ਚੇਅਰਮੈਨ ਸੱਜਣ ਚੀਮਾ ਨੇ ਸਰਕਾਰੀ ਸਕੂਲ ਛੰਨਾ ਸ਼ੇਰ ਸਿੰਘ ਵਿਖੇ 29.26 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਪੜ੍ਹਾਈ ਦੀ ਗੁਣਵੱਤਾ ਵਿਚ ਆਈ ਤਬਦੀਲੀ ਕਾਰਨ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਵੱਲ ਆ ਰਹੇ -ਸੱਜਣ ਸਿੰਘ ਚੀਮਾ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਸੁਧਾਰ ਦੀ ਮੁਹਿੰਮ ਤਹਿਤ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ -1 ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੰਨਾ ਸੇਰ ਸਿੰਘ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੰਨਾ ਸ਼ੇਰ ਸਿੰਘ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਵਿੱਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਲੋਕ ਅਰਪਣ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਤੇ ਅਰਜਨ ਅਵਾਰਡੀ ਸੱਜਣ ਸਿੰਘ ਚੀਮਾ ਵਲੋਂ ਕੀਤਾ ਗਿਆ। ਸੀਨੀਅਰ ਸੈਕੰਡਰੀ ਸਕੂਲ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ ਅਤੇ 6.26 ਲੱਖ ਰੁਪਏ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ ਉਸਾਰੇ ਗਏ ਹਨ।ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਵਿਖੇ 7.51 ਲੱਖ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ ਅਤੇ 4.50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਕੀਤੀ ਗਈ ਹੈ।ਇਸ ਮੌਕੇ ਸੱਜਣ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਪੇਂਡੂ ਖੇਤਰ ਅੰਦਰ ਪੈਂਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਗਏ ਯਤਨ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਨੂੰ ਪਹਿਲ ਤੇ ਸਿਹਤ ਨੂੰ ਪਹਿਲ ਦਿੱਤੀ ਗਈ ਹੈ।ਜਿਸ ਨਾਲ ਸਮਾਜ ਦੇ ਲੋੜਵੰਦ ਤਬਕੇ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਕੀਤੇ ਸੁਧਾਰ ਦੇ ਨਾਲ-ਨਾਲ ਪੜ੍ਹਾਈ ਦੀ ਗੁਣਵੱਤਾ ਵਿਚ ਆਈ ਤਬਦੀਲੀ ਕਾਰਨ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਵੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2025-26 ਦੇ ਬਜਟ ਦੌਰਾਨ ਪੰਜਾਬ ਸਰਕਾਰ ਵਲੋਂ ਬਜਟ ਦਾ 12 ਫੀਸਦੀ ਹਿੱਸਾ ਸਿੱਖਿਆ ਖੇਤਰ ਲਈ ਰੱਖਿਆ ਗਿਆ ਹੈ,ਜੋ ਕਿ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਸੁਹਿਰਦਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜਾ ਕੇ ਪੰਜਾਬ ਸਰਕਾਰ ਵਲੋਂ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਦਾ ਲਾਭ ਲੈਣ। ਇਸ ਦੌਰਾਨ ਉਨਾਂ ਦੇ ਨਾਲ ਕਪਿਲ ਜਿੰਦਲ ਸਹਾਇਕ ਕਮਿਸ਼ਨਰ ਜਨਰਲ ਕਪੂਰਥਲਾ ਤੇ ਐੱਸ ਡੀ ਐੱਮ ਸੁਲਤਾਨਪੁਰ ਲੋਧੀ,ਗੁਰਸ਼ਰਨ ਸਿੰਘ ਨਾਇਬ ਤਹਿਸੀਲਦਾਰ,ਨੇ ਸਕੂਲ ਦਾ ਸਮੁੱਚੇ ਤੌਰ ਤੇ ਦੌਰਾ ਕੀਤਾ ਅਤੇ ਅਧਿਆਪਕਾਂ ਵੱਲੋਂ ਸਕੂਲ ਦੇ ਸਫਾਈ ਪ੍ਰਬੰਧਨ ਤੇ ਸਕੂਲ ਦੀ ਸੁੰਦਰ ਇਮਾਰਤ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਹੈੱਡ ਟੀਚਰ ਅਵਤਾਰ ਸਿੰਘ ਹੈਬਤਪੁਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।ਇਸ ਮੌਕੇ ਤੇ ਮਲਕੀਤ ਸਿੰਘ ਬਲਾਕ ਪ੍ਰਧਾਨ ਆਪ, ਮੱਸਾ ਸਿੰਘ ਚੇਅਰਮੈਨ ਐੱਸ ਐੱਮ ਸੀ,ਬੋਹੜ ਸਿੰਘ, ਮੁਖਤਾਰ ਸਿੰਘ, ਸੁਰਜੀਤ ਸਿੰਘ ਹੈੱਡ ਟੀਚਰ, ਅਵਤਾਰ ਸਿੰਘ ਹੈੱਡ ਟੀਚਰ, ਸਤਨਾਮ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ ਮਿਸਤਰੀ, ਜੋਗਿੰਦਰ ਸਿੰਘ, ਗੁਰਮੇਜ ਸਿੰਘ ਸਾਬਕਾ ਸਰਪੰਚ, ਰਛਪਾਲ ਸਿੰਘ ਵੜੈਚ, ਪਰਮਵੀਰ ਕੌਰ, ਨੀਲਮ ਕੁਮਾਰੀ, ਮਨਪ੍ਰੀਤ ਕੌਰ ਰਾਮ ਸਿੰਘ ਸੈਂਟਰ ਹੈੱਡ ਟੀਚਰ ਠੱਟਾ ਨਵਾਂ, ਅਤੇ ਕਰਨਪ੍ਰੀਤ ਸਿੰਘ ਸਕੂਲ ਦੇ ਪ੍ਰਬੰਧਕ, ਪੰਚਾਇਤ ਤੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj