(ਸਮਾਜ ਵੀਕਲੀ)
ਯਾਦ ਕਰ
ਬੀਨ ਵਜਾ
ਕਿਵੇਂ ਕੱਢਦਾ ਹੁੰਦਾ ਸੀ
ਵੰਨ ਸੁਵੰਨੇ ਸੱਪ
ਲੁਕੇ, ਡੂੰਘੀਆਂ ਖੁੱਡਾਂ ਵਿੱਚ
ਡਕਾਰ ਕੇ ਪਰਾਏ ਹੱਕ
ਮਜਬੂਰ ਕਰ ਦੇੰਦਾ ਸੀ
ਸੁਰੰਗਾ ਚੋਂ ਬਾਹਰ ਆਉਣ ਨੂੰ
ਅਚਾਨਕ ਨਿਗ੍ਹਾ ਪਈ ਸੀ ਤੇਰੀ
ਕਿਸੇ ਦਰਖ਼ਤ ਦੇ ਤਣੇ ਨਾਲ ਲਿਪਟੀ
ਜ਼ਖ਼ਮੀ ਹੋਈ, ਇੱਕ ਨਾਗਣੀ ਤੇ
ਕੋਸ਼ਿਸ਼ ਕੀਤੀ ਤੂੰ
ਉਹਨੂੰ ਉੱਥੋਂ ਭਜਾਉਣ ਦੀ
ਪਰ ਨਾ ਉਹ ਦਰਖ਼ਤ ਉੱਤੇ ਚੜ੍ਹੀ
ਨਾ ਕਿਸੇ ਪਾਤਾਲ ਚ ਵੜੀ
ਬੱਸ ਅਡੋਲ ਰਹੀ
ਜਿਵੇਂ ਰੀਂਗਣਾ ਵੀ ਭੁੱਲ ਗਈ ਹੋਵੇ
ਪਤਾ ਨਹੀਂ ਤਣੇ ਨੇ ਉਹਨੂੰ
ਜਾਂ ਉਹਨੇ ਤਣੇ ਨੂੰ ਜਕੜ ਰੱਖਿਆ ਸੀ
ਤੂੰ ਘਰ ਪਰਤ ਆਇਆ ਸੀ
ਬਾਰ ਬਾਰ ਤੇਰੇ ਜ਼ਿਹਨ ਚ
ਉਸਦੀ ਡਰੀ ਸਹਿਮੀ ਤਸਵੀਰ ਘੁੰਮ ਜਾਂਦੀ
ਸੋਚਦਾ, ਲੈ ਆਵਾਂ ਨਾਲ ਉਹਨੂੰ
ਛੱਡ ਪਰੇ , ਕੌਣ ਵਖਤਾਂ ਚ ਪਊ
ਕਹਿ ਕੇ ਧਿਆਨ ਫੇਰ ਵਟਾ ਲੈਂਦਾ
ਇਸੇ ਦੁਚਿੱਤੀ ਵਿੱਚ
ਵਾਪਸ ਪਹੁੰਚ ਗਿਆ ਸੀ
ਉਸੇ ਦਰਖ਼ਤ ਕੋਲ
ਬੜੇ ਪਿਆਰ ਨਾਲ
ਆਪਣੀ ਬੁੱਕਲ਼ ਚ ਲਕੋ
ਲੈ ਆਇਆ ਸੀ ਨਾਲ
ਹਰ ਰੋਜ਼ ਦਿਨ ਚ ਕਿੰਨੀ ਵਾਰ
ਉਹ ਤੈਨੂੰ ਡੰਗਦੀ
ਤੇਰੇ ਰੋਮ ਰੋਮ ਵਿੱਚ
ਰੱਚ ਗਿਆ ਸੀ
ਜ਼ਹਿਰ ਉਸ ਦਾ
ਕਿਹੋ ਜਿਹਾ ਜ਼ਹਿਰ ਐ ਇਹ
ਜਿਹੜਾ ਜ਼ਹਿਰੀਲਾ ਨਹੀਂ ,
ਮਾਰਦਾ ਨਹੀਂ , ਜੀਵਾਉਂਦਾ ਐ
ਤੂੰ ਸੋਚਦਾ ਤੇ ਹੱਸ ਪੈਂਦਾ।
ਏ ਕੇਹਾ ਜ਼ਹਿਰ ਐ?
ਜੋ ਜਿਉਣ ਬਣ ਗਿਆ ਐ!
ਇਹ ਜ਼ਹਿਰ ਨਹੀਂ
ਜ਼ਿੰਦਗੀ ਐ!
ਬੌਬੀ ਗੁਰ ਪਰਵੀਨ