HOME ਆਦਿਵਾਸੀਆਂ ਅਤੇ ਇਨਕਲਾਬੀਆਂ ਦੇ ਕਤਲੇਆਮ ਖ਼ਿਲਾਫ਼ 28 ਜੂਨ ਕਨਵੈਨਸ਼ਨ ਤੇ ਪੁੱਜਣਗੇ ਲੋਕ-...

ਆਦਿਵਾਸੀਆਂ ਅਤੇ ਇਨਕਲਾਬੀਆਂ ਦੇ ਕਤਲੇਆਮ ਖ਼ਿਲਾਫ਼ 28 ਜੂਨ ਕਨਵੈਨਸ਼ਨ ਤੇ ਪੁੱਜਣਗੇ ਲੋਕ- ਕਾਫ਼ਲੇ

ਜਲੰਧਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਵਿਸ਼ੇਸ਼ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਚੜ੍ਹਦੇ ਸੂਰਜ ਕਮਿਊਨਿਸਟ ਇਨਕਲਾਬੀਆਂ (ਮਾਓਵਾਦੀਆਂ) ਅਤੇ ਆਦਿਵਾਸੀਆਂ ਨੂੰ ਵੱਡੀ ਪੱਧਰ ਤੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਭਾਜਪਾ ਹਕੂਮਤ ਦੇ ਥਾਪੜੇ ਸਦਕਾ ਕਤਲ ਕਰਨ ਦੇ ਘਿਨਾਉਣੇ ਕਾਰਿਆਂ ਖ਼ਿਲਾਫ਼ 28 ਜੂਨ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਹਾਲ ‘ਚ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋ ਰਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਵਿੱਚ ਲੋਕ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣਗੇ। ਅੱਜ ਤਿਆਰੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ‘ਚ ਪਾਸ਼ ਕੀਤੇ ਵਿਸ਼ੇਸ਼ ਮਤੇ ਰਾਹੀਂ ਭਾਜਪਾ ਦੀ ਕੇਂਦਰੀ ਹਕੂਮਤ ਉਪਰ ਦੋਸ਼ ਲਾਇਆ ਗਿਆ ਕਿ ਉਹ ਸਾਰੀਆਂ ਸੰਵਿਧਾਨਕ ਮਰਿਆਦਾਵਾਂ ਨੂੰ ਤਿਲਾਂਜਲੀ ਦੇ ਕੇ ਸ਼ਰੇਆਮ ਕਤਲੇਆਮ ਕਰਨ, ਲੋਥਾਂ ਉੱਪਰ ਭੰਗੜਾ ਪਾਉਣ ਅਤੇ ਕਾਤਲਾਂ ਨੂੰ ਇਨਾਮ ਸਨਮਾਨ ਦੇਕੇ ਜ਼ਸ਼ਨ ਮਨਾਏ ਜਾ ਰਹੇ ਹਨ। ਅਜਿਹੇ ਵਰਤਾਰੇ ਖਿਲਾਫ਼ ਮੁਲਕ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਲਈ ਮੈਦਾਨ ਵਿੱਚ ਆਉਣ ਦੀ ਲੋੜ ਹੈ। ਮੀਟਿੰਗ ਦੇ ਫੈਸਲੇ ਮੁਤਾਬਕ ਇਸ ਕਨਵੈਨਸ਼ਨ ਦੀ ਤਿਆਰੀ ਮੁਹਿੰਮ ਵਿੱਚ ਸਿਰ ਜੋੜਨ ਲਈ ਪੰਜਾਬ ਭਰ ਦੀਆਂ ਸਮੂਹ ਲੋਕ ਪੱਖੀ ਸੰਸਥਾਵਾਂ ਨੂੰ ਲਿਖ਼ਤੀ ਅਤੇ ਜਨਤਕ ਬੁਲਾਵਾ ਭੇਜਿਆ ਜਾ ਰਿਹਾ ਹੈ । ਜਨਤਕ ਜਮਹੂਰੀ ਜੱਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਅੰਦਰ ਬਣੀਆਂ ਸ਼ਹੀਦੀ ਯਾਦਗਾਰ ਕਮੇਟੀਆਂ ਅਤੇ ਵੱਖ ਵੱਖ ਨਾਵਾਂ ਹੇਠ ਕੰਮ ਕਰਦੀਆਂ ਸੰਸਥਾਵਾਂ ਨੂੰ ਉਚੇਚੇ ਤੌਰ ਤੇ ਪਹੁੰਚ ਕਰਕੇ ਸਮਾਗਮ ਵਿੱਚ ਇਹ ਉਤਸ਼ਾਹਜਨਕ ਅਤੇ ਸਾਰਥਕ ਹੁੰਗਾਰਾ ਭਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਿੰਡਾਂ ਦੀਆਂ ਇਹ ਕਮੇਟੀਆਂ ਆਪਣੇ ਬੈਨਰ, ਝੰਡੇ ਅਤੇ ਮਾਟੋ ਲੈ ਕੇ ਨਾਅਰੇ ਮਾਰਦੇ ਕਾਫ਼ਲੇ ਸਮਾਗਮ ਵਿੱਚ ਸ਼ਾਮਲ ਹੋਣਗੀਆਂ। ਇਸ ਕਨਵੈਨਸ਼ਨ ਨੂੰ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ ਅਤੇ ਡਾ. ਪਰਮਿੰਦਰ ਸਿੰਘ ਸੰਬੋਧਨ ਕਰਨਗੇ। ਅੱਜ ਦੀ ਮੀਟਿੰਗ ‘ਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਮੰਗਤ ਰਾਮ ਪਾਸਲਾ, ਗੁਰਮੀਤ ਅਤੇ ਹਰਵਿੰਦਰ ਭੰਡਾਲ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਵਿਧਾਨ ਬਚਾਓ ਰੈਲੀ ਨੂੰ ਲੈ ਕੇ ਕਾਂਗਰਸ ਵਿੱਚ ਉਤਸ਼ਾਹ, ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਵਿੱਚ ਕੌਂਸਲਰਾਂ ਨੇ ਦਿਖਾਈ ਇਕਜੁੱਟਤਾ
Next articleਕਵਿਤਾਵਾਂ/ਮੂਲ ਚੰਦ ਸ਼ਰਮਾ