(ਸਮਾਜ ਵੀਕਲੀ)
ਖ਼ੂਨ ਅਪਨਾ ਹੋ ਯਾ ਪਰਾਯਾ
ਨਸਲੇ ਆਦਮ ਕਾ ਖ਼ੂਨ ਹੈ ਆਖਿਰ
ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ
ਅਮਨੇ ਆਲਮ ਕਾ ਖ਼ੂਨ ਹੈ ਆਖਿਰ
ਇਸਲੀਏ ਐ ਸ਼ਰੀਫ਼ ਇੰਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।
ਪਿਛਲੇ ਦਿਨੀਂ ਸ੍ਰੀ ਨਗਰ ਦੇ ਪੈਹਲਗਾਮ ਵਿੱਚ ਦਹਿਸ਼ਤ ਗਰਦਾਂ ਵਲੋਂ 27 ਦੇ ਕਰੀਬ ਨਿਰਦੋਸ਼ ਸੈਲਾਨੀਆਂ ਦੀ ਹੱਤਿਆ ਤੋਂ ਬਾਅਦ ਭਾਰਤ ਪਾਕਿ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪੂਰੀ ਦੁਨੀਆਂ ਨੇ ਇਸ ਦੀ ਨਿਖੇਧੀ ਕੀਤੀ ਹੈ ਨਿਖੇਧੀ ਕਰਨੀ ਵੀ ਬਣਦੀ ਹੈ ਕਿਉਂਕਿ ਇਸ ਤਰ੍ਹਾਂ ਨਾਲ ਨਿਰਦੋਸ਼ ਲੋਕਾਂ ਨੂੰ ਮਾਰਨਾਂ ਕਦਾਚਿੱਤ ਵੀ ਸਹੀ ਨਹੀਂ। ਹੁਣ ਸਵਾਲ ਇਹ ਉਠਦਾ ਹੈ ਕਿ ਕਿ ਭਾਰਤ ਪਾਕਿ ਦੇ ਮਾੜੇ ਸਬੰਧਾਂ ਦਾ ਅਸਰ ਕਿਸ ਤੇ ਪਵੇਗਾ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਪਾਕਿਸਤਾਨ ਨਾਲ ਜੰਗ ਸ਼ੁਰੂ ਕਰਨੀ ਚਾਹੀਦੀ ਹੈ ਪਰ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਸ਼ਮੀਰ ਦੇ ਮਸਲੇ ਨੂੰ ਗੱਲਬਾਤ ਰਾਹੀਂ ਵੀ ਸੁਲਝਾਇਆ ਜਾ ਸਕਦਾ ਹੈ। ਬੁਧੀਜੀਵੀਆਂ ਦਾ ਮੰਨਣਾ ਹੈ ਕਿ ਅੱਜ ਤੱਕ ਜੰਗ ਦਾ ਕਿਸੇ ਵੀ ਦੇਸ਼ ਨੂੰ ਫਾਇਦਾ ਨਹੀਂ ਹੋਇਆ ਉਲਟਾ ਉਹ ਦੇਸ਼ ਕਈ ਸਾਲ ਪਿੱਛੇ ਚਲੇ ਗਏ। ਜੰਗ ਭਾਵੇਂ ਦੇਸ਼ ਦੇ ਅੰਦਰੂਨੀ ਹੋਵੇ ਜਾਂ ਬਾਹਰੀ ਇਸਦਾ ਅੰਤ ਹਮੇਸ਼ਾ ਹੀ ਮਾੜਾ ਹੋਇਆ ਹੈ ਜੇਕਰ ਵਿਸ਼ਵ ਯੁੱਧ ਦੀ ਗੱਲ ਕਰੀਏ ਤਾਂ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਸੰਸਾਰ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਫੌਜੀ ਗੁੱਟ ਬਣ ਗਏ ਸਨ ਜਿਸ ਵਿੱਚ ਲਗ-ਭਗ 7 ਕਰੋੜ ਫੌਜ ਦੇ ਸਿਪਾਹੀ ਲਾਮਬੰਦ ਕੀਤੇ ਗਏ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਸੀ। ਇਸ ਯੁੱਧ ਵਿੱਚ ਤਕਰੀਬਨ ਇੱਕ ਕਰੋੜ ਤੋਂ ਵੱਧ ਬੱਚੇ ,ਨੌਜਵਾਨ ਅਤੇ ਔਰਤਾਂ ਸਮੇਤ ਕਈ ਲੋਕ ਮਾਰੇ ਗਏ। ਸੰਸਾਰ-ਪੱਧਰ ਦੀ ਦੂਜੀ ਜੰਗ ਜੋ ਕਿ 1939 ਤੋਂ ਲੈਕੇ 1945 ਤੱਕ ਮਨੁੱਖੀ ਇਤਹਾਸ ਦੀ ਸਭ ਤੋਂ ਖੂਨੀ ਜੰਗ ਸਾਬਿਤ ਹੋਈ। ਇਸ ਦੂਜੇ ਵਿਸ਼ਵ ਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ। 6 ਅਗਸਤ 1945 ਨੂੰ ਅਮਰੀਕਾ ਨੇ ਗਨ ਕਿਸਮ ਦਾ ਯੂਰੇਨੀਅਮ ਪ੍ਰਮਾਣੂ ਬੰਬ (ਲਿਟਲ ਬੁਆਏ) ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ਤੇ’ ਸੁੱਟਕੇ “ਤਬਾਹੀ ਦਾ ਅਜਿਹਾ ਮੀਂਹ ਬਰਸਿਆ ਸ਼ਾਇਦ ਇਸ ਧਰਤੀ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਤਕਰੀਬਨ ਹਮਲੇ ਤੋਂ ਦੋ ਤੋਂ ਤਿੰਨ ਘੰਟਿਆਂ ਬਾਅਦ ਹੀ ਪ੍ਰਮਾਣੂ ਬੰਬਾਰੀ ਦੇ ਗੰਭੀਰ ਪ੍ਰਭਾਵਾਂ ਕਾਰਨ ਹਿਰੋਸੀਮਾਂ ਵਿੱਚ 146000 ਅਤੇ ਨਾਗਾਸਾਕੀ ਵਿਚ ਤਕਰੀਬਨ 80,000 ਲੋਕ ਮਾਰੇ ਗਏ, ਇਥੇ ਹੀ ਬਸ ਨਹੀਂ ਇਨਾਂ ਸ਼ਹਿਰਾਂ ਨੂੰ ਹੁਣ ਤੱਕ ਇਸ ਪ੍ਰਮਾਣੂ ਬੰਬ ਦੇ ਪ੍ਰਭਾਵ ਤੋਂ ਮੁਕਤੀ ਨਹੀਂ ਮਿਲ ਸਕੀ ਅਜੇ ਵੀ ਇਥੋਂ ਦੀ ਧਰਤੀ ਅਤੇ ਵਾਤਾਵਰਨ ਮਨੁੱਖੀ ਅਤੇ ਫ਼ਸਲੀ ਪੈਦਾਇਸ਼ ਦੇ ਯੋਗ ਨਹੀਂ ਬਣ ਸਕਿਆ। ਬੇਸ਼ੱਕ ਬਹੁਤ ਸਾਰੇ ਦੇਸ਼ ਜੰਗ ਦੇ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਅਮਨ ਸ਼ਾਂਤੀ ਚਹੁੰਦੇ ਹਨ ਪਰ ਫਿਰ ਵੀ ਬਹੁਤ ਸਾਰੇ ਦੇਸ਼ ਅਜੇ ਵੀ ਜੰਗ ਦੀ ਬਰਬਾਦੀ ਤੋਂ ਬਾਹਰ ਨਹੀਂ ਨਿਕਲ ਸਕੇ ਹੁਣ ਵੀ ਤਕਰੀਬਨ 2 ਸਾਲਾਂ ਤੋਂ ਜਾਰੀ ਰੂਸ-ਯੂਕ੍ਰੇਨ ਯੁੱਧ ਵਿਚ ਵੱਡੀ ਗਿਣਤੀ ’ਚ ਦੋਵਾਂ ਧਿਰਾਂ ਦੇ ਲੋਕ ਮਾਰੇ ਜਾ ਰਹੇ ਹਨ। ਇਸੇ ਤਰ੍ਹਾਂ ਤੁਰਕੀ ਅਤੇ ਉੱਤਰੀ ਸੀਰੀਆ ਦੀ ਜੰਗ ਵਿੱਚ ਸੈਂਕੜੇ ਨਿਰਦੋਸ਼ ਲੋਕ ਮਾਰੇ ਜਾ ਚੁੱਕੇ ਹਨ ਫਿਲਿਸਤੀਨ ਅਤੇ ਇਜ਼ਰਾਈਲ ਦਰਮਿਆਨ ਭਿਆਨਕ ਯੁੱਧ ਛਿੜ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੀ ਲੁਕਵੀਂ ਜੰਗ ਵਿੱਚ ਸੈਂਕੜੇ ਲੋਕ ਮਾਰੇ ਜਾ ਚੁਕੇ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੀ ਕੁਝ ਸਿਆਣੇ ਮੁਲਕਾ ਅਤੇ ਲੋਕਾਂ ਦੀ ਵਿਸ਼ਵ ਸ਼ਾਂਤੀ ਲਈ ਕੋਸ਼ਿਸ਼ ਦੇ ਚਲਦਿਆਂ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਸੰਯੁਕਤ ਰਾਸ਼ਟਰ ਨੇ 1981 ਵਿੱਚ ਵਿਸ਼ਵ ਸ਼ਾਂਤੀ ਦਿਵਸ ਮਨਾਉਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਦੁਨੀਆਂ ਵਿੱਚ 1982 ਵਿੱਚ ਪਹਿਲੀ ਵਾਰ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ ।ਬਹੁਤੇ ਲੋਕਾਂ ਲਈ, ਲੜਾਈ ਇੱਕ ਰੋਜ਼ਾਨਾ ਦੀ ਹਕੀਕਤ ਹੈ ਅਤੇ ਇਸ ਲਈ ਸ਼ਾਂਤੀ ਦਾ ਅਨਮੋਲ ਤੋਹਫ਼ਾ ਕਈ ਵਾਰ ਧਿਆਨ ਵਿੱਚ ਨਹੀਂ ਆਉਂਦਾ। ਜੇਕਰ ਸ਼ਾਂਤੀ ਹੈ ਤਾਂ ਸਾਡੀਆਂ ਗਲੀਆਂ ਸੁਰੱਖਿਅਤ ਹਨ, ਅਤੇ ਸਾਡੇ ਬੱਚੇ ਸਕੂਲ ਜਾ ਸਕਦੇ ਹਨ ਅਤੇ ਸਾਡਾ ਜੀਵਨ ਖ਼ੁਸ਼ਹਾਲ ਹੋ ਸਕਦਾ ਹੈ ਹਾਲਾਂਕਿ, ਦੁਨੀਆ ਦੇ ਕੁਝ ਹਿੱਸਿਆਂ ਵਿੱਚ ਇਹ ਦ੍ਰਿਸ਼ ਵੱਖਰਾ ਹੈ ਜਿਥੇ ਹਰ ਸਾਲ ਜੰਗਾਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਹੀ ਜਾਨਾਂ ਜਾ ਰਹੀਆਂ ਹਨ। ਹਰੇਕ ਫੌਜੀ ਸੰਘਰਸ਼ ਦੇ ਨਾਲ, ਮਨੁੱਖਤਾ ਇੱਕ ਮਹੱਤਵਪੂਰਨ ਕਦਮ ਪਿੱਛੇ ਵੱਲ ਲੈ ਜਾਂਦੀ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗੇ ਜਾਣ ਦੀ ਬਜਾਏ ਮੁੜ ਪ੍ਰਾਪਤ ਕਰਨਾ ਹੁੰਦਾ ਹੈ। ਅੱਜ ਵਿਸ਼ਵਵਿਆਪੀ ਸਮਾਜ ਉਨ੍ਹਾਂ ਢਾਂਚਿਆਂ ਨੂੰ ਖਤਮ ਕਰਨ ਲਈ ਕੰਮ ਕਰ ਸਕਦਾ ਹੈ ਜੋ ਸਾਡੇ ਵਿਚਕਾਰ ਨਸਲਵਾਦ, ਜਾਤੀਵਾਦ, ਧਾਰਮਿਕ ਫਿਰਕੂ ਨਫ਼ਰਤ ਨੂੰ ਫੈਲਾਉਂਦੇ ਹਨ। ਅੱਜ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਉੱਠ ਰਹੀਆਂ ਲਹਿਰਾਂ ਅਤੇ ਆਵਾਜ਼ਾਂ ਦਾ ਸਮਰਥਨ ਕਰਨ ਦੀ ਲੋੜ ਹੈ। ਲੋਕਤੰਤਰੀ ਵਿਕੇਂਦਰੀਕਰਨ ਦੇ ਇਸ ਦੌਰ ਵਿੱਚ ਅਸੀਂ ਸਿੱਖਿਆ ਅਤੇ ਬਹਾਲ ਨਿਆਂ ਰਾਹੀਂ ਮਨੁੱਖੀ ਨਫ਼ਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਾ। ਜਿਵੇਂ ਕਿ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਸੀ ਕਿ: “ਨਸਲਵਾਦ, ਜਾਤੀਵਾਦ, ਧਾਰਮਿਕ ਫਿਰਕੂਵਾਦ ਹਰ ਸਮਾਜ ਵਿੱਚ ਸੰਸਥਾਵਾਂ, ਸਮਾਜਿਕ ਢਾਂਚੇ ਅਤੇ ਰੋਜ਼ਾਨਾ ਜੀਵਨ ਨੂੰ ਜ਼ਹਿਰ ਦਿੰਦਾ ਰਹਿੰਦਾ ਹੈ। ਇਹ ਅਸਮਾਨਤਾ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ। ਇਹ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰਦਾ ਰਹਿੰਦਾ ਹੈ। ਇਹ ਸਮਾਜਾਂ ਨੂੰ ਅਸਥਿਰ ਕਰਦਾ ਹੈ, ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ, ਅਤੇ ਸਰਕਾਰਾਂ ਨੂੰ ਤਬਾਹ ਕਰ ਦਿੰਦਾ ਹੈ। ਲੰਬੇ ਬਸਤੀਵਾਦੀ ਯੁੱਗ ਤੋਂ ਆਪਣੇ ਆਪ ਨੂੰ ਮੁਕਤ ਕਰ ਚੁੱਕੀ ਦੁਨੀਆਂ ਅੱਜ ਵੀ ਸਾਮਰਾਜਵਾਦ, ਮੰਡੀ ਵਾਦ ਅਤੇ ਖਪਤਵਾਦ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜਿਸ ਨੇ ਡੂੰਘੇ ਅਸੰਤੋਸ਼ ਨੂੰ ਜਨਮ ਦਿੱਤਾ ਹੈ। ਹਥਿਆਰਾਂ ਦੀ ਦੌੜ ਨੇ ਹੁਣ ਪੂਰੀ ਦੁਨੀਆ ਨੂੰ ਬਾਰੂਦ ਦੇ ਘਰ ਵਿੱਚ ਬਦਲ ਦਿੱਤਾ ਹੈ। ਹਥਿਆਰਾਂ ਦੇ ਨਿਰਮਾਣ ਨੇ ਹੁਣ ਇਕ ਉਦਯੋਗ ਦਾ ਰੂਪ ਲੈ ਲਿਆ ਹੈ ਜਿਸ ਦਾ ਉਦੇਸ਼ ਆਲਮੀ ਤਣਾਅ ਪੈਦਾ ਕਰਕੇ ਹਥਿਆਰ ਵੇਚਣਾ ਹੈ। ਰੂਸ-ਯੂਕਰੇਨ ਯੁੱਧ ਸਮਕਾਲੀ ਸੰਸਾਰ ਦੀ ਇੱਕ ਨੰਗੀ ਹਕੀਕਤ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਦੇ ਨਾਲ, ਅਸੀਂ ਅਜੇ ਵੀ ਯੁੱਧਾਂ ਵਿੱਚ ਉਲਝੇ ਹੋਏ ਹਾਂ। ਜੰਗ ਅਤੇ ਅੰਦਰੂਨੀ ਫੁੱਟ ਕਾਰਨ ਪਰਵਾਸ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਕਾਰਨ ਸ਼ਰਨਾਰਥੀ ਸਮੱਸਿਆ ਪੂਰੀ ਦੁਨੀਆ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ। ਵਿਸ਼ਵ ਸ਼ਾਂਤੀ ਲਈ ਹੁਣ ਤੱਕ ਅਣਗਿਣਤ ਉਪਾਅ ਕੀਤੇ ਗਏ ਹਨ। ਨਿਸ਼ਸਤਰੀ ਕਰਨ ਅਤੇ ਹਥਿਆਰ ਨਿਯੰਤਰਣ ਵਰਗੀਆਂ ਧਾਰਨਾਵਾਂ ਯੁੱਧ ਅਤੇ ਹਥਿਆਰਾਂ ਦੀ ਦੌੜ ਦੀਆਂ ਸਥਿਤੀਆਂ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ। ਦੁਨੀਆ ਨੂੰ ਪ੍ਰਮਾਣੂ ਖਤਰਿਆਂ ਤੋਂ ਬਚਾਉਣ ਲਈ, PTBT (1963), NPT (1968) ਅਤੇ CTBT (1996) ਵਰਗੀਆਂ ਕਈ ਮਹੱਤਵਪੂਰਨ ਸੰਧੀਆਂ ‘ਤੇ ਦਸਤਖਤ ਕੀਤੇ ਗਏ ਹਨ। ਅਸੰਤੁਸ਼ਟੀ ਦੇ ਅਣਗਿਣਤ ਕਾਰਨਾਂ ਨੂੰ ਦੇਖਦੇ ਹੋਏ, ਅਜਿਹਾ ਲਗਦਾ ਹੈ ਕਿ ਸ਼ਾਂਤੀ ਪ੍ਰਾਪਤ ਕਰਨ ਲਈ ਹੁਣ ਹਥਿਆਰ ਰੱਖਣ ਨਾਲੋਂ ਜ਼ਿਆਦਾ ਸਮਝ ਦੀ ਲੋੜ ਹੈ। ਸਯੁੰਕਤ ਰਾਸ਼ਟਰ ਨੂੰ ਜ਼ਮੀਨ ਲਈ ਲੜ ਰਹੇ ਦੇਸ਼ਾਂ ਦੇ ਮਾਮਲੇ ਮਿਲ ਬੈਠ ਕੇ ਸੁਲਝਾਉਣ ਦੀ ਪਹਿਲਕਦਮੀ ਕਰਨੀ ਬਣਦੀ ਹੈ ਤਾਂ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਖੁਸ਼ਹਾਲ ਬਣਾਉਣ ਦੀ ਉਮੀਦ ਜਗਾਈ ਜਾ ਸਕੇ ਜਿੱਥੇ ਸਾਰੇ ਦੇਸ਼ ਮਹਿਸੂਸ ਕਰਦੇ ਹੋਣ ਕਿ ਉਹ ਤਰੱਕੀ ਕਰ ਸਕਦੇ ਹਨ। ਅੱਜ ਦੁਨੀਆਂ ਦੇ ਸਾਰੇ ਦੇਸ਼ਾਂ ,ਧਰਮਾਂ, ਸੰਪਰਦਾਵਾਂ, ਅਤੇ ਅਧਿਆਤਮਿਕ ਆਸਥਾ ਦੇ ਸਮੂਹਾਂ ਵਿੱਚ ਤਾਲਮੇਲ ਦੀ ਲੋੜ ਹੈ। ਹੁਣ ਲੋੜ ਹੈ ਪਰੰਪਰਾਵਾਂ ਅਤੇ ਸਿਧਾਂਤਾਂ ਦਾ ਸਾਰ ਲੈਕੇ ਸ਼ਾਂਤੀ ਨਾਲ ਸਿਹਤਮੰਦ ਜੀਵਨ ਜਿਊਣ ਦੇ ਢੰਗ-ਤਰੀਕੇ ਵਿਕਸਿਤ ਕਰਨ ਦੀ। ਇਤਿਹਾਸ ਗਵਾਹ ਹੈ ਕਿ ਸ਼ਾਂਤ ਰਹਿਣ ਵਾਲੇ ਦੇਸ਼, ਮਨੁੱਖ ਤਰੱਕੀ ਦੀਆਂ ਸਿਖਰਾਂ ਤੇ ਹਨ ਅਤੇ ਜੰਗ ਵਿੱਚ ਉਲਝੇ ਦੇਸ਼ ਅਤੇ ਲੋਕ ਕਦੇ ਵੀ ਤਰੱਕੀ ਨਹੀਂ ਕਰ ਸਕੇ। ਸ਼ਾਂਤੀ ਹਰ ਮਨੁੱਖ, ਹਰ ਸਮਾਜ ਅਤੇ ਹਰ ਦੇਸ਼ ਲਈ ਵਰਦਾਨ ਸਾਬਿਤ ਹੋ ਰਹੀ ਹੈ। ਭਾਰਤ ਪਾਕਿ ਦਾ ਗੱਲਬਾਤ ਰਾਹੀਂ ਹੋਇਆ ਸਮਝੌਤਾ ਦੋਵਾਂ ਦੇਸ਼ਾਂ ਦੀ ਤਰੱਕੀ ਲਈ ਮੀਲ ਪੱਥਰ ਸਾਬਿਤ ਹੋ ਸਕਦਾ ਹੈ।
ਕੁਲਦੀਪ ਸਿੰਘ ਸਾਹਿਲ
9417990040



