ਰਾਏਕੋਟ (ਸਮਾਜ ਵੀਕਲੀ)(ਗੁਰਭਿੰਦਰ ਗੁਰੀ) ਸੂਬੇ ਭਰ ਵਿੱਚ ਚਾਇਨਾ ਡੋਰ ‘ਤੇ ਸਰਕਾਰ ਨੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ ਤੇ ਡੀ.ਜੀ.ਪੀ ਪੰਜਾਬ ਵੱਲੋਂ ਇਸਨੂੰ ਖ਼ਰੀਦਣ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਸਭ ਦੇ ਵਿਚਕਾਰ ਸਥਾਨਕ ਸ਼ਹਿਰ ਤੇ ਇਲਾਕੇ ਅੰਦਰ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਦੀ ਕਾਰਵਾਈ ਨਾ ਦੇ ਬਰਾਬਰ ਹੈ। ਭਾਵੇਂ ਇਹ ਡੋਰ ਮਨੁੱਖੀ ਜਾਨਾਂ, ਪੰਛੀਆਂ ਤੇ ਬੇਜ਼ੁਬਾਨ ਜਾਨਵਰਾਂ ਦੇ ਨਾਲ-ਨਾਲ ਵਾਤਾਵਰਣ ਦੇ ਲਈ ਖ਼ਤਰਾ ਹੈ ਫਿਰ ਵੀ ਇਸਦੀ ਵਿਕਰੀ ‘ਤੇ ਪ੍ਰਸ਼ਾਸਨ ਰੋਕ ਲਗਾਉਣ ‘ਚ ਅਸਫ਼ਲ ਸਾਬਤ ਹੋ ਰਿਹਾ ਹੈ।ਸੂਤਰਾਂ ਮੁਤਾਬਕ ਆਲਾਮ ਇਹ ਹੈ ਕਿ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਇਹ ਮਾਰੂ ਡੋਰ ਆਮ ਲੋਕਾਂ ਤੇ ਬੱਚਿਆਂ ਦੇ ਹੱਥਾਂ ‘ਚ ਆਸਾਨੀ ਨਾਲ ਪਹੁੰਚ ਰਹੀ ਹੈ।
ਸ਼ਹਿਰ ਦੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਚਾਇਨਾ ਡੋਰ ਬੇਹੱਦ ਖ਼ਤਰਨਾਕ ਡੋਰ ਹੈ, ਕਈ ਵਾਰ ਤਾਂ ਇਸ ਕਾਰਨ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਤੇ ਪਸ਼ੂ-ਪੰਛੀ ਵੀ ਇਸਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਡੋਰ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੀ ਉਹ ਸ਼ਲਾਘਾ ਕਰਦੇ ਹਨ ਤੇ ਹੁਣ ਪ੍ਰਸ਼ਾਸਨ ਨੂੰ ਇਸਦੀ ਵਿਕਰੀ/ਭੰਡਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਓਧਰ ਸੂਤਰਾਂ ਦੀ ਮੰਨੀਏ ਤਾਂ ਪੈਸਾ ਕਮਾਉਣ ਦੇ ਲਾਲਚਵਸ ਕੁੱਝ ਲੋਕ ਚੋਰੀ ਛੁਪੇ ਇਸਦਾ ਕਾਰੋਬਾਰ ਕਰਨ ਵਿੱਚ ਲੱਗੇ ਹੋਏ ਹਨ ਤੇ ਕਈਆਂ ਵੱਲੋਂ ਇਸ ਡੋਰ ਦੀ ‘ਹੋਮ ਡਿਲੀਵਰੀ’ ਵੀ ਦਿੱਤੀ ਜਾ ਰਹੀ ਹੈ ਜੋ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਕਹੀ ਜਾ ਸਕਦੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਲੋਕਾਂ ਲਈ ਮਾਰੂ ਸਿੱਧ ਹੁੰਦੀ ਤੇ ਪਾਬੰਦੀ ਦੇ ਬਾਵਜੂਦ ਇਸ ‘ਚਾਇਨਾ ਡੋਰ’ ਦੀ ਵਿਕਰੀ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਕੀ ਰੁੱਖ ਅਖਤਿਆਰ ਕਰਦਾ ਹੈ ਜਾਂ ਫਿਰ ਹੱਥ ਤੇ ਹੱਥ ਧਰ ਅਸਮਾਨ ‘ਚ ਚਾਇਨਾ ਡੋਰ ਉੱਡਦੀ ਵੇਖਦਾ ਹੈ।