ਗੁਰਬਾਣੀ ਵਿਰੋਧੀ ਸਿੱਖੀ?

ਹਰਚਰਨ ਸਿੰਘ ਪ੍ਰਹਾਰ

ਗੁਰਬਾਣੀ ਵਿਰੋਧੀ ਸਿੱਖੀ?

(ਸਮਾਜ ਵੀਕਲੀ)- ਗੁਰੂ ਨਾਨਕ ਸਾਹਿਬ ਪੁਜਾਰੀਆਂ ਵੱਲੋਂ ਬਣਾਏ ਹੋਏ ਰੱਬ ਦੇ ਘਰਾਂ ਮੰਦਰਾਂ, ਮਸਜਿਦਾਂ, ਚਰਚਾਂ, ਮੱਠਾਂ ਆਦਿ ਦੇ ਖਿਲਾਫ ਸਨ, ਉਹ ਸਮਝਾਉਂਦੇ ਸਨ ਕਿ ਤੇਰਾ ਮਨ (ਦਿਮਾਗ) ਹੀ ਮੰਦਰ ਹੈ ਤੇ ਇਹ ਹੀ ਸਰੋਵਰ ਹੈ, ਜਿੱਥੇ ਵਸਦੇ ਗਿਆਨ ਵਿੱਚ ਤੂੰ ਰੋਜ਼ ਨਹਾਉਣਾ ਹੈ।

ਪਰ ਗੁਰੂ ਦੇ ਸਿੱਖਾਂ ਨੇ ਸਿੱਖੀ ਤੇ ਕਾਬਿਜ ਹੋਏ ਨਵੇਂ ਪੁਜਾਰੀਆਂ ਮਗਰ ਲੱਗ ਕੇ ਆਪਣੇ ਮਨ ਨੂੰ ਮੰਦਰ ਬਣਾਉਣ ਦੀ ਥਾਂ ਮੰਦਰਾਂ, ਮਸਜਿਦਾਂ, ਗਿਰਜਿਆਂ ਵਰਗੇ ਰੱਬ ਦੇ ਘਰ ‘ਗੁਰਦੁਆਰੇ’ ਬਣਾ ਲਏ ਤੇ ਉਨ੍ਹਾਂ ਨੂੰ ਗੁਰੂ ਦੇ ਘਰ ਕਹਿਣਾ ਸ਼ੁਰੂ ਕਰ ਦਿੱਤਾ।

ਅੱਜ ਦੇ ਗੁਰਦੁਆਰੇ ਗੁਰੂ ਨਾਨਕ ਦੀ ਵਿਚਾਰਧਾਰਾ ਬਿਲਕੁਲ ਉਲਟ ਹਨ। ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੀ ਧਰਮਸ਼ਾਲਾ ਇੱਕ ਬਹੁ-ਪੱਖੀ ਸੰਸਥਾ ਸੀ। ਜਿਸਨੂੰ ਗੁਰਦੁਆਰੇ ਜਾਂ ਗੁਰੂ ਘਰ ਦਾ ਨਾਮ ਦੇ ਕੇ ਸਿਰਫ ਪੂਜਾ-ਪਾਠ ਦਾ ਸਥਾਨ ਬਣਾ ਲਿਆ ਹੈ। ਜਦਕਿ ਗੁਰਬਾਣੀ ਪੂਜਾ-ਪਾਠ ਦੇ ਵਿਰੋਧ ਵਿੱਚ ਹੈ ਤੇ ਅਸੀਂ ਗੁਰਬਾਣੀ ਦੀ ਪੂਜਾ ਤੇ ਪਾਠ ਸ਼ੁਰੂ ਕਰ ਲਏ ਹਨ।

ਸਿੱਖਾਂ ਨੇ ਗੁਰਬਾਣੀ ਵਾਲ਼ੀ ਸਿੱਖੀ ਨੂੰ ਵਿਸਾਰ ਕੇ ਨਵੇਂ ਪਹਿਰਾਵੇ ਵਾਲੇ ਪੁਜਾਰੀ ਨੂੰ ਗੁਰੂ ਬਣਾ ਲਿਆ ਹੈ। ਜਦਕਿ ਸਾਰੀ ਗੁਰਬਾਣੀ ਧਾਰਮਿਕ ਬਾਣਿਆਂ ਦੇ ਵਿਰੋਧ ਵਿੱਚ ਹੈ। ਅਸੀਂ ਸਾਰੀ ਸਿੱਖੀ ਦਾ ਅਧਾਰ ਧਾਰਮਿਕ ਚਿੰਨ੍ਹ (ਕਕਾਰਾਂ) ਨੂੰ ਬਣਾ ਲਿਆ ਹੈ, ਜਦਕਿ ਗੁਰਬਾਣੀ ਧਾਰਮਿਕ ਚਿੰਨ੍ਹਾਂ ਦੇ ਵਿਰੋਧ ਵਿੱਚ ਹੈ।

ਕੁੱਲ-ਮਿਲਾ ਕੇ ਸਿੱਖੀ ਦਾ ਮੌਜੂਦਾ ਗੁਰਦੁਆਰਾ ਸਿਸਟਮ ਅਤੇ ਬਾਕੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਤਾਣਾ-ਬਾਣਾ ਗੁਰਮਤਿ ਵਿਰੋਧੀ ਹੈ। ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਹੈ। ਇਸ ਵਿੱਚ ਗੁਰਮਤਿ ਵਾਲ਼ੀ ਇੱਕ ਵੀ ਗੱਲ ਨਹੀ। ਸਭ ਕੁਝ ਸਵਾਰਥੀ ਲੋਕਾਂ ਦਾ ਧੰਦਾ ਤੇ ਰਾਜਨੀਤੀ ਹੈ। ਅਸੀ ਰਲ਼-ਮਿਲ਼ ਕੇ ਗੁਰੂਆਂ ਦੀਆਂ ਦੋ ਸੌ ਸਾਲ ਦੀ ਘਾਲਣਾਵਾਂ ਅਤੇ ਕੁਰਬਾਨੀਆਂ ‘ਤੇ ਪਾਣੀ ਫੇਰ ਦਿੱਤਾ ਹੈ।

ਹਰਚਰਨ ਸਿੰਘ ਪ੍ਰਹਾਰ

Previous articleTHE PARTITION OF INDIA AND THE SIKHS – LECTURE IN LEICESTER
Next articleसामाजिक न्याय आंदोलन (बिहार), बिहार फुले-अंबेडकर युवा मंच और बहुजन स्टूडेंट्स यूनियन (बिहार) द्वारा लोकसभा चुनाव-2024 में भाजपा गठबंधन को हराने के लिए जारी सांझा अपील-