ਮੇਰਾ ਵਿਆਹ ਕਰਵਾਉਣ ਨੂੰ

ਸ਼ਿੰਦਾ ਬਾਈ
(ਸਮਾਜ ਵੀਕਲੀ)-ਪਸੰਦ-ਨਾਪਸੰਦ ਦਾ ਦੌਰ ਜੋਰਾਂ ਤੇ ਆ। ‘ ਇਹਦੇ ਤੋਂ ਬਿਹਤਰ ਹੋਵੇ ‘ ਦੀ ਚਾਹਨਾ ਵਿੱਚ ਅੱਜ ਦੀ ਨੌਜਵਾਨੀ ਦੀ ਵਿਆਹ ਉਮਰ ਨਿੱਕਲ਼ਦੀ ਜਾ ਰਹੀ ਹੈ। ਨਖ਼ਰਾ ਵੀ ਤਾਂ ਕਿਸੇ ਦਾ ਕਿਸੇ ਤੋਂ ਘੱਟ ਨਹੀਂ। ਹਰ ਇੱਕ ਨੂੰ ਦੂਜੇ ਤੋਂ ਵਧੀਆ ਹੀ ਚਾਹੀਦਾ ਹੈ।
ਇੱਕ ਕੁੜੀ ਜੀਹਦੀ ਵਿਆਹ ਦੀ ਉਮਰ ਲੰਘਦੀ ਜਾਂਦੀ ਸੀ, ਇੱਕ ਦਿਨ ਆਪਣੇ ਲਈ ਇੱਕ ਵਧੀਆ ਜੀਵਨਸਾਥੀ ਦੀ ਮੰਗ ਕਰਨ ਲਈ ਰੱਬ ਦੇ ਘਰ ਜਾ ਫਰਿਆਦੀ ਹੋਈ।
ਰੱਬ ਦਾ ਦਰਬਾਰ ਸਜਿਆ ਹੋਇਆ ਸੀ।ਵੰਨ ਸੁਵੰਨੇ ਭਗਤਾਂ ਦੀ ਭੀੜ ਸੀ। ਸਭ ਚੜ੍ਹਾਵਾ ਚੜ੍ਹਾਉਂਦੇ,ਮੱਥਾ ਟੇਕਦੇ ਤੇ ਆਪਣੀ ਅਰਦਾਸ ਬੇਨਤੀ ਕਰਦੇ ਅੱਗੇ ਲੰਘੀ ਜਾ ਰਹੇ ਸਨ।
ਆਪਣੀ ਵਾਰੀ ਆਉਣ ਤੇ ਕੁੜੀ ਨੇ ਵੀ ਮੱਥਾ ਟੇਕਿਆ ਅਤੇ ਜਦੋਂ ਮੰਗਣ ਦੀ ਵਾਰੀ ਆਈ ਤਾਂ ਆਸੇ ਪਾਸੇ ਤੇ ਪਿੱਛੇ ਵੀ ਬੰਦਿਆਂ ਦੀ ਭੀੜ ਵੇਖ ਕੇ ਉਹਨੂੰ ਸਮਝ ਨਾ ਆਇਆ ਕਿ ਰੱਬ ਦੇ ਸਾਹਮਣੇ ਆਪਣੀ ਮਨ ਦੀ ਗੱਲ ਕਿਵੇਂ ਬੋਲਾਂ। ਮੱਥਾ ਟੇਕ ਕੇ ਹੀ ਪਿੱਛੇ ਹਟ ਗਈ। ਇੱਕ ਨਿਵੇਕਲੇ ਜਿਹੇ ਥਮਲੇ ਦੇ ਪਿਛਲੇ ਪਾਸਿਓਂ ਰੱਬ ਵੱਲ ਝਾਤ ਮਾਰ ਕੇ ਬੋਲਣ ਹੀ ਲੱਗੀ ਸੀ ਕਿ ਬੋਲ ਕੇ ‘ ਘਰਵਾਲ਼ਾ ‘ ਮੰਗਦੀ ਨੂੰ ਫੇਰ ਸੰਗ ਆ ਗਈ। ਉਸਦੇ ਮੂੰਹੋਂ ਨਿਕਲਿਆ” ਰੱਬਾ ਮੈਨੂੰ ਆਪਣੇ ਲਈ ਕੁੱਝ ਨਹੀਂ ਚਾਹੀਦਾ, ਬਸ ਮੇਰੀ ਮਾਂ ਦੇ ਲਈ ਵਧੀਆ ਜਿਹਾ ਜੁਆਈ ਲੱਭ ਦਿਓ!!”
ਦੋ ਚਾਰ ਦਿਨਾਂ ਵਿੱਚ ਹੀ ਚਮਤਕਾਰ ਹੋ ਗਿਆ। ਅਰਦਾਸ ਕਬੂਲ ਹੋਈ। ਇੱਕ ਵਧੀਆ ਸਰਕਾਰੀ ਨੌਕਰੀ ਵਾਲ਼ੇ ਬੈਂਕ ਮੈਨੇਜਰ ਦਾ ਰਿਸ਼ਤਾ ਆਪ ਚੱਲ ਕੇ ਘਰੇ ਆਇਆ ਤੇ ਅਗਲੇ ਉਸਦੀ ਛੋਟੀ ਭੈਣ ਨਾਲ਼ ਮੁੰਡੇ ਦਾ ਰਿਸ਼ਤਾ ਪੱਕਾ ਕਰ ਸ਼ਗਨ ਵੀ ਪਾ ਗਏ !!
ਭਗਤਾਂ ਅਤੇ ਮੰਗਾਂ ਮੰਗਣ ਵਾਲਿਆਂ ਦੀ ਵਧਦੀ ਹੋਈ ਭੀੜ ਕਾਰਣ ਰੱਬ ਵੀ ਬੌਂਦਲ਼ਿਆ ਰਹਿੰਦਾ ਹੈ ਬੀਬਾ ਜੀ। ਉਸ ਤੋਂ ਜੋ ਚਾਹੀਦਾ ਹੋਵੇ ਸਿੱਧਾ ਤੇ ਸਾਫ਼ ਸਾਫ਼ ਮੰਗਣ ਵਿੱਚ ਹੀ ਸਮਝਦਾਰੀ ਹੈ। ਉਸਨੇ ਵੀ ਅੱਗੇ ਕਰਿੰਦੇ ਰੱਖੇ ਹੋਏ ਨੇ, ਜਿਹੜੇ ਗੋਲ਼ ਮੋਲ਼ ਗੱਲਾਂ ਨਹੀਂ ਸਮਝਦੇ।
ਸ਼ਿੰਦਾ ਬਾਈ –

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਰੋ ਕੋਈ ਫੂਕ
Next articleस्वाती मालीवल के साथ दुर्व्यवहार निंदनीय- दारापुरी