HOME ਸਮਾਜ ਵਿਚ ਔਰਤ ਨਾਲ ਹੁੰਦੀ ਵਧੀਕੀ ਲਈ ਚਿੰਤਤ ਕਲਿਆਣੀ ਨਾਟਕ

ਸਮਾਜ ਵਿਚ ਔਰਤ ਨਾਲ ਹੁੰਦੀ ਵਧੀਕੀ ਲਈ ਚਿੰਤਤ ਕਲਿਆਣੀ ਨਾਟਕ

3

ਪੁਸਤਕ ਮੇਰੀ ਨਜ਼ਰ ਵਿੱਚ

ਪੁਸਤਕ ਦਾ ਨਾਂ – ਕਲਿਆਣੀ
ਲੇਖਕਾ – ਡਾਕਟਰ ਤਰਸਪਾਲ ਕੌਰ
ਪ੍ਰਕਾਸ਼ਕ – ਤਾਲਿਫ ਪ੍ਰਕਾਸ਼ਨ, ਬਰਨਾਲਾ
ਪੰਨੇ – 62 ਮੁੱਲ 200/- ਰੁਪਏ

ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ)   ਸੰਸਾਰ ਵਿੱਚ ਮਨੁੱਖ ਵੀ ਇਕ ਅਦਾਕਾਰ ਹੈ ਜਿਹੜਾ ਸਮੇਂ ਸਮੇਂ ਕਈ ਰੰਗ ਰੂਪ ਬਦਲਦਾ ਰਹਿੰਦਾ ਹੈ ਅਤੇ ਅਦਾਕਾਰੀ ਕਰਦਾ ਰਹਿੰਦਾ ਹੈ। ਮਨੁੱਖ ਦਾ ਜੀਵਨ ਵੀ ਤਾਂ ਇੱਕ ਨਾਟਕ ਹੀ ਹੈ। ਅਸੀ ਰੋਜ਼ਾਨਾ ਚੇਤ ਅਚੇਤ ਅਵਸਥਾ ਵਿੱਚ ਨਾਟਕ ਹੀ ਤਾਂ ਕਰਦੇ ਰਹਿੰਦੇ ਹਾਂ। ਅਪਣਾ ਉੱਲੂ ਸਿੱਧਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੇ ਰਹਿੰਦੇ ਹਾਂ। ਸਮਾਜ ਵਿਚ ਮੁੱਢ ਕਦੀਮੀ ਤੋਂ ਹੀ ਔਰਤ ਨਾਲ ਵਧੀਕੀਆਂ ਹੁੰਦੀਆਂ ਆਈਆਂ ਹਨ। ਔਰਤ ਨੂੰ ਕਦੇ ਪੈਰ ਦੀ ਜੁੱਤੀ, ਕਦੇ ਅਬਲਾ ਵੀ ਕਿਹਾ ਜਾਂਦਾ ਰਿਹਾ ਹੈ। ਇਹਨਾਂ ਵਧੀਕੀਆਂ ਨੂੰ ਅਧਾਰ ਬਣਾ ਕੇ ਹੀ ਡਾ . ਤਰਸਪਾਲ ਨੇ ਇਸ ਕਲਿਆਣੀ ਨਾਟਕ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ਦੇ ਸਾਹਿਤ ਜਾਂ ਨਾਟਕ ਦੀ ਪੇਸ਼ਕਾਰੀ ਸਮਾਜ ਨੂੰ ਸੇਧ ਦੇਣ ਲਈ ਸਹਾਈ ਹੁੰਦੀ ਹੈ। ਬੁੱਧੀ ਜੀਵੀਆਂ ਨੇ ਹੀ ਸਮਾਜ ਨੂੰ ਆਪਣੀਆਂ ਰਚਨਾਵਾਂ ਰਾਹੀਂ ਸੇਧ ਦੇਣੀ ਹੁੰਦੀ ਹੈ। ਡਾਕਟਰ ਤਰਸਪਾਲ ਕੌਰ ਮੂਲ ਰੂਪ ਵਿੱਚ ਰੰਗ ਮੰਚ ਨਾਲ ਜੁੜੀ ਹੋਈ ਹਸਤੀ ਹੈ। ਭਾਵੇਂ ਉਸ ਨੇ ਸਾਹਿਤ ਦੇ ਖੇਤਰ ਵਿੱਚ ਨਾਟਕ ਸਿਰਜਣਾ ਤੋਂ ਇਲਾਵਾ ਕਹਾਣੀ, ਕਵਿਤਾ ਅਤੇ ਆਲੋਚਨਾ ਦੀਆਂ ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਹਥਲੀ ਨਾਟਕ ਪੁਸਤਕ ਕਲਿਆਣੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਨਾਟਕ ਪੁਸਤਕ ਨੂੰ ਛੋਟੀਆਂ ਛੋਟੀਆਂ ਤੇਰਾਂ ਝਾਕੀਆਂ ਵਿਚ ਵੰਡਿਆ ਹੋਇਆ ਹੈ। ਇਸ ਵਿਚ ਕੁਲ ਚੌਦਾਂ ਪਾਤਰ ਲਏ ਗਏ ਹਨ। ਹਥਲੀ ਪੁਸਤਕ ਕਲਿਆਣੀ ਦਾ ਪਾਠ ਕਰਦਿਆਂ ਇੰਝ ਲੱਗਿਆ ਕਿ ਸਾਡੇ ਸਮਾਜ ਨੂੰ ਅਜੇ ਵੀ ਜਾਗ੍ਰਿਤ ਹੋਣ ਅਤੇ ਔਰਤ ਦੀ ਕਦਰ ਕਰਨ ਦੀ ਲੋੜ ਹੈ। ਮੇਰੇ ਅਨੁਸਾਰ ਨਾਟਕ ਦੀ ਮੁੱਖ ਨਾਇਕਾ ਰੀਤ ਅਤੇ ਸੁਹੇਲ ਹਨ। ਰੀਤ ਦੇ ਭਰਾ ਪ੍ਰਿੰਸ ਦਾ ਕਿਰਦਾਰ ਖਲਨਾਯਕ ਦਾ ਹੈ। ਜਿਸ ਦਾ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹੈ। ਧਰਤੀ ਮਾਂ ਦੇ ਪ੍ਰਸੰਗ ਵਿੱਚ ਔਰਤ ਨੂੰ ਕਲਿਆਣੀ ਦਸਿਆ ਗਿਆ ਹੈ। ਧਰਤੀ ਤੇ ਵਾਪਰਦੀਆਂ ਘਟਨਾਵਾਂ, ਸਰਹੱਦਾਂ ਤੇ ਡੁੱਲਦਾ ਖੂਨ ਆਦਿ ਬਹੁਤ ਭਿਆਨਕ ਦ੍ਰਿਸ਼ ਹਨ। ਨਾਟਕ ਦੀ ਕਹਾਣੀ ਅਨੁਸਾਰ ਰੀਤ ਅਤੇ ਰਾਜੀ ਉਰਫ ਦਿਲਰਾਜ ਕੌਰ ਦੋਵੇਂ ਸਹੇਲੀਆਂ ਹਨ। ਜਿਹੜੀਆਂ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਹਨ। ਪ੍ਰਿੰਸ ਰੀਤ ਦਾ ਭਰਾ ਹੈ ਜਿਹੜਾ ਚਿੱਟੇ ਦੇ ਨਸ਼ੇ ਵਿੱਚ ਫਸਿਆ ਹੋਇਆ ਹੈ ਅਤੇ ਉਹ ਜਬਰਨ ਰਾਜੀ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਰਾਜੀ ਨਾਲ ਬਦਤਮੀਜ਼ੀ ਵੀ ਕਰਦਾ ਹੈ। ਪਰ ਸਫ਼ਲ ਨਹੀਂ ਹੁੰਦਾ ਅਤੇ ਦੋਸਤਾਂ ਨਾਲ ਮਿਲ ਕੇ ਇਸ ਉਪਰ ਤੇਜਾਬ ਡੋਲਦਾ ਹੈ ਅਤੇ ਫਿਰ ਫਾਰਮ ਵਿੱਚ ਲੁੱਕ ਜਾਂਦਾ ਹੈ। ਇਹ ਇੱਕ ਘਿਨਾਉਣਾ ਕਾਰਾ ਹੈ। ਇਥੇ ਹੀ ਬਸ ਨਹੀਂ ਸਗੋਂ ਇਸ ਦੇ ਮਾਂ ਪਿਓ ਉਸ ਨੂੰ ਫਿਰ ਵੀ ਸਿਆਸੀ ਦਬਾਅ ਰਾਹੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕਿ ਰੀਤ ਅਤੇ ਨੌਕਰ ਖੇਮੂ ਇਸ ਦਾ ਵਿਰੋਧ ਕਰਦੇ ਹਨ। ਰੀਤ ਉਸ ਨੂੰ ਪਕੜਾਉਣ ਲਈ ਪੁਲਿਸ ਨੂੰ ਸੂਚਿਤ ਕਰਦੀ ਹੈ। ਰੀਤ ਆਪਣੇ ਭਰਾ ਪ੍ਰਿੰਸ ਨੂੰ ਸਮਾਜ ਦਾ ਦੁਸ਼ਮਣ ਮੰਨਦੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਮ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ ਜਿਵੇਂ ਬਲਾਤਕਾਰ, ਗੈਂਗ ਰੇਪ , ਜਿਉਂਦੇ ਜੀਅ ਕੁੜੀਆਂ ਨੂੰ ਸਾੜਨਾ ਆਦਿ। ਕੁੜੀਆਂ ਦਾ ਪਤਾ ਨਹੀਂ ਭਵਿੱਖ ਵਿੱਚ ਕਿਸ ਨੇ ਕਿੱਥੇ ਚਲੇ ਜਾਣਾ ਹੁੰਦਾ ਹੈ। ਇਹ ਸੱਚ ਹੈ ਕਿ ਵਿਆਹ ਤੋਂ ਬਾਅਦ ਤਾਂ ਹਰ ਕੁੜੀ ਨੇ ਆਪਣੀਆਂ ਸਹੇਲੀਆਂ, ਰਿਸ਼ਤੇਦਾਰਾਂ, ਘਰਦਿਆਂ ਤੋਂ ਵਿਛਣਨਾ ਹੁੰਦੇ। ਰੀਤ ਦਾ ਸਹਿਪਾਠੀ ਸੁਹੇਲ ਅਤੇ ਡਾਕਟਰ ਇੰਦਰ ਹਨ। ਸੁਹੇਲ ਰਾਜੀ ਦਾ ਇਲਾਜ ਕਰਦਾ ਹੈ ਅਤੇ ਅੰਤ ਵਿੱਚ ਡਾਕਟਰ ਇੰਦਰ ਰਾਜੀ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ। ਰੀਤ ਅਤੇ ਖੇਮੂ ਹਾਰ ਲਿਆ ਕੇ ਦੋਨਾਂ ਨੂੰ ਦਿੰਦੇ ਹਨ। ਇਸ ਨਾਟਕ ਵਿਚ ਖੇਮੂ ਹਿੰਦੀ ਬੋਲਦਾ ਹੈ ਪਰ ਇਕ ਸ਼ਬਦ ਪੰਜਾਬੀ ਦਾ ਬੋਲਦਾ ਹੈ ਕਿ ਚਾਏ ਤੋ ਪੀ ਲੈਂਦੇ। ਨਾਟਕ ਵਿਚ ਰੀਤ ਲਈ ਸ਼ਬਦ ਬਾਬਿਓ ਵਰਤਿਆ ਗਿਆ ਹੈ ਜਿਹੜਾ ਮਰਦਾਂ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜਵੀਂ ਝਾਕੀ ਦਾ ਕੁਝ ਹਿੱਸਾ ਸਤਵੀਂ ਝਾਕੀ ਵਿਚ ਦੁਹਰਾਇਆ ਗਿਆ ਹੈ। ਨਾਟਕ ਖੂਬਸੂਰਤ ਪੇਸ਼ਕਾਰੀ ਕਰਦਾ ਨਜ਼ਰੀ ਪੈਂਦਾ ਹੈ। ਰੀਤ ਦਾ ਰੋਲ ਸ਼ਲਾਘਾਯੋਗ ਹੈ ਜਿਹੜੀ ਸਕੇ ਰਿਸ਼ਤੇ ਨਾਲੋ ਮਨੁੱਖਤਾ ਨੂੰ ਪਹਿਲ ਦਿੰਦੀ ਦਿਖਾਈ ਦਿੰਦੀ ਹੈ। ਨਾਟਕ ਰਾਹੀਂ ਬਹੁਤ ਗੰਭੀਰ ਅਤੇ ਵੱਡਾ ਕਟਾਖਸ਼ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਲਈ ਡਾਕਟਰ ਤਰਸਪਾਲ ਕੌਰ ਵਧਾਈ ਦੀ ਪਾਤਰ ਹੈ।

ਸਾਬਕਾ ਏ.ਐਸ. ਪੀ­ ਨੈਸ਼ਨਲ ਐਵਾਰਡੀ  ਸੰਪਰਕ ਨੰ : 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

 

 

Previous article” ਮੈਂ ਤੇ ਮਾਂ ” ਨਾਲ਼ ” ਮੋਹ ਦੀਆਂ ਤੰਦਾਂ ” ਲੋਕ ਅਰਪਣ
Next articleਇਸ ਮੀਟਿੰਗ ਵਿੱਚ ਸਮਾਜ ਨੂੰ ਪਿਆਰ ਕਰਨ ਵਾਲਾ ਜ਼ਰੂਰੀ ਪਹੁੰਚੇ