ਪੀਐੱਚ.ਡੀ. ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ

ਬੁੱਧ  ਸਿੰਘ ਨੀਲੋੰ
(ਸਮਾਜ ਵੀਕਲੀ)  ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ ਬਹੁਤ ਲੋਕ ਕਲਮਾਂ ਘਸਾ ਰਹੇ ਹਨ ਤੇ ਕਿਤਾਬਾਂ ਛਪਵਾ ਰਹੇ ਹਨ। ਪੱਲਿਓਂ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ ਪਹਿਲਾ ਲੇਖਕ ਹੈ ਜਿਸ ਦੀ ਅਜੇ ਕਿਤਾਬ ਵੀ ਨਹੀਂ ਛਪੀ ਪਰ ਚਰਚਾ ਐਨੀ ਹੈ ਕਿ ਜਿੱਥੇ ਵੀ ਚਾਰ ਪੰਜਾਬੀ ਜੁੜਦੇ ਹਨ ਤਾਂ ਬੁੱਧ ਬੋਲ, ਬੁੱਧ ਚਿੰਤਨ ਤੇ ਇਲਤੀ ਬਾਬਾ ਦੀ ਗੱਲ ਹੁੰਦੀ  ਹੈ। ਉਹ ਨਾ ਕਾਲਜ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ ਸਾਹਿਤ ਤੇ ਸਮਾਜ ਨੂੰ ਐਨਾ ਪੜ੍ਹ ਗਿਆ ਹੈ ਕਿ ਹਰ ਵਿਸ਼ੇ ‘ਤੇ ਖੋਜ ਕਰਕੇ ਲਿਖਣ ਦਾ ਮਾਹਿਰ ਬਣ ਗਿਆ  ਹੈ ਪਰ ਉਸਨੇ ਪੀਐਚ ਡੀ ਵਾਲਿਆਂ ਨੂੰ ਪੜ੍ਹਨੇ ਜ਼ਰੂਰ ਪਾਓ ਦਿੱਤਾ ਹੈ।
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਹੁੰਦੀਆਂ ਤੇ ਹੋਈਆਂ ਜਾਅਲੀ ਡਿਗਰੀਆਂ ਦਾ ਪਰਦਾ ਜਦੋਂ ਉਸ ਨੇ ਚੁੱਕਿਆ ਸੀ ਤਾਂ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ ਭੁਚਾਲ ਆ ਗਿਆ ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ।
ਇਹ ਸ਼ਖਸ ਬਹੁਤ ਹੀ ਸਧਾਰਨ ਪਰਿਵਾਰ ਦੇ ਵਿੱਚ ਜੰਮਿਆ ਪਲਿਆ ।ਅੱਠਵੀਂ ਵਿੱਚ ਪੜ੍ਹਦੇ ਨੂੰ ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ।  ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ  ਫੇਰ ਸਕੂਲ ਪੜ੍ਹਨ ਲੱਗ ਗਿਆ । ਦਸਵੀਂ ਦੇ ਵਿੱਚ ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ।  ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ ਸਕਿਆ । ਘਰ ਦੀ ਆਰਥਿਕ ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ ਕੰਮ ਕੀਤਾ ਤੇ ਫੇਰ ਅਖ਼ਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ। ਰੋਜ਼ਾਨਾ ਅੱਜ ਦੀ ਆਵਾਜ਼,  ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ ਦੇ ਵਿੱਚ ਕਈ ਵਰੇ ਸੰਪਾਦਕੀ ਬੋਰਡ ਵਿੱਚ  ਸੇਵਾਵਾਂ ਨਿਭਾਉਂਦਾ ਰਿਹਾ।
ਪਿੰਡ ਨੀਲੋੰ ਕਲਾਂ ਜਿਲ੍ਹਾ ਲੁਧਿਆਣਾ ਦਾ ਜੰਮਿਆ ਬੁੱਧ ਸਿੰਘ ਨੀਲੋੰ  ਪੰਜਾਬੀ ਭਵਨ ਲੁਧਿਆਣਾ ਵਿੱਚ ਰਹਿੰਦਾ ਸੀ। ਪੰਜਾਬੀ ਦੀ ਕੋਈ ਅਖ਼ਬਾਰ ਤੇ ਸਾਹਿਤਕ ਮੈਗਜ਼ੀਨ ਅਜਿਹਾ ਨਹੀ ਜਿੱਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ। 1983 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਛਪਣ ਲੱਗਿਆ। ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ਼ ਜੁੜਿਆ ਹੀ ਨਹੀਂ ਰਿਹਾ ਸਗੋ ਪਿੰਡ ਵਿੱਚ ਹਰ ਸਾਲ ਸਾਹਿਤਕ ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ ਪੱਤਰਕਾਰਤਾ ਦੇ ਨਾਲ ਜੋੜਿਆ। ਖ਼ਬਰ ਲਿਖਣ ਦੇ ਗੁਰ ਦੱਸੇ। ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ ਸਰਕਾਰੀ ਨੌਕਰੀ ਨਹੀਂ ਕਰ ਸਕਿਆ। ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ ਮੈਗਜ਼ੀਨ ਦਾ ਕਾਲਮ ਨਵੀਸ ਰਿਹਾ।
ਹੁਣ ਪਿਛਲੇ ਤੇਈ ਵਰਿਆਂ ਤੋਂ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ ਸਹਾਇਕ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ। ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ ਉਸ ਨੇ ਕਿਤਾਬਾਂ ‘ਤੇ  ਐਮ.ਏ. ਐਮ.ਫਿਲ.ਪੀ.ਐੱਚ.ਡੀ ਤੇ ਡੀ.ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ ਕਿਤਾਬਾਂ ਨੂੰ ਘੋਲ ਕੇ ਪੀ ਲਿਆ ।
ਜਦੋਂ  ਉਸ ਨੇ ਪੀ.ਐੱਚ.ਡੀ. ਦੇ ਥੀਸਿਸ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਦੇ ਵਿੱਚ ਹੋਈਆਂ ਗੜਬੜਾਂ ਤੋਂ ਪਰਦਾ ਚੁੱਕਿਆ ਤਾਂ ਉਸ ਦੀ ਚਰਚਾ  ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ ਹੋਣ ਲੱਗੀ । ਉਸ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ ਨਕਲਾਂ ਨੂੰ ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ ਛਾਪਣ ਦਾ ਹੌਸਲਾ  ਕੀਤਾ । ਇਸ ਦੇ ਨਾਲ ਉਸ ਦੀ ਚਰਚਾ ਤਾਂ ਬਹੁਤ ਹੋ ਗਈ ਪਰ ਉਸ ਨੂੰ ਧਮਕੀਆਂ ਤੇ ਫਾਕੇ ਝੱਲਣੇ ਪਏ। ਉਸਨੇ ਆਪਣੀ ਨੌਕਰੀ ਵੀ ਗਵਾਈ ਪਰ ਉਸ ਨੇ ਆਪਣਾ ਖੋਜ ਦਾ ਕੰਮ ਨਾ ਛੱਡਿਆ।
ਉਸ ਨੇ ਹੁਣ ਤੱਕ ਪੰਜਾਬ, ਹਰਿਆਣਾ, ਦਿੱਲੀ , ਚੰਡੀਗੜ੍ਹ ਤੇ ਜੰਮੂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ, ਵੱਡੀ ਗਿਣਤੀ ਦੇ ਥੀਸਿਸ ਪੜ੍ਹ ਕੇ ਉਸਦਾ ਪਰਦਾਫਾਸ਼ ਕੀਤਾ। ਉਦੋਂ ਇੱਕ ਵਾਰ ਤਾਂ ਯੂਨੀਵਰਸਿਟੀਆਂ ਵਿੱਚ ਭੂਚਾਲ ਆ ਗਿਆ ਸੀ, ਜਦੋਂ ਉਸਨੇ ਅਖੌਤੀ ਸਾਹਿਤ ਦੇ ਡਾਕਟਰਾਂ ਦਾ ਚੁਰਾਹੇ ਵਿੱਚ ਭਾਂਡਾ ਭੰਨਿਆ ਸੀ।
ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ  “ਕਲਾਮ ਬਾਬੂ  ਰਜਬ ਅਲੀ ” 2009 ਦੇ ਵਿੱਚ ਸੰਪਾਦਿਤ ਕੀਤੀ । ਜਿਸ ਦੇ ਹੁਣ ਤੱਕ ਪੰਜ ਐਡੀਸ਼ਨ ਆ ਚੁੱਕੇ ਹਨ। ਇਸ ਤੋਂ  ਬਿਨਾਂ ਸੱਤ ਕਿਤਾਬਾਂ ਅਨੁਵਾਦ ਕੀਤੀਆਂ ਹਨ। ਉਸ ਨੇ ਪੰਜਾਬ ਬਾਰੇ ਖੋਜ ਪੁਸਤਕ ” ਪੰਜਾਬ ਦੀ ਤਸਵੀਰ ” ਹੈ ਜਿਸ ਦੇ ਵੀ ਹੁਣ ਤਿੰਨ ਐਡੀਸ਼ਨ ਆ ਚੁੱਕੇ ਹਨ। ਉਸ ਦੀ ਪੰਜਾਬੀ ਸਾਹਿਤ ਤੇ ਯੂਨੀਵਰਸਿਟੀਆਂ ਵਿੱਚ ਹੁੰਦੀ ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕਾਂ  ” ਪੰਜਾਬੀ ਸਾਹਿਤ ਦਾ ਮਾਫੀਆ ” ਤੇ ਸ਼ਬਦ ਸਮੁੰਦਰ ਛਪ ਰਹੀਆਂ ਹਨ। ਇਸ ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ  ਕਰ ਰਿਹਾ ਹੈ।
ਉਸ ਕੋਲ ਕੋਈ  ਡਿਗਰੀ ਨਹੀਂ ਪਰ ਉਸ ਨੇ ਅਨੇਕਾਂ ਨੂੰ ਡਿਗਰੀਆਂ ਤੇ ਨੌਕਰੀਆਂ ਦਿਵਾਈਆਂ ਹਨ। ਹੁਣ ਵੀ ਉਹ ਸੋਸ਼ਲ ਮੀਡੀਆ ਤੇ ਸਭ ਤੋਂ  ਵੱਧ ਲਿਖ ਰਿਹਾ ਹੈ। ਉਸ ਦੇ ਨਾਲ ਟੀਵੀ ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀ.ਐੱਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਉਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ।
ਉਸ ਨੂੰ ਲਾਇਬ੍ਰੇਰੀ ਦੇ ਨਾਲ ਐਨਾ ਪਿਆਰ ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ ਲਾਇਬ੍ਰੇਰੀ ਦੇ ਵਿੱਚ ਪਈਆਂ ਕਿਤਾਬਾਂ ਬਾਰੇ ਦੱਸ ਸਕਦਾ ਸੀ। ਹੁਣ ਉਸ ਨੂੰ ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ ਸਗੋਂ  ਉਸ ਦੀਆਂ ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ।
ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ ਨਹੀਂ ਪਾਇਆ । ਇਹ ਖੋਜੀ ਲੇਖਕ ਹਰ ਲੇਖ ਦੇ ਵਿੱਚ ਹਰ ਦਿਨ ਨਵੀਆਂ ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ। ਉਸਦੇ ਕੋਲ ਬਹੁਤ ਲੋਕਾਂ ਦੀਆਂ ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ ਦੀ ਨਕਲ ਮਾਰੀ ਹੈ, ਉਸਨੂੰ ਸਭ ਦਾ ਪਤਾ ਹੈ।
ਉਹ ਲੁਧਿਆਣਾ ਤੋਂ ਛਪਦੇ ਰੋਜ਼ਾਨਾ ਪਹਿਰੇਦਾਰ ਤੇ ਰੋਜ਼ਾਨਾ ਜੁਝਾਰ ਟਾਈਮਜ਼ ਦੇ ਸੀਨੀਅਰ ਸਬ ਐਡੀਟਰ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ ਤੇ ਅੱਜਕੱਲ੍ਹ ਰੋਜ਼ਾਨਾ ਪ੍ਰਾਈਮ ਉਦੇ ਦਾ ਸਮਾਚਾਰ  ਸੰਪਾਦਕ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਅੱਜ ਦੀ ਆਵਾਜ਼, ਰੋਜ਼ਾਨਾ ਚੜ੍ਹਦੀ ਕਲਾ, ਰੋਜ਼ਾਨਾ ਨਵਾਂ ਜ਼ਮਾਨਾ, ਮਾਸਿਕ ਪੰਜ ਦਰਿਆ, ਨਿਊਜ਼, ਬੱਲੇ ਪੰਜਾਬ, ਮਹਿਕਦਾ ਪੰਜਾਬ ਤੇ ਹੋਰ ਦਰਜਨ ਪੱਤਰਾਂ ਨਾਲ ਜੁੜਿਆ ਰਿਹਾ ਹੈ। ਉਹ ਰੋਜ਼ਾਨਾ ਸੰਪਾਦਕੀ ਤੇ ਬੁੱਧ ਬੋਲ, ਤਾਇਆ ਬਿਸ਼ਨਾ, ਪਿਆਜ ਦੇ ਛਿਲਕੇ, ਇਲਤੀਨਾਮਾ ਤੇ ਬੁੱਧ ਬਾਣ, ਬੁੱਧ ਵਿਵੇਕ ਤੇ ਬੁੱਧ ਚਿੰਤਨ ਅਜਿਹੇ ਕਾਲਮ ਲਿਖਦਾ ਹੈ। ਅੱਜਕੱਲ੍ਹ ਉਹ ਸੋਸ਼ਲ ਮੀਡੀਏ ਉਤੇ ਛਾਇਆ ਹੋਇਆ ਹੈ।
ਆਪਣੀ ਪਤਨੀ ਬਲਜੀਤ ਕੌਰ ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ ਬਹੁਤ ਹੀ ਸਧਾਰਨ  ਜ਼ਿੰਦਗੀ ਜੀਅ ਰਿਹਾ ਹੈ। ਇਹ ਸੱਚ ਮੁੱਚ ਦਾ ਪ੍ਰਲੋਤਾਰੀ ਹੈ।  ਜਿਹੜਾ ਸਮਾਜ ਦੇ ਵਿੱਚ  ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ  ਸਾਫ ਕਰਨ ਦਾ ਯਤਨ ਕਰਦਾ ਹੈ। ਉਹ ਹੈ ਕੀ ਹੈ, ਉਸਦਾ ਖੁਦ ਉਸਨੂੰ ਪਤਾ ਨਹੀਂ …?
ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਪਰ ਉਹ ਤੇ ਇਕ ਕਲਮ ਦਾ ਮਜ਼ਦੂਰ  ਹੈ।ਮਜ਼ਦੂਰੀ ਕਰਦਾ ਹੈ ਤੇ ਲਿਖਣ ਪੜ੍ਹਨ ਦਾ ਫਰਜ਼ ਹੈ ਜੋ ਆਪਣੇ  ਹਿੱਸੇ ਦਾ ਫਰਜ਼  ਨਿਭਾ ਰਿਹਾ ਹੈ। ਉਸਨੂੰ ਪਤਾ ਹੈ ਕਿ ਕੀ ਲਿਖਣਾ ਹੈ, ਕਿਵੇਂ  ਲਿਖਣਾ ਹੈ, ਕੀਹਨਾ ਦੇ ਲਈ ਲਿਖਣਾ ਤੇ ਉਸ ਨੂੰ ਲਿਖਣ ਦੀ ਕਿਉਂ ਲੋੜ ਹੈ ?
ਜਿਵੇਂ ਪਹਾੜਾਂ ਤੋਂ ਟੁੱਟ ਕੇ ਧਰਤੀ ਤੱਕ ਪੁੱਜਦਾ ਪੱਥਰ ਗੋਲ਼ ਹੋ ਜਾਂਦਾ ਹੈ।  ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਵਿੱਚ ਵਿਚਰਦਿਆਂ ਉਹ  ਗੋਲ ਨਹੀਂ ਸਗੋਂ ਤਿਕੋਣਾ ਬਣ ਗਿਆ ਹੈ ਜਿਸ ਦੀਆਂ ਲਿਖਤਾਂ ਅਖੌਤੀ  ਵਿਦਵਾਨਾਂ ਤੇ ਅਲੇਖਕਾਂ ਨੂੰ ਤਾਂ ਚੁੱਭਦੀਆਂ ਪਰ ਪੰਜਾਬੀ ਮਾਂ ਬੋਲੀ ਨੂੰ  ਪਿਆਰ ਕਰਨ ਵਾਲਿਆਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ। ਉਸ ਦੇ ਬਹੁਤ ਦੁਸ਼ਮਣ ਹਨ ਤੇ ਬਹੁਤ ਪ੍ਰਸੰਸਕ ਹਨ।
ਉਸ ਦੀਆਂ ਲਿਖਤਾਂ ਨੂੰ ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼ ਉਡੀਕਦੇ ਹਨ। ਉਸਦੇ ਬਾਰੇ ਮੈਨੂੰ ਏਨਾ ਕੁ ਪਤਾ  ਲੱਗਿਆ ਹੈ ਪਰ ਉਹ ਕੀ, ਕਦੋਂ ਪੜ੍ਹਦਾ ਤੇ ਲਿਖਦੈ ? ਉਸ ਨੂੰ ਹੀ ਪਤਾ ਹੈ ਕਿ ਉਹ ਕੀ ਹੈ। ਪਰ ਉਹ ਕਹਿੰਦਾ ਮੈਂ ਕੀ ਹਾਂ ਤੇ ਕਿਉਂ ਹਾਂ? ਮੈਨੂੰ ਵੀ ਪਤਾ ਨਹੀਂ । ਪਰ ਇਹ ਸੱਚਮੁੱਚ ਦਾ ਪੰਜਾਬੀ ਸਾਹਿਤ ਤੇ ਸਮਾਜ ਨੂੰ ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ ਹੈ ਜਿਹੜਾ ਬਿਨਾਂ ਕਿਸੇ ਡਰ ਦੇ ਪੰਜਾਬੀ ਸਾਹਿਤ ਵਿੱਚ ਨਿਵੇਕਲੀਆਂ ਪੈੜਾਂ ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।
ਉਸਦੇ ਨਾਲ ਕਿਸੇ ਵੀ ਵਿਸ਼ੇ ਤੇ ਤੁਸੀਂ ਗੱਲ ਕਰ ਸਕਦੇ ਹੋ…ਸੰਪਰਕ ਨੂੰ  94643 70823  ਹੈ। 
ਆਮੀਨ 
ਰਮੇਸ਼ਵਰ ਸਿੰਘ ਸੰਪਰਕ ਨੰਬਰ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleAmbedkar Buddhist Association of Texas donates collected works of Indian civil rights activist Bhimrao Ambedkar to the University of Texas at Austin
Next articleਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਮਿਲਿਆ ਪੰਜਾਬੀ ਭਾਸ਼ਾ ਰਤਨ ਪੁਰਸਕਾਰ