਸਟ ਜਾਂ ਸੁਸਾਇਟੀ ਦੀ ਉਸ ਨਾਲ ਕੋਈ ਸਹਿਮਤੀ ਨਹੀਂ ਹੋਏਗੀ। ਸਾਡਾ ਮਕਸਦ ਸਿਰਫ ਸਮਾਜ ਵਿੱਚ ਏਕਤਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੈ। ਪ੍ਰਮੁੱਖ ਬੁਲਾਰਿਆਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਤਸੱਲੀ ਬਖਸ਼ ਦਿੱਤੇ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਲਿਤ ਵਰਗਾਂ ਨੂੰ ਅਧਿਕਾਰ ਫਿਰਕੂ ਫੈਸਲੇ ਅਨੁਸਾਰ ਮਿਲੇ ਸਨ, ਉਹ ਪੂਨਾ ਪੈਕਟ ਨਾਲੋਂ ਕਿਤੇ ਜਿਆਦਾ ਪ੍ਰਭਾਵਿਤ ਸਨ, ਕਿਉਂਕਿ ਇਹ ਉਸ ਵਿੱਚ ਦਲਿਤਾਂ ਨੂੰ ਵੱਖਰੇ ਚੋਣ ਖੇਤਰ ਰਾਹੀਂ ਆਪਣੇ ਵਿਧਾਨ ਮੰਡਲਾਂ ਲਈ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਇਹ ਵੀ ਸੱਚ ਹੈ ਕਿ ਪੂਨਾ ਪੈਕਟ ਨੇ ਭਾਰਤ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪੂਨਾ ਪੈਕਟ ਰਾਹੀਂ ਦਲਿਤ ਵਰਗਾਂ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਪ੍ਰਤੀਨਿਧੀ ਚੁਣ ਕੇ ਭੇਜਣ ਦਾ ਅਧਿਕਾਰ ਮਿਲਿਆ। ਪੰਜਾਬ ਵਿੱਚ 1937 ਦੀਆਂ ਚੋਣਾਂ ਰਾਹੀਂ ਪੰਜਾਬ ਵਿਧਾਨ ਕੌਂਸਲ ਦੇ 8 ਮੈਂਬਰ ਚੁਣੇ ਗਏ। ਇਨ੍ਹਾਂ 8 ਮੈਂਬਰਾਂ ਵਿੱਚ ਬੂਟਾ ਮੰਡੀ, ਜਲੰਧਰ ਦੇ ਸੇਠ ਕਿਸ਼ਨ ਦਾਸ ਕਲੇਰ ਇੱਕ ਸਨ। ਫਿਰਕੂ ਫੈਸਲੇ ਵਿੱਚ ਦਲਿਤਾਂ ਨੂੰ 78 ਸੀਟਾਂ ਮਿਲੀਆਂ ਸਨ, ਪਰ ਪੂਨਾ ਪੈਕਟ ਰਾਹੀਂ ਰਿਜਰਵ ਸੀਟਾਂ ਦੀ ਗਿਣਤੀ148, ਜੋ ਬਾਅਦ ਵਿੱਚ ਗਿਣਤੀ 151 ਸੀਟਾਂ ਦੀ ਹੋ ਗਈ, ਯਾਨੀ 73 ਸੀਟਾਂ ਦਾ ਵਾਧਾ ਹੋਇਆ । ਪੂਨਾ ਪੈਕਟ ਰਾਹੀਂ ਦਲਿਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ। ਦਲਿਤਾਂ ਵਾਸਤੇ ਸਰਕਾਰੀ ਨੌਕਰੀਆਂ ਦੇ ਦਰਵਾਜੇ ਬੰਦ ਸਨ। ਪੂਨਾ ਪੈਕਟ ਰਾਹੀਂ ਸਰਕਾਰ ਨੇ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦਾ ਸਿਸਟਮ ਲਾਗੂ ਕੀਤਾ ਜੋ ਡਾ. ਅੰਬੇਡਕਰ ਨੇ ਉਸ ਸਮੇਂ ਦੇ ਵਾਇਸਰਾਇ ਲਿਲਨਥਗੋ ਨੂੰ 29 ਅਕਤੂਬਰ 1942 ਨੂੰ ਦਿੱਤੇ ਯਾਦ ਪੱਤਰ ਕਰਕੇ ਪ੍ਰਚਲਤ ਹੋਇਆ। ਅਨੁਸੂਚਿਤ ਜਾਤਾਂ ਵਾਸਤੇ ਵਿੱਦਿਅਕ ਸਹੂਲਤਾਂ, ਵਿੱਦਿਅਕ ਅਦਾਰਿਆਂ ਵਿੱਚ ਰਾਖਵੀਆਂ ਸੀਟਾਂ, ਵਿਦੇਸ਼ਾਂ ਵਿੱਚ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਅਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਆਦਿ ਦਾ ਸਿਲਸਿਲਾ ਪੂਨਾ ਪੈਕਟ ਧਾਰਾ 9 ਅਨੁਸਾਰ ਜਾਰੀ ਹੋਇਆ। ਪੂਨਾ ਪੈਕਟ ਗਾਂਧੀ ਜੀ ਦੀ ਅਗਵਾਈ ਵਿੱਚ ਹਿੰਦੂ ਲੀਡਰਾਂ ਅਤੇ ਡਾ. ਅੰਬੇਡਕਰ ਵਿਚਕਾਰ ਯਾਨੀ 2 ਆਗੂਆਂ ਵਿਚਕਾਰ ਇੱਕ ਸਮਝੌਤਾ ਸੀ। ਇਸ ਸਮਝੌਤੇ ਦੀਆਂ ਸ਼ਰਤਾਂ ਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਵਿੱਚ ਸ਼ਾਮਿਲ ਕੀਤੇ ਜਾਣ ਕਰਕੇ ਉਸ ਨੂੰ ਕਾਨੂੰਨੀ ਪ੍ਰਵਾਨਗੀ ਮਿਲੀ। 1935 ਦਾ ਐਕਟ ਅੱਗੋਂ ਭਾਰਤ ਦੇ ਨਵੇਂ ਸੰਵਿਧਾਨ ਦਾ ਆਧਾਰ ਬਣਿਆ। ਪੂਨਾ ਪੈਕਟ ਦੀਆਂ ਸਾਰੀਆਂ ਹੀ ਧਾਰਾਵਾਂ ਵਿਸਥਾਰ ਤੇ ਪ੍ਰਭਾਵੀ ਰੂਪ ਨਾਲ ਸੰਵਿਧਾਨ ਵਿੱਚ ਦਰਜ ਕੀਤੀਆਂ ਗਈਆਂ। 1942 ਵਿੱਚ ਯਾਨੀ ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਕੇਂਦਰੀ ਵਿਧਾਨ ਸਭਾ (ਪਾਰਲੀਮੈਂਟ) ਵਿੱਚ ਕੁੱਲ 141 ਮੈਂਬਰ ਸਨ ਇਨ੍ਹਾਂ ਵਿੱਚੋਂ 102 ਚੁਣੇ ਹੋਏ ਅਤੇ 39 ਨਾਮਜਦ ਮੈਂਬਰ ਸਨ, ਕੁਲ 141 ਮੈਂਬਰਾਂ ਵਿੱਚੋਂ ਅਨੁਸੂਚਿਤ ਜਾਤਾਂ ਦੇ ਕੇਵਲ 2 ਮੈਂਬਰ ਸਨ। ਭਾਰਤ ਦੇ ਨਵੇਂ ਸੰਵਿਧਾਨ ਅਨੁਸਾਰ ਸੰਸਦ ਵਿੱਚ 120 ਤੋਂ 125 ਤੱਕ ਮੈਂਬਰ ਰਹਿੰਦੇ ਹਨ ਜੋ ਦੇਸ਼ ਭਰ ਚੋਂ ਰਿਜ਼ਰਵ ਸੀਟਾਂ ਤੋਂ ਚੁਣੇ ਜਾਂਦੇ ਹਨ। ਜੇਕਰ ਭਾਰਤੀ ਸੰਸਦ ਵਿੱਚ 125 ਦਲਿਤ ਮੈਂਬਰ ਮਿੱਟੀ ਦੇ ਮਾਧੋ ਹੀ ਬਣੇ ਰਹਿਣ, ਉਹ ਕੋਈ ਕ੍ਰਾਂਤੀਕਾਰੀ ਕਾਰਜਕ੍ਰਮ ਨਾ ਪੇਸ਼ ਕਰਦੇ ਹੋਣ ਤਾਂ ਕਸੂਰ ਕਿਸ ਦਾ ਹੈ ? ਦਲ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 1 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਦਾ ਰਿਜਰਵੇਸ਼ਨ ਸਬੰਧੀ ਫੈਸਲਾ ਆਉਣ ਤੇ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਜਾਂ ਨੇਤਾਵਾਂ ਨੇ ਦਲਿਤ ਭਾਈਚਾਰੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ ਅਤੇ ਸਾਨੂੰ ਹਰ ਹਾਲਤ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਸਟੇਜ ਸੰਚਾਲਨ ਦਲ ਦੇ ਸੂਬਾ ਜਨਰਲ ਸਕੱਤਰ ਸਨੀ ਥਾਪਰ ਨੇ ਬਾਖੂਬੀ ਕੀਤਾ। ਇਸ ਸਮਾਗਮ ਨੂੰ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਭਾਰਦਵਾਜ, ਮਹਿੰਦਰ ਸੰਧੂ, ਗੌਤਮ, ਮੈਡਮ ਕਵਿਤਾ ਢੰਡੇ, ਜੋਤੀ ਪ੍ਰਕਾਸ਼, ਚਮਨ ਲਾਲ, ਹਰਭਜਨ ਨਿਮਤਾ, ਨਿਰਮਲ ਬਿੰਜੀ , ਚਰਨਜੀਤ ਸਿੰਘ, ਡਾਕਟਰ ਸੰਦੀਪ ਮੈਹਮੀ, ਸੁਨੀਲ ਮਹਿਮੀ, ਐਮ. ਆਰ. ਸਲਣ, ਰੋਸ਼ਨ ਭਾਰਤੀ , ਅਜੀਤ ਸਿੰਘ, ਮਲਕੀਤ ਖਾਂਬੜਾ, ਸ਼ਾਮ ਲਾਲ ਜੱਸਲ, ਰਾਮ ਲਾਲ ਦਾਸ, ਐਡਵੋਕੇਟ ਅਸ਼ਵਨੀ ਦਾਦਰਾ, ਐਡਵੋਕੇਟ ਮਾਨਸੀ ਸਹੋਤਾ, ਜਸਪਾਲ ਸਿੰਘ ਆਦਿ ਸ਼ਾਮਿਲ ਸਨ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਜਨਰਲ ਸਕੱਤਰ ਸਨੀ ਥਾਪਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਨੀ ਥਾਪਰ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.),ਪੰਜਾਬ ਯੂਨਿਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly