ਲਾਰਿਆਂ ਦੀ ਰੁੱਤ

(ਸਮਾਜ ਵੀਕਲੀ)

ਆਈ ਲਾਰਿਆਂ ਦੀ ਰੁੱਤ
ਲੋਕੋ ਬਚ ਕੇ ਰਿਹੋ
ਪਹਿਲਾਂ ਦੱਸਿਆ ਕਿਉਂ ਨਾ
ਤੁਸੀਂ ਫੇਰ ਨਾ ਕਿਹੋ।
ਬਹੁਤੀ ਲੋਟੂਆਂ ਦੀ ਢਾਣੀ
ਨਿਰਾ ਕੂੜ ਤੇ ਕਬਾੜ
ਸਾਰਾ ਈ ਖੂਨ ਚੂਸੀ ਜਾਂਦੇ
ਨਿਰੀ ਛੱਡਦੇ ਹਵਾੜ
ਤੁਸੀਂ ਸੱਚੇ ਸੁੱਚੇ ਲੋਕ
ਬਸ! ਸੱਚ ਹੀ ਕਿਹੋ।
ਇਹ ਲੁਟੇਰਿਆਂ ਦਾ ਟੋਲਾ
ਜਿਨ੍ਹਾਂ ਲੁੱਟਿਆ ਪੰਜਾਬ
ਖਾਨ ਜ਼ਕਰੀਏ ਦੇ ਚੇਲੇ
ਜਿਨ੍ਹਾਂ ਕੁੱਟਿਆ ਪੰਜਾਬ
ਹੁਣ ਹੋਰ ਬਹੁਤਾ ਚਿਰ
ਨਾ ਉੇਡੀਕ ‘ਚ ਰਿਹੋ।
ਬੰਦ ਕਰੋ ਰਲ਼ ਸਾਰੇ
ਖੁੱਲ੍ਹੇ ਲਾਸ਼ਾਂ ਦੇ ਬਾਜ਼ਾਰ
ਫੜੋ ਚੱਜ ਦਾ ਕੋਈ ਰਾਹ
ਕਿਉਂ ਹੋਵੋ ਅਵਾਜ਼ਾਰ
ਜਿਹੜਾ ਮਰਨੇ ਨੂੰ ਫਿਰੇ
ਓਹਨੂੰ ਜੀਊਣ ਨੂੰ ਕਿਹੋ।

ਇਹ ਬਹਾਦਰਾਂ ਨੂੰ ਹੋਕਾ
ਥੋਨੂੰ ਕਹੇ ਪੰਜ ਆਬ
ਭਾਜੀ ਮੋੜਨੀ ਨਹੀਂ ਭੁੱਲੇ
ਕੁਮਲ਼ਾਵੇ ਨਾ ਗੁਲਾਬ
ਹਰ ਵਾਰ ਲੁੱਟੇ ਜਾਂਦੇ
ਇਸ ਵਾਰ ਨਾ ਸਿਹੋ।
ਸਿਰਲੱਥਾਂ ਦੀ ਹੈ ਧਰਤੀ
ਨਾਮ ਜਿਸ ਦਾ ਪੰਜਾਬ
ਕੀਹਨੇ ਅਣਖ ਵੰਗਾਰੀ
ਕੀਹਨੇ ਲੁੱਟਿਆ ਖੁਆਬ
ਦੁੱਲੇ ਭਗਤ ਸਰਾਭਿਆਂ ਨੂੰ
ਸਦਾ ਚੇਤੇ ਕਰਦੇ ਰਿਹੋ।

ਆਈ ਲਾਰਿਆਂ ਦੀ ਰੁੱਤ
ਲੋਕੋ ਬਚ ਕੇ ਰਿਹੋ।

– ਕੇਹਰ ਸ਼ਰੀਫ਼ –

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਦੇ ਧਨੰਤਰ ਖਿਡਾਰੀ ਸੋਮਾ ਘਰਾਚੋਂ ਨੂੰ ਸਅਦ ਸਯੁੰਕਤ ਨੇ ਲਾਇਆ ਦਿੜ੍ਹਬਾ ਤੋਂ ਇੰਚਾਰਜ ।
Next articleਸ੍ਰੀ ਮਹਿੰਦਰ ਸਿੰਘ ਕੇ ਪੀ ਨੇ ਧੁਦਿਆਲ ਤੋਂ ਭੇਲਾਂ ਤੱਕ ਬਣਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ