ਰੱਖੜੀ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਚਾਈਂ-ਚਾਈਂ ਆਉਂਦੀਆਂ ਨੇ ਭੈਣਾਂ ਲੈ ਕੇ ਰੱਖੜੀ,
ਖੁਸ਼ੀ ਨਾਲ਼ ਵੀਰਨੋਂ ਮਨਾਇਓ ਰੱਖੜੀ।
ਸੂਟਾਂ ਅਤੇ ਕੀਮਤੀ ਸਮਾਨ ਦੀ ਨਾ ਲੋੜ ਕੋਈ,
ਦਿਲੋਂ ਸੱਚੇ ਪਿਆਰ ਨਾਲ ਬੰਨਾਇਓ ਰੱਖੜੀ।
ਖੁਸ਼ੀ ਨਾਲ਼…..
ਓਹੀ ਘਰ ਓਹੀ ਵਿਹੜਾ,
ਪਰ ਹੁੰਦਾ ਬੜਾ ਖਾਸ ਹੈ।
ਪੇਕਿਆਂ ਦੇ ਨਾਲ਼ ਸਾਕ,
ਨਹੁੰਆਂ ਜਿਉਂ ਮਾਸ ਹੈ ।
ਹੱਥ ਲੈਕੇ ਭੈਣਾਂ ਦਾ ਮੱਥੇ ਨੂੰ ਛੁਆ ਲਿਓ,
ਮਨਾਂ ਵਿੱਚ ਭੈਣਾਂ ਦੀ ਵਸਾਇਓ ਰੱਖੜੀ।
ਖੁਸ਼ੀ ਨਾਲ਼……
ਰਹਿੰਦੀਆਂ ਵੀ ਸਹੁਰੀਂ ਸਦਾ,
ਸੁੱਖ ਮਾਪਿਆਂ ਦੀ ਮੰਗਦੀਆਂ।
ਮਾਪਿਆਂ ਦਾ ਪਿੰਡ ਹਰ ਵੇਲੇ,
ਆਪਣਾ ਹੀ ਮੰਨਦੀਆਂ।
ਬੜਾ ਅਨਮੋਲ ਹੈ ਇਹ ਧਾਗਾ ਆਮ ਨਹੀਂ,
ਖੋਲ੍ਹ ਕਿਤੇ ਐਵੇਂ ਨਾ ਗਵਾਇਓ ਰੱਖੜੀ।
ਖੁਸ਼ੀ ਨਾਲ਼……
ਲਾਲਚ ਨਾਂ ਰੱਖਣ ਜ਼ਮੀਨਾਂ ਜਾਇਦਾਦਾਂ ਦਾ,
ਖੁਸ਼ੀ ਖੁਸ਼ੀ ਸੱਭ ਇਹ ਵਾਰ ਦਿੰਦੀਆਂ।
ਜਿਹੜੇ ਕਾਗਜ਼ਾਂ ਤੇ ਕਹਿਣ ਵੀਰੇ ਇਹਨਾਂ ਨੂੰ,
ਹੱਸ ਕੇ ਇਹ ਉੱਥੇ ਘੁੱਗੀ ਮਾਰ ਦਿੰਦੀਆਂ।
ਭਾਗਾਂ ਨਾਲ਼ ਮਿਲਦੇ ਇਹ ਰਿਸ਼ਤੇ ‘ਮਨਜੀਤ’,
ਟੌਹਰ ਨਾਲ਼ ਗੁੱਟ ਤੇ ਸਜਾਇਓ ਰੱਖੜੀ।
ਖੁਸ਼ੀ ਨਾਲ਼ ਵੀਰਨੋ ਮਨਾਇਓ ਰੱਖੜੀ।
ਦਿਲੋਂ ਸੱਚੇ ਪਿਆਰ ਨਾਲ ਬੰਨਾਇਓ ਰੱਖੜੀ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤਕਾਰ ਮੱਖਣ ਲੋਹਾਰ ਨੂੰ ਸਦਮਾ, ਪਿਤਾ ਦਾ ਦੇਹਾਂਤ
Next articleਅੰਮ੍ਰਿਤਸਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ