HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

ਮੂਲ਼ ਚੰਦ ਸ਼ਰਮਾਂ

 (ਸਮਾਜ ਵੀਕਲੀ) 

ਸਾਡੇ ਪਿੰਡਾਂ ਨੂੰ
—————-
ਮੇਰੇ ਪਿੰਡ ਨੂੰ ਨਜ਼ਰ ,
ਕਿਸੇ ਦੀ ਲੱਗੀ ਲਗਦੀ ਐ ।
ਕਿਸੇ ਸ਼ਹਿਰ ਨੇ ਇਸ ਨਾਲ਼ ,
ਮਾਰੀ ਠੱਗੀ ਲਗਦੀ ਐ ।
ਰੋਟੀ ਕੱਪੜਾ ਤੇ ਛੱਤ ,
ਦਿੰਦਾ ਹੈ ਇਹ ਸ਼ਹਿਰਾਂ ਨੂੰ ;
ਏਸ ਦੇ ਤਨ ‘ਤੇ ਐਪਰ ,
ਪਾਟੀ ਝੱਗੀ ਲਗਦੀ ਐ ।

ਪਿਓ ਹੁੰਦਾ ਹੈ ਪਿਓ ਓ ਦੁਨੀਆਂ ਵਾਲਿਓ
——————————————-
ਇੱਕੋ ਦਿਨ ਨਈਂ ਹੁੰਦਾ ਬਾਪੂ ਦਾ ,
ਪਿਓ ਦਾ ਤਾਂ ਹਰ ਇੱਕ ਦਿਨ ਹੁੰਦੈ ।
ਜਾਂ ਫ਼ਿਰ ਤੁਸੀਂ ਦੱਸੋ ਕਿ ਕਿਹੜੀ ਰਾਤ,
ਕਿਹੜਾ ਦਿਵਸ ਤਾਂ ਬਾਪੂ ਬਿਨ ਹੁੰਦੈ ।
ਭਾਵੇਂ ਲੱਖਾਂ ਈ ਚਾਚੇ ਤਾਏ ਹੋਣ ,
ਪਰ ਬਾਪੂ ਦੀ ਥਾਵੇਂ ਨਾ ਖੜ੍ਹ ਸਕਦੇ ;
ਇੱਕ ਬਾਪੂ ਤੋਂ ਬਿਨਾਂ ਪਹਾੜ ਜਿੱਡਾ ,
ਹਰ ਇੱਕ ਪਲ ਹੁੰਦੈ ਹਰ ਛਿਣ ਹੁੰਦੈ ।

ਸੁਣਿਐਂ ਅੱਜ ਸੰਗਰਾਂਦ ਹੈ
—————————
ਚੜ੍ਹਦੇ ਹਾੜ ਮਹੀਨੇ ,
ਕਣੀਆਂ ਆ ਗਈਆਂ ।
ਮਿੱਟੀ ਨੂੰ ਖ਼ੁਸ਼ਬੋਆਂ ,
ਵੰਡਣ ਲਾ ਗਈਆਂ ।
ਜਿਹੜੀ ਅੱਗ ਲਾਈ ਸੀ ,
ਜੇਠ ਪਤੰਦਰ ਨੇ ;
ਕੁੱਝ ਨਾ ਕੁੱਝ ਤਾਂ ਰਾਹਤ ,
ਪੱਲੇ ਪਾ ਗਈਆਂ ।

ਪੰਜ-ਆਬ ਦੀ ਵੰਡ ਤੋਂ ਪਹਿਲਾਂ
——————————–
ਸਾਡੇ ਦੇਸ਼ ਦੇ ਬਾਗ਼ ਦਾ ਵੱਖਰਾ ,
ਸਾਬ੍ਹ ਕਿਤਾਬ ਹੁੰਦਾ ਸੀ ।
ਬਾਕੀਆਂ ਫੁੱਲਾਂ ਤੋਂ ਵੱਧ ਸੋਹਣਾ ,
ਫੁੱਲ ਗੁਲਾਬ ਹੁੰਦਾ ਸੀ ।
ਸੁਣਿਐਂ ਪੰਜ ਦਰਿਆਵਾਂ ਕੰਢੇ ,
ਲਹਿਰਾਂ ਬਹਿਰਾਂ ਹੁੰਦੀਆਂ ਸਨ ;
ਦੋਵਾਂ ਖੰਡਰਾਂ ਦੀ ਥਾਂ ਰੰਗਲਾ ,
ਇੱਕੋ ਪੰਜਾਬ ਹੁੰਦਾ ਸੀ ।

ਕੁੱਜੀ ਵਿੱਚ ਸਮੁੰਦਰ
———————
ਜਿੰਨੀਂ ਕੁ ਰਚਨਾ ਛੋਟੀ ਹੋਊ ,
ਓਨੇਂ ਚਾਅ ਨਾਲ਼ ਪੜ੍ਹੀ ਜਾਊ ।
ਜੇ ਤੋਲ ਤੁਕਾਂਤ ‘ਚ ਫ਼ਰਕ ਹੋਊ ,
ਤਾਂ ਬੋਲਣ ਮੌਕੇ ਅੜੀ ਜਾਊ ।
ਜਿਓਂ ਜਿਓਂ ਪਾਣੀ ਹੇਠਾਂ ਜਾਊ ,
ਖੂਹ ਨੂੰ ਡੂੰਘਾ ਕਰਦਾ ਰਹੀਂ ;
ਹਰ ਤੁਣਕੇ ਨਾਲ਼ ਤੇਰੀ ਗੁੱਡੀ ,
ਹੋਰ ਉਚੇਰੀ ਚੜ੍ਹਦੀ ਜਾਊ ।

ਕਿਰਤੀ ਕਾਮਿਆਂ ਦਾ ਯੋਗਾ
—————————–
ਯੋਗ ਦਿਵਸ ਚੋਚਲੇ ਵਿਹਲਿਆਂ ਦੇ ,
ਕਿਰਤੀ ਦਾ ਨਿੱਤ ਹੀ ਯੋਗ ਹੁੰਦਾ ।
ਜੋ ਮਿਲਿਆ ਹੁੰਦੈ ਪੁਰਖਿਆਂ ਤੋਂ ,
ਐਪਰ ਨਿੱਤ ਨਵਾਂ ਪ੍ਰਯੋਗ ਹੁੰਦਾ ।
ਤਾਂ ਹੀ ਸ਼ੂਗਰ ਬੀ ਪੀ ਅਤੇ ਮੋਟਾਪਾ ,
ਡਰਦੇ ਨਾ ਨੇੜੇ ਲੱਗਣ ਕਦੇ ;
ਐਪਰ ਵਿਹਲੜ ਜਨਤਾ ਦਾ ਮਿੱਤਰ ,
ਹਰ ਗ਼ਮ ਹੁੰਦਾ ਹਰ ਰੋਗ ਹੁੰਦਾ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

 

 

 

Previous articleਆਦਿਵਾਸੀਆਂ ਅਤੇ ਇਨਕਲਾਬੀਆਂ ਦੇ ਕਤਲੇਆਮ ਖ਼ਿਲਾਫ਼ 28 ਜੂਨ ਕਨਵੈਨਸ਼ਨ ਤੇ ਪੁੱਜਣਗੇ ਲੋਕ- ਕਾਫ਼ਲੇ
Next articleसोना, स्याही और क्रांति: इयोथी थास और ‘ओरु पैसा तमिलन’ जागरण