ਮਾਨਸਾ (ਸਮਾਜ ਵੀਕਲੀ): ਪੰਜਾਬ ਵਿੱਚ ਗਰਮੀ ਦੇ ਵਧੇ ਕਹਿਰ ਅਤੇ ਕੋਲੇ ਦੀ ਘਾਟ ਸਣੇ ਕਈ ਥਾਵਾਂ ’ਤੇ ਤਕਨੀਕੀ ਨੁਕਸ ਕਾਰਨ ਬਿਜਲੀ ਦੀ ਘਾਟ ਦੀ ਸਮੱਸਿਆ ਵਧਣ ਲੱਗੀ ਹੈ। ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਖ਼ਰਾਬ ਹੋਇਆ ਬੁਆਇਲਰ ਲਗਾਤਾਰ ਦੂਜੇ ਦਿਨ ਵੀ ਠੀਕ ਨਹੀਂ ਹੋ ਸਕਿਆ ਹੈ। ਇਸ ਕਾਰਨ ਇਸ ਤਾਪ ਘਰ ਦੇ ਦੋ ਯੂਨਿਟ ਹੀ ਇਸ ਵੇਲੇ ਕੰਮ ਕਰ ਰਹੇ ਹਨ। ਇਹ ਦੋਵੇਂ ਯੂਨਿਟ ਵੀ ਆਪਣੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਦੇ ਯੂਨਿਟ ਨੰਬਰ-2 ਦਾ ਬੁਆਇਲਰ ਖ਼ਰਾਬ ਹੋ ਗਿਆ ਹੈ। ਇਹ ਬੁਆਇਲਰ ਤਕਨੀਕੀ ਨੁਕਸ ਪੈਣ ਕਾਰਨ ਕੱਲ੍ਹ ਤੋਂ ਬੰਦ ਪਿਆ ਹੈ, ਜੋ ਅੱਜ ਵੀ ਠੀਕ ਨਹੀਂ ਹੋ ਸਕਿਆ ਹੈ। ਇਸ ਦੇ ਯੂਨਿਟ ਨੰਬਰ-1 ਅਤੇ ਯੂਨਿਟ ਨੰਬਰ-3 ਆਪਣੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤਾਪ ਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ। ਇੱਥੋਂ ਅੱਜ ਸ਼ਾਮ ਵੇਲੇ ਸਿਰਫ਼ 840 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਸੀ।
ਇਸੇ ਤਰ੍ਹਾਂ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਹੋ ਗਏ ਹਨ। ਇਸ ਪਲਾਂਟ ਦੀ ਕੁੱਲ ਸਮਰੱਥਾ 540 ਮੈਗਾਵਾਟ ਹੈ। ਦੱਸਿਆ ਗਿਆ ਹੈ ਕਿ ਇਹ ਤਾਪ ਘਰ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਹੈ।
ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪ ਘਰ ਜੀਐਚਟੀਪੀ ਲਹਿਰਾ ਮੁਹੱਬਤ ਦੇ ਚਾਰ ਵਿੱਚੋਂ ਦੋ ਯੂਨਿਟ ਬੰਦ ਹਨ। ਇਸ ਦੇ ਯੂਨਿਟ ਨੰਬਰ-1 ਵੱਲੋਂ 158 ਅਤੇ ਯੂਨਿਟ-3 ਵੱਲੋਂ 212 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ ਜਦੋਂਕਿ ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ ਜੀਜੀਐਸਐਸਟੀਪੀ ਰੋਪੜ ਤਾਪ ਘਰ ਦੇ ਛੇ ਵਿੱਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਹਨ, ਬਾਕੀਆਂ ਵਿੱਚੋਂ ਯੂਨਿਟ ਨੰਬਰ-4 ਅਤੇ 5 ਵੀ ਬੰਦ ਹੋ ਗਏ ਹਨ। ਇਸ ਦੇ ਯੂਨਿਟ ਨੰਬਰ-3 ਵੱਲੋਂ 159 ਅਤੇ ਯੂਨਿਟ ਨੰਬਰ-6 ਵੱਲੋਂ 161 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। 840 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ ਵੱਲੋਂ ਅੱਜ ਲਗਭਗ 320 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ।
ਪ੍ਰਾਈਵੇਟ ਸੈਕਟਰ ਦੇ ਇੱਕ ਹੋਰ ਤਾਪ ਘਰ ਐਲਐਂਡਟੀ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਵੱਲੋਂ 668 ਅਤੇ ਯੂਨਿਟ ਨੰਬਰ-2 ਵੱਲੋਂ 657 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ। ਇਸ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ।
ਬੁਆਇਲਰ ਅੱਜ ਠੀਕ ਹੋਣ ਦੀ ਆਸ
ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖ਼ਰਾਬ ਹੋਇਆ ਬੁਆਇਲਰ ਭਲਕ ਤੱਕ ਠੀਕ ਹੋਣ ਦੀ ਉਮੀਦ ਹੈ। ਦੂਜੇ ਪਾਸੇ ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਤਿੰਨ ਦਿਨ ਦਾ ਹੀ ਕੋਲਾ ਬਚਿਆ ਹੈ, ਜਦਕਿ ਰੋਪੜ ਕੋਲ 10, ਲਹਿਰਾ ਮੁਹੱਬਤ ਕੋਲ ਸੱਤ ਦਿਨ ਅਤੇ ਰਾਜਪੁਰਾ ਤਾਪ ਘਰ ਕੋਲ 16 ਦਿਨ ਦੇ ਕੋਲੇ ਦਾ ਭੰਡਾਰ ਮੌਜੂਦ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly