ਮੌਜੂਦਾ ਖੇਤੀ ਨੂੰ ਲੋੜੀਂਦਾ ਮੋੜਾ, ਪੁਨਰ-ਜਨਕ ਖੇਤੀ!

ਗੋਬਿੰਦਰ ਸਿੰਘ ਢੀਂਡਸਾ

(ਸਮਾਜ ਵੀਕਲੀ)

ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ, ਸੋ ਜ਼ਰੂਰੀ ਹੁੰਦਾ ਹੈ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਸਮੇਂ ਦਾ ਹਾਣੀ ਹੋਣਾ ਅਤੇ ਲੋੜੀਂਦੇ ਬਦਲਾਅ ਨੂੰ ਅਪਣਾਉਣਾ। ਜੋ ਸਮੇਂ ਤੇ ਬਦਲਾਅ ਨੂੰ ਨਹੀਂ ਅਪਣਾਉਂਦੇ ਉਹ ਸਮੇਂ ਦੀ ਪ੍ਰਾਸੰਗਿਕਤਾ ਤੋਂ ਪਿਛੜ ਜਾਂਦੇ ਹਨ।

ਹਰੇ ਇਨਕਲਾਬ ਜਾਂ ਹਰੀ ਕ੍ਰਾਂਤੀ ਨੇ ਭਾਰਤ ਨੂੰ ਭੁੱਖਮਰੀ ਤੋਂ ਬਚਾ ਲਿਆ ਪਰੰਤੂ ਇਸ ਇਨਕਲਾਬ ਨੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਭੂਮੀ ਜਲ ਦੀ ਵਰਤੋਂ ਕਰਨ ਵਾਲਾ ਦੇਸ਼ ਬਣਾ ਦਿੱਤਾ।ਸੰਯੁਕਤ ਰਾਸ਼ਟਰ ਨੇ ਆਪਣੀ ‘ਵਿਸ਼ਵ ਜਲ ਵਿਕਾਸ ਰਿਪੋਰਟ 2022’ ਵਿੱਚ ਇਸ ਤੱਥ ਦਾ ਖੁਲਾਸਾ ਕੀਤਾ ਕਿ ਭਾਰਤ ਵਿੱਚ ਹਰ ਸਾਲ ਦੁਨੀਆਂ ਦਾ ਭੂ-ਜਲ ਨਿਕਾਸੀ ਦਾ ਇੱਕ-ਚੌਥਾਈ (251 ਕਿਊਬਿਕ ਕਿਮੀ) ਹਿੱਸਾ ਕੱਢਿਆ ਜਾਂਦਾ ਹੈ ਅਤੇ ਭੂਮੀ ਜਲ ਦੇ ਇਸ ਹਿੱਸੇ ਦੇ 90 ਫੀਸਦੀ ਪਾਣੀ ਦੀ ਵਰਤੋਂ ਖੇਤੀਬਾੜੀ ਵਿੱਚ ਕੀਤੀ ਜਾਂਦੀ ਹੈ।

ਮੌਜੂਦਾ ਸਮੇਂ ਵਿੱਚ ਭਾਰਤੀ ਮਿੱਟੀ ਵਿੱਚ ਜੈਬਿਕ ਕਾਰਬਨ ਅਤੇ ਸੂਖਮ ਪੋਸ਼ਕ ਤੱਤਾਂ ਦੀ ਗੰਭੀਰ ਅਤੇ ਵਿਆਪਕ ਘਾਟ ਹੈ।ਸੰਯੁਕਤ ਰਾਸ਼ਟਰ ਦੇ ‘ਖਾਦ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ 2022’ ਦੇ ਅਨੁਸਾਰ “ਜੇਕਰ ਖੇਤੀ ਨਾਲ ਦੇਸ਼ ਦੀ 224.5 ਮਿਲੀਅਨ ਕੁਪੋਸ਼ਿਤ ਆਬਾਦੀ ਦੇ ਲਈ ਖਾਦ ਪਦਾਰਥ ਉਪਲੱਬਧ ਕਰਵਾਉਣਾ ਹੈ, ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣਾ ਹੈ ਤਾਂ ਉਸਨੂੰ ਕੁਦਰਤ ਦੇ ਨਾਲ ਸੰਤੁਲਨ ਸਥਾਪਿਤ ਕਰਨ ਦੀ ਜ਼ਰੂਰਤ ਹੈ, ਨਾ ਕਿ ਕੁਦਰਤ ਦੇ ਵਿਰੁੱਧ ਜਾਣ ਦੀ।“

ਦੁਨੀਆਂ ਭਰ ਦੇ ਕਿਸਾਨ ਕਾਰਕੁੰਨ ਅਤੇ ਖੇਤੀਬਾੜੀ ਖੋਜ ਸੰਗਠਨ ਇਸ ਕਿਸਮ ਦੇ ਰਸਾਇਣ ਰਹਿਤ ਖੇਤੀਬਾੜੀ ਦੇ ਤਰੀਕੇ ਵਿਕਸਿਤ ਕਰ ਰਹੇ ਹਨ ਜਿਸ ਵਿੱਚ ਕੁਦਰਤੀ ਢੰਗਾਂ ਅਤੇ ਖੇਤੀ ਦੇ ਨਵੇਂ ਤਰੀਕੇ ਜਿਵੇਂ ਕਿ ਫਸਲੀ ਚੱਕਰ ਅਤੇ ਫਸਲੀ ਵਿਭਿੰਨਤਾ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਹ ਸਾਰੇ ਪੁਨਰ-ਜਨਕ ਖੇਤੀ ਦੇ ਤਰੀਕੇ ਹਨ।ਇਸ ਸਮੇਂ ਪੁਨਰ-ਜਨਕ ਖੇਤੀ ਦੀ ਕੋਈ ਸਰਵ ਵਿਆਪਕ ਤੌਰ ‘ਤੇ ਸਵੀਕਾਰ ਕੀਤੀ ਪਰਿਭਾਸ਼ਾ ਨਹੀਂ ਹੈ, ਇਹ ਆਮ ਤੌਰ ‘ਤੇ ਉਨ੍ਹਾਂ ਅਭਿਆਸਾਂ ਨਾਲ ਸਬੰਧਤ ਹੈ ਜੋ ਮਿੱਟੀ ਦੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਮਿੱਟੀ ਵਿੱਚ ਜੈਵਿਕ ਕਾਰਬਨ ਨੂੰ ਬਹਾਲ ਕਰਦੇ ਹਨ।ਪੁਨਰਜਨਕ ਖੇਤੀ ਮੌਜੂਦਾ ਖੇਤੀ ਪ੍ਰਣਾਲੀ ਵਿੱਚ ਸਕਰਾਤਮਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਕਿਸਾਨਾਂ ਦੇ ਲਈ ਲਾਭਕਾਰੀ ਹੋਣ ਦੇ ਨਾਲ ਨਾਲ ਵਾਤਾਵਰਨ ਪ੍ਰਤੀ ਵੀ ਸਕਰਾਤਮਕ ਰਵੱਈਆ ਰੱਖੇ।

ਮੌਜੂਦਾ ਖੇਤੀ ਪ੍ਰਣਾਲੀ ਦੇ ਨਤੀਜੇ ਵਜੋਂ ਮਿੱਟੀ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਅਗਲੇ 50 ਸਾਲਾਂ ਵਿੱਚ ਦੁਨੀਆ ਨੂੰ ਭੋਜਨ ਦੇਣ ਲਈ ਲੋੜੀਂਦੀ ਮਿੱਟੀ ਨਹੀਂ ਹੋ ਸਕਦੀ।ਦੁਨੀਆ ਭਰ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵ ਵਿਭਿੰਨਤਾ ਘਟ ਰਹੀ ਹੈ। ਚਾਰ ਬਿਲੀਅਨ ਏਕੜ ਤੋਂ ਵੱਧ ਖੇਤੀ ਵਾਲੀ ਜ਼ਮੀਨ ‘ਤੇ ਮਿੱਟੀ ਨੂੰ ਮੁੜ ਸੁਰਜੀਤ ਕਰਨਾ, ਵਿਸ਼ਵ ਨੂੰ ਭੋਜਨ ਦੇਣ, ਗਲੋਬਲ ਵਾਰਮਿੰਗ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਨੂੰ ਰੋਕਣ ਲਈ ਜ਼ਰੂਰੀ ਹੈ।ਅਧਿਆਨਾਂ ਤੋਂ ਪਤਾ ਚੱਲਿਆ ਹੈ ਕਿ ਪ੍ਰਤੀ 0.4 ਹੈਕਟੇਅਰ ਮਿੱਟੀ ਦੇ ਕਾਰਬਨਿਕ ਪਦਾਰਥ ਵਿੱਚ 1 ਫੀਸਦੀ ਵਾਧੇ ਨਾਲ ਜਲ ਭੰਡਾਰਨ ਸਮਰੱਥਾ 75,000 ਲੀਟਰ ਵੱਧ ਜਾਂਦੀ ਹੈ।

ਪੁਨਰ-ਜਨਕ ਖੇਤੀ ਇੱਕ ਸੰਪੂਰਨ ਖੇਤੀ ਪ੍ਰਣਾਲੀ ਹੈ ਜੋ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣ, ਖੇਤਾਂ ਦੀ ਜੁਤਾਈ ਨੂੰ ਘਟਾਉਣ ਭਾਵ ਘੱਟੋ ਘੱਟ ਖੇਤ ਬਹਾਈ ਨੂੰ ਉਤਸ਼ਾਹਿਤ ਕਰਨਾ, ਪਸ਼ੂਧਨ, ਮਿੱਟੀ ਨੂੰ ਢੱਕ ਕੇ ਰੱਖਣਾ,ਫਸਲੀ ਵਿਭਿੰਨਤਾ ਅਤੇ ਫਸਲੀ ਚੱਕਰ ਅਪਣਾਉਣਾ ਵਰਗੇ ਤਰੀਕਿਆਂ ਰਾਹੀਂ ਮਿੱਟੀ ਦੀ ਸਿਹਤ, ਭੋਜਨ ਦੀ ਗੁਣਵੱਤਾ, ਜੈਵ ਵਿਭਿੰਨਤਾ ਵਿੱਚ ਸੁਧਾਰ, ਪਾਣੀ ਅਤੇ ਹਵਾ ਦੀ ਗੁਣਵੱਤਾ.ਉੱਪਰ ਕੇਂਦ੍ਰਿਤ ਹੈ।

ਗੋਬਿੰਦਰ ਸਿੰਘ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਗਾਮੀ ਲੋਕ ਸਭਾ ਚੋਣਾਂ ਤੇ ਭਾਜਪਾ ਦੀ ਮਜਬੂਤੀ ਨੂੰ ਲੈਕੇ ਭਾਜਪਾ ਨੇ ਕੱਸੀ ਕਮਰ,ਜ਼ਿਲ੍ਹਾ ਬੈਠਕ ਸੋਮਵਾਰ ਨੂੰ,ਇਨ੍ਹਾਂ ਮੁੱਦਿਆਂ ਤੇ ਹੋਵੇਗੀ ਚਰਚਾ
Next articleਸ਼ਿਮਲਾ ਮਿਰਚ ਉਤਪਾਦਕ ਕਿਸਾਨਾਂ ਤੇ ਬੇ ਮੌਸਮੀ ਬਾਰਿਸ਼ ਦੀ ਮਾਰ ਤੋਂ ਬਾਅਦ ਪੈ ਰਹੀ ਭਾਰੀ ਘਾਟੇ ਦੀ ਮਾਰ