(ਸਮਾਜ ਵੀਕਲੀ)
‘ਚੰਮ’ ਦੇ ਵਿੱਚ ਪਲਣ ਵਾਲਾ ਹਰ ਕੋਈ,
ਜਦ ਆਉਂਦਾ ਹੈ ਚੰਮ ‘ਚੋਂ ਬਾਹਰ ਯਾਰੋ।
ਪਹਿਲਾਂ ‘ਚੰਮ’ ਨੂੰ ਮੂੰਹ ਵਿੱਚ ਪਾਂਵਦਾ ਏ,
ਚੰਮ, ਚੰਮ ਨੂੰ ਕਰੇ ਪਿਆਰ ਯਾਰੋ।
ਚੰਮ ਰਿਸ਼ਤੇ ਨਾਤੇ ਚੰਮ ਦੇ ਨਾਲ ਜੋੜੇ,
ਹੱਸੇ ਖੇਡੇ ਚੰਮਾਂ ਵਿਚਕਾਰ ਯਾਰੋ।
ਚੰਮ, ਚੰਮ ਤੇ ਹੁਕਮ ਚਲਾਂਵਦਾ ਏ,
ਕਿਤੇ ਇਹ ਚੰਮ ਦਾ ਤਾਬਿਆ ਦਾਰ ਯਾਰੋ।
ਚੰਮ ਦਾ ਚੰਮ ਦੇ ਨਾਲ ਵਿਆਹ ਹੁੰਦਾ,
ਸਾਰਾ ਚੰਮ ਦਾ ਬਣੇ ਪਰਿਵਾਰ ਯਾਰੋ।
ਚੰਮ, ਚੰਮ ਨੂੰ ਦੇਵੇ ਸਤਿਕਾਰ ਕਿਤੇ,
ਇਹ ਚੰਮ ਨੂੰ ਰਿਹਾ ਦੁਰਕਾਰ ਯਾਰੋ।
ਚੰਮ ਨੂੰ ਚੰਮ ਦਿੰਦਾ ਹੈ ਦਗ਼ਾ ਕਿਤੇ,
ਚੰਮ ਦਾ ਨਿਕਲੇ ਵਫ਼ਾਦਾਰ ਯਾਰੋ।
ਚੰਮ, ਚੰਮ ਦੀ ਜਾਨ ਵੀ ਲੈ ਲੈਂਦਾ,
ਦੇਵੇ ਜਾਨ ਵੀ ਇਸ ਤੋਂ ਵਾਰ ਯਾਰੋ।
ਚੰਮ, ਚੰਮ ਲਈ ਫਿਰੇ ਭੱਜਿਆ,
ਅੱਖੀਂ ਵੇਖ ਲਓ ਵਿੱਚ ਸੰਸਾਰ ਯਾਰੋ।
ਮੇਜਰ ਸਿੰਘ ‘ਬੁਢਲਾਡਾ ‘
94176 42327