ਕਮਰੇ ਵਿੱਚ ਘਰ

ਅਮਰਜੀਤ ਕੌਰ
  (ਸਮਾਜ ਵੀਕਲੀ)
ਦੇਸ ਦੀ ਵੰਡ ਪਿੱਛੇ ਬੇਬੇ ਰਹਿੰਦੀ ਰੋਂਦੀ ਸੀ।
ਹਰ ਵੇਲੇ ਹੰਝੂਆਂ ਦੇ ਹਾਰ ਪਰੋਂਦੀ ਸੀ।
ਆਖਦੀ ਸੀ ਕਾਹਦੀ ਇਹ ਆਈ ਆਜ਼ਾਦੀ ਏ।
ਕਰ ਦਿੱਤੀ ਧੰਨ, ਮਾਲ ਲੋਕਾਂ ਦੀ ਬਰਬਾਦੀ ਏ।
ਮਾਰੇ ਗਿਆਂ ਦਾ ਉਹਦੇ ਦਿਲ ‘ਚ ਵਿਯੋਗ ਸੀ।
ਸੋਚਾਂ ਸੋਚ ਦੇਹੀ ਨੂੰ ਲਾ ਲਿਆ ਰੋਗ ਸੀ।
ਪੇਕਿਆਂ ਤੋਂ ਵੱਧ ਦਿਲ ‘ ਤਾਂਘ ਉੱਥੇ ਜਾਣ ਦੀ।
ਜੰਮਣ ਭੋਇੰ ਦੀ ਮਿੱਟੀ ਚੁੱਕ ਮੱਥੇ ਲਾਣ ਦੀ।
ਭਾਸ਼ਾ ਦੇ ਅਧਾਰ ਤੇ ਜਦ ਟੁੱਟਿਆ ਪੰਜਾਬ ਸੀ।
ਏਸ ਦਾ ਵੀ ਦੁੱਖ ਉਹਨੂੰ ਹੋਇਆ ਬੇਹਿਸਾਬ ਸੀ।
ਇੱਕ ਪੁੱਤ ਪੰਜਾਬ ਇੱਕ ਵਿੱਚ ਹਰਿਆਣੇ ਸੀ।
ਯੂ ਟੀ ਵਿੱਚ ਪੜ੍ਹਦੇ ਛੋਟੇ ਦੋਵੇਂ ਨਿਆਣੇ ਸੀ।
ਵੱਡੀ ਧੀ ਉਸਦੀ ਹਿਮਾਚਲ ਵਿਆਹੀ ਸੀ।
ਤੀਜੇ ਮੁੰਡੇ ਫਾਈਲ ਕਨੇਡਾ ਦੀ ਲਵਾਈ ਸੀ।
ਉਸ਼ ਵੇਲੇ ਆਈ ਉਹਦੀ ਮੁੱਠੀ ਵਿੱਚ ਜਾਨ ਸੀ
ਵੰਡੇ ਜਦ ਪੁੱਤਾਂ ਨੇ ਜ਼ਮੀਨ ਤੇ ਮਕਾਨ ਸੀ।
ਹਰਵੇਲੇ ਰਹੇ ਬੇਬੇ ਠੰਡੇ ਹਉਕੇ ਭਰਦੀ।
ਪੁੱਤਾਂ ਦੀ ਜੁਦਾਈ ਬੜੀ
ਔਖੀ ਹੋ ਕੇ ਜਰਦੀ।
ਘਰ ਵਿੱਚ ਹੋਈ ਉੱਚੀ ਫਿਰ ਦੀਵਾਰ ਸੀ।
ਬੇਬੇ ਤੇ ਬਾਪੂ ਵੰਡ ਲਏ ਇਸ ਵਾਰ ਸੀ।
ਹੋ ਕੇ ਬੇਬਸ ਦੋਵੇਂ ਚੁੱਪ ਕਰ ਕੇ ਬਹਿ ਗਏ।
ਬੁੱਢੇ ਵਾਰੇ ਦੁੱਖ ਸੁੱਖ ਕਰਨੋਂ ਵੀ ਰਹਿ ਗਏ।
ਪੋਤੇ ਪੋਤੀਆਂ ਖੌਰੇ ਕਿਸ ਮਿੱਟੀ ਦੇ ਘੜੇ ਨੇ।
ਇੱਕ ਕਮਰੇ ਦੇ ਵਿੱਚ ਹੀ ਰਹਿੰਦੇ ਸਦਾ ਤੜੇ ਨੇ।
ਸਾਰਿਆਂ ਨੇ ਹੱਥਾਂ’ਚ ਮੋਬਾਈਲ ਫੜੇ ਨੇ।
ਜਾਪੇ ਜਿਵੇਂ ਸਾਰੇ ਆਪੋ ਵਿੱਚ ਹੀ ਲੜੇ ਨੇ।
ਦੇਸ ਵੰਡਿਆ ,ਪੰਜਾਬ ਵੰਡਿਆ ,
ਵੰਡੇ ਘਰ ਜ਼ਮੀਨ ਸੀ।
ਹੁਣ ਵਾਲੀ ਵੰਡ ਤਾਂ ਬੜੀ ਹੀ ਮਹੀਨ ਸੀ।
ਕਮਰੇ ‘ਚ ਕੋਈ ਅਣ – ਦੇਖੀ ਦੀਵਾਰ ਸੀ।
ਆਪਸੀ- ਸਾਂਝ  ਮੁੱਕੀ
ਮੁੱਕਿਆ ਪਿਆਰ ਸੀ।
ਸਾਇਲੈਂਟ ਕਿੱਲਰ ਨੇ
ਪੁਆੜੇ ਕਈ ਪਾ ਦਿੱਤੇ।
ਇੱਕ ਕਮਰੇ ਦੇ ਵਿੱਚ ਹੀ
ਕਈ ਘਰ ਬਣਾ ਦਿੱਤੇ।
ਅਮਰਜੀਤ ਕੌਰ
Previous articleਮਿਹਦੇ ਦੀ ਗਰਮੀ ਦੂਰ ਕਰਨ ਦਾ ਅਸਾਨ ਨੁਸਖਾ
Next articleਸਰਕਾਰੇ ਨੀ ਤੇਰੇ ਪੁੱਠੇ ਕਾਰੇ