ਸਮਤਾ ਸੈਨਿਕ ਦਲ ਕਰਾਏਗਾ ਪੂਨਾ ਪੈਕਟ ਤੇ ਸੈਮੀਨਾਰ

ਫੋਟੋ ਕੈਪਸ਼ਨ : ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਵਿੰਦਰ ਵਰਿਆਣਾ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ.

ਜਲੰਧਰ (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ ( ਰਜਿ.), ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਪੂਨਾ-ਪੈਕਟ ਇੱਕ ਇਤਿਹਾਸਿਕ ਸਮਝੌਤਾ ਹੈ ਜੋ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਿਚਕਾਰ 24 ਸਤੰਬਰ, 1932 ਨੂੰ ਪੂਨਾ ਦੀ ਜੇਲ ਯਰਵਦਾ ਵਿਖੇ ਹੋਇਆ ਸੀ। ਇਸ ਸਮਝੌਤੇ ਕਾਰਨ ਪਹਿਲੀ ਬਾਰ ਦਲਿਤ ਦੁਨੀਆਂ ਦੇ ਰਾਜਨੀਤਕ ਨਕਸ਼ੇ ਤੇ ਆਏ ਸਨ। ਬਾਬਾ ਸਾਹਿਬ ਦੇ ਅਣਥੱਕ ਯਤਨਾਂ ਨਾਲ ਅੰਗਰੇਜ਼ ਹਕੂਮਤ ਨੇ ਕਮਿਊਨਲ ਐਵਾਰਡ ਜਾਰੀ ਕੀਤਾ ਜਿਸ ਵਿਚ ਦਲਿਤਾਂ ਵਾਸਤੇ ਅਨੇਕ ਸਹੂਲਤਾਂ ਸਨ। ਇਹ ਸਹੂਲਤਾਂ ਇੱਕ ਸਾਂਝੀ ਮੀਟਿੰਗ ਵਿਚ ਚਰਚਾ ਕਰਕੇ ਲਾਗੂ ਹੋਣੀਆਂ ਸਨ ਪਰ ਦਲਿਤਾਂ ਨੂੰ ਵੱਖਰੇ ਚੋਣ ਖੇਤਰ ਦਾ ਅਧਿਕਾਰ ਮਿਲਣ ਵਿਰੁੱਧ ਗਾਂਧੀ ਜੀ ਨੇ ਯਰਵਦਾ ਜੇਲ ਵਿਚ ਹੀ, ਜਿਥੇ ਉਹ ਪਹਿਲਾਂ ਹੀ ਗ੍ਰਿਫਤਾਰੀ ਅਧੀਨ ਸਨ, ਮਰਨ ਵਰਤ ਰੱਖ ਦਿੱਤਾ। ਬਲਦੇਵ ਭਾਰਦਵਾਜ ਨੇ ਦੱਸਿਆ ਕਿ ਪੂਨਾ-ਪੈਕਟ ਦੇ ਸਮਝੌਤੇ ਵਿਚ ਅਛੂਤਾਂ ਨੂੰ ਬਖ਼ਰੇ ਚੋਣ ਖੇਤਰ ਦਾ ਅਧਿਕਾਰ ਛੱਡਣ ਦੇ ਬਾਵਜੂਦ ਵੀ ਬਾਬਾ ਸਾਹਿਬ ਨੇ ਕਮਿਊਨਲ ਐਵਾਰਡ ਵਿਚ ਐਲਾਨੀਆਂ ਸਹੂਲਤਾਂ ਤੋਂ ਕਿਤੇ ਵੱਧ ਪੂਨਾ-ਪੈਕਟ ਸਮਝੌਤੇ ਵਿਚ ਲੈ ਲਈਆਂ ਜਿਨ੍ਹਾਂ ਨਾਲ ਦਲਿਤਾਂ ਦਾ ਬਹੁਪੱਖੀ ਵਿਕਾਸ ਹੋਇਆ ਹੈ। ਇਸ ਸਬੰਧੀ ਆਲ ਇੰਡੀਆ ਸਮਤਾ ਸੈਨਿਕ ਦਲ ( ਰਜਿ.), ਪੰਜਾਬ ਯੂਨਿਟ ਨੇ ਆਪਣੀ ਕਾਰਜ ਕਾਰੀ ਕਮੇਟੀ ਦੀ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ਵਿਚ ‘ਪੂਨਾ ਪੈਕਟ – ਦਲਿਤਾਂ ਦੇ ਬਹੁਪੱਖੀ ਵਿਕਾਸ ਦਾ ਦਸਤਾਵੇਜ਼’ ਵਿਸ਼ੇ ਤੇ 24 ਸਤੰਬਰ, 2023 (ਐਤਵਾਰ) ਨੂੰ ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਸੈਮੀਨਾਰ ਨੂੰ ਬਹੁਤ ਹੀ ਵਿਦਵਾਨ ਪ੍ਰੋ. ਰਾਜੇਸ਼ ਕੁਮਾਰ, ਮੁੱਖੀ, ਪੋਸਟ ਗ੍ਰੈਜੂਏਟ ਪੁਲੀਟੀਕਲ ਸਾਇੰਸ ਵਿਭਾਗ, ਜੀ.ਕੇ.ਐਸ.ਐਮ. ਸਰਕਾਰੀ ਕਾਲਜ ਟਾਂਡਾ ਉੜਮੁੜ ਅਤੇ ਡਾ.ਜੀ.ਸੀ. ਕੌਲ, ਸਾਬਕਾ ਮੁੱਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ ਜਲੰਧਰ ਸੰਬੋਧਨ ਕਰਨਗੇ। ਇਸ ਮੌਕੇ ਹਰਭਜਨ ਨਿਮਤਾ, ਚਮਨ ਲਾਲ, ਨਿਰਮਲ ਬਿਨਜੀ ਅਤੇ ਐਡਵੋਕੇਟ ਕੁਲਦੀਪ ਭੱਟੀ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ,
ਆਲ ਇੰਡੀਆ ਸਮਤਾ ਸੈਨਿਕ ਦਲ ( ਰਜਿ.), ਪੰਜਾਬ ਯੂਨਿਟ।

Previous articleਮਿੰਨੀ ਕਹਾਣੀ \ ਗ੍ਰਹਿ ਪਰਵੇਸ਼
Next articleसमता सैनिक दल ‘पूना-पैक्ट’ पर सेमिनार आयोजित करेगा