ਵਿਦਿਆਰਥਣਾਂ ਨੇ ਜੋਸ਼ੀਲੀਆਂ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸੂਰਬੀਰ ਜਰਨੈਲ ਦੀਆਂ ਪ੍ਰਾਪਤੀਆਂ ਨੂੰ ਕੀਤਾ ਯਾਦ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਸ੍ਰ: ਹਰੀ ਸਿੰਘ ਨਲਵਾ ਜੀ ਦੇ ਸੂਰਮਗਤੀ ਦਿਵਸ ਨੂੰ ਅੱਜ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਵੱਲੋਂ ਰਾਮਗੜ੍ਹੀਆ ਗਰਲਜ਼ ਸੀਨੀ. ਸੈਕੰਡਰੀ ਸਕੂਲ ਮਿਲਰਗੰਜ ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧੀ ਸਕੂਲ ਦੇ ਕੈਂਪਸ ਵਿਖੇ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਅੰਦਰ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਨੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਦਰਜ ਦਸ ਮਹਾਨ ਸੂਰਬੀਰ ਜਰਨੈਲਾਂ ਦੀ ਸੂਚੀ ਵਿੱਚੋਂ ਪ੍ਰਥਮ ਸਥਾਨ ਪ੍ਰਾਪਤ ਕਰਨ ਵਾਲਾ ਮਹਾਨ ਸੂਰਬੀਰ ਸਿੱਖ ਜਰਨੈਲ ਸ੍ਰ: ਹਰੀ ਸਿੰਘ ਨਲਵਾ ਕੇਵਲ ਇੱਕ ਯੋਧਾ ਹੀ ਨਹੀਂ ਸੀ ਬਲਕਿ ਪੰਥ ਦਾ ਨਿਸ਼ਕਾਮ ਸੇਵਕ ਅਤੇ ਖਾਲਸਾ ਰਾਜ ਦਾ ਨਿਰਛਲ ਰੱਖਿਅਕ ਤੇ ਨਿਸ਼ਠਾਵਾਨ ਅਹਿਲਕਾਰ ਵੀ ਸੀ। ਜਿਸ ਦੀ ਬਦੌਲਤ ਅੱਜ ਵੀ ਉਨ੍ਹਾਂ ਦੇ ਦਲੇਰੀ ਭਰੇ ਕਾਰਨਾਮਿਆਂ ਤੇ ਕਾਰਜਾਂ ਨੂੰ ਸਮੁੱਚਾ ਸੰਸਾਰ ਯਾਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਨ ਸਿੱਖ ਸੂਰਬੀਰ ਜਰਨੈਲ ਸ੍ਰ: ਹਰੀ ਸਿੰਘ ਨਲਵਾ ਜੀ ਦੇ ਸੂਰਮਗਤੀ ਦਿਵਸ ਮੌਕੇ ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋਂ ਮਹਾਨ ਜਰਨੈਲ ਦੀ ਯਾਦ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਅੱਜ ਦੇ ਸਮਾਗਮ ਦਾ ਮੁੱਖ ਮਨੋਰਥ ਵਿਦਿਆਰਥੀ ਵਰਗ ਨੂੰ ਆਪਣੇ ਗੌਰਵਮਈ ਵਿਰਸੇ, ਇਤਿਹਾਸ ਨਾਲ ਜੋੜਨਾ ਤੇ ਮਹਾਨ ਵਿਅਕਤੀਆਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਤੌਰ ਤੇ ਯਾਦ ਰੱਖਣਾ ਹੈ। ਇਸ ਦੌਰਾਨ ਆਯੋਜਿਤ ਕੀਤੇ ਗਏ ਸੂਰਮਗਤੀ ਸਮਾਗਮ ਅੰਦਰ ਰਾਮਗੜ੍ਹੀਆ ਗਰਲਜ਼ ਸੀਨੀ. ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੂਰੀ ਸੂਰਬੀਰਤਾ ਦੇ ਨਾਲ ਜੋਸ਼ੀਲੀਆਂ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਮਹਾਨ ਸੂਰਬੀਰ ਜਰਨੈਲ ਹਰੀ ਸਿੰਘ ਨਲੂਆ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਦਾ ਧੰਨਵਾਦ ਪ੍ਰਗਟ ਕਰਦਿਆਂ ਹੋਇਆਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਹਾਨ ਸੂਰਬੀਰ ਜਰਨੈਲ ਸ੍ਰ: ਹਰੀ ਸਿੰਘ ਨਲੂਆ ਜੀ ਦੇ ਜੀਵਨ ਤੇ ਪ੍ਰਾਪਤੀਆਂ ਸੰਬੰਧੀ ਖੋਜ ਭਰਪੂਰ ਪੁਸਤਕਾਂ ਭੇਟ ਕਰਕੇ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਰਾਮਗੜ੍ਹੀਆ ਸੀਨੀ. ਸੈਕੰਡਰੀ ਸਕੂਲ (ਲੜਕੇ) ਦੀ ਪ੍ਰਿੰਸੀਪਲ ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਰਜਵੰਤ ਕੌਰ, ਸ਼੍ਰੀਮਤੀ ਨਵਜੀਤ ਕੌਰ, ਸ਼੍ਰੀਮਤੀ ਪਲਵਿੰਦਰ ਕੌਰ, ਸ਼੍ਰੀਮਤੀ ਖੁਸ਼ਹਾਲਜੀਤ ਕੌਰ ਤੇ ਅਮਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



