“ਛੱਲਾ ਸਾਈਆਂ ਦਾ” ਸੂਫੀ ਗੀਤ ਨਾਲ ਮੁੜ ਚਰਚਾ ਵਿੱਚ ਉਂਕਾਰ ਜੱਸੀ

ਉਂਕਾਰ ਜੱਸੀ

ਸ਼ਾਮ ਚੁਰਾਸੀ, (ਕੁਲਦੀਪ ਚੁੰਬਰ )- ਸ਼ਾਮ ਚੁਰਾਸੀ ਦਾ ਨਾਮ ਲੈਂਦਿਆਂ ਹੀ ਸੰਗੀਤ ਦੀ ਗੱਲ ਆਪ ਮੁਹਾਰੇ ਛਿੜ ਜਾਂਦੀ ਹੈ ਜਿਥੋਂ ਦੀ ਜ਼ਰਖੇਜ਼ ਮਿੱਟੀ ਆਪਣੇ ਵਿੱਚ ਸੰਗੀਤ ਇਤਿਹਾਸ ਲੁਕੋਈ ਬੈਠੀ ਹੈ । ਲਹਿੰਦੇ ਦੀ ਨੁੱਕਰ ਵੱਲ ਨਿਗ੍ਹਾ ਮਾਰਿਆਂ ਇੱਕ ਛੋਟਾ ਜਿਹਾ ਪਿੰਡ ਨਜ਼ਰੀਂ ਪੈਂਦਾ ਹੈ ਜਿਸਦਾ ਨਾਮ ਹੈ ਤਲਵੰਡੀ ਅਰਾਈਆਂ । ਢਾਈ ਕੁ ਦਹਾਕੇ ਪਹਿਲਾਂ ਇਸੇ ਪਿੰਡ ਵਿੱਚ ਜਨਮ ਲਿਆ ਉਂਕਾਰ ਜੱਸੀ ਨੇ । ਰੂਹਾਨੀਅਤ ਦੇ ਰੰਗ ਵਿੱਚ ਰੰਗੇ ਪਰਿਵਾਰ ਨੇ ਉਂਕਾਰ ਜੱਸੀ ਨੂੰ ਇਸ਼ਕ ਹਕੀਕੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਜਿਉਂ ਜਿਉਂ ਉਮਰ ਦੇ ਪੈਂਡੇ ਉਹ ਹੰਢਾਉਂਦਾ ਗਿਆ ਸੰਗੀਤਕ ਸੁਰਾਂ ਨਾਲ ਉਸ ਦਾ ਰਿਸ਼ਤਾ ਇੰਨਾ ਗੂੜ੍ਹਾ ਹੋ ਗਿਆ । ਸਰੋਤਿਆਂ ਨੇ ਉਸ ਉੱਪਰ ਸੂਫੀ ਗਾਇਕੀ ਦੀ ਮੋਹਰ ਲਗਾਈ। ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਉਸ ਦਾ ਇੱਕ ਟਰੈਕ “ਛੱਲਾ ਸਾਈਆਂ ਦਾ” ਹਰ ਫੋਨ ਵਿੱਚ ਸੁਣਨ ਨੂੰ ਮਿਲ ਰਿਹਾ ਹੈ । ਜੋ ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਹੀ ਸੂਫ਼ੀ ਗੀਤਾਂ ਦੀ ਮੂਹਰਲੀ ਕਤਾਰ ਵਿੱਚ ਹੋਵੇਗਾ।

ਨਿੱਜੀ ਮੁਲਾਕਾਤ ਤੋਂ ਪਤਾ ਲੱਗਿਆ ਕਿ ਇਸ ਗੀਤ ਦਾ ਰਚੇਤਾ ਉਹ ਗੀਤਕਾਰ ਹੈ, ਜਿਸ ਦਾ ਗੀਤ ‘ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ’ ਜਗਤ ਪ੍ਰਸਿੱਧ ਹੋਇਆ ਹੈ। ਵਿਜੇ ਰਸੂਲਪੁਰੀ ਤੇ ਉੱਘੇ ਸੰਗੀਤਕਾਰ ਅਮਰ ਦਾ ਮਿਊਜ਼ਿਕ ਮਿਰਰ ਨੇ ਸੰਗੀਤ ਦਿੱਤਾ । ਵੀਡੀਓ ਫ਼ਿਲਮਾਂਕਣ ਬਾਕਮਾਲ ਹੈ। ਜੋ ਰੋਜ਼ਾ ਸ਼ਰੀਫ ਮੰਢਾਲੀ ਦਰਬਾਰ ਤੇ ਸਾਈਂ ਉਮਰੇ ਸ਼ਾਹ ਜੀ ਕਾਦਰੀ ਦੇ ਅਸ਼ੀਰਵਾਦ ਨਾਲ ਮੁਕੰਮਲ ਹੋਇਆ। ਵੀਡੀਓ ਡਾਇਰੈਕਟਰ ਭੁਪਿੰਦਰ ਬਿਰਦੀ , ਕੈਮਰਾਮੈਨ ਰੋਹਿਤ ਅੰਗੂਰਾਲ ਤੇ ਐਡੀਟਿੰਗ ਦਿਨੇਸ਼ ਪਰਜਾਪਤੀ ਨੇ ਬਾਖ਼ੂਬੀ ਕਰਕੇ ਅਨੋਖੀ ਛਾਪ ਛੱਡੀ । ਮੰਡਾਲੀ ਦਰਬਾਰ ਤੇ ਹੀ ਇਹ ਗੀਤ ਰਿਲੀਜ਼ ਕੀਤਾ ਗਿਆ। ਉੱਘੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ,ਪਾਲੀ ਦੇਤਵਾਲੀਆ, ਆਤਮਾ ਬੁੱਢੇਵਾਲੀਆ, ਬਿੱਟੂ ਖੰਨਾ ,ਰਜਿੰਦਰ ਮਲਹਾਰ ਨੇ ਪੋਸਟਰ ਸਾਂਝਾ ਕਰਨ ਦੀ ਰਸਮ ਲੁਧਿਆਣਾ ਵਿਖੇ ਕਰਦਿਆਂ ਇਸ ਟਰੈਕ “ਛੱਲਾ ਸਾਈਆਂ ਦਾ” ਨੂੰ ਲੇਖਣੀ ਗਾਇਕੀ ਅਤੇ ਫ਼ਿਲਮਾਂਕਣ ਤੇ ਨਿਵੇਕਲਾ ਟਰੈਕ ਘੋਸ਼ਿਤ ਕਰਦਿਆਂ ਸੂਫ਼ੀ ਗਾਇਕੀ ਵਿੱਚ ਰੰਗਿਆ ਇਹ ਗੀਤ ਮੀਲ ਪੱਥਰ ਸਾਬਤ ਹੋਣ ਦਾ ਅਸ਼ੀਰਵਾਦ ਦਿੱਤਾ। ਹਰ ਪਲ ਸੋਸ਼ਲ ਮੀਡੀਆ ਤੇ ਇਸ ਦੀ ਵੱਧ ਰਹੀ ਲੋਕਪ੍ਰਿਅਤਾ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ । ਆਮੀਨ !

Previous articleਸਿਹਤ ਮੁਲਾਜ਼ਮਾਂ ਨੇ ਦੋ ਰੋਜ਼ਾ ਹੜਤਾਲ ਵਿੱਚ ਪਾਇਆ ਭਰਵਾਂ ਯੋਗਦਾਨ
Next articleਗਿੰਨੀਜ਼ ਵਰਲਡ ਰਿਕਾਰਡ ਧਾਰਕ ‘ਸੁਹੇਲ ਮੁਹੰਮਦ ਅਲ ਜ਼ਰੂਨੀ’ ਨੇ ਫਰਾਹ ਹਰਬਸ ਅਜਮਾਨ ‘ਚ ਪਾਈ ਫੇਰੀ – ਵੈਦ ਹਰੀ ਸਿੰਘ ਦੀ ਟੀਮ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ