ਕਵਿਤਾ

ਸ਼ਿਵਾਲੀ ਲਹਿਰਾਗਾਗਾ
(ਸਮਾਜ ਵੀਕਲੀ)
ਉਹ ਦਿਨ
ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ,
ਓਹਦਾ ਬੇਬਾਕ ਹੱਸਣਾ,
ਮੇਰਾ ਓਹਨੂੰ ਖਿਝ ਕੇ ਵੇਖਣਾ
ਯਾਦ ਹੈ ਮੈਨੂੰ
ਓਹ ਥਾਂ ,
ਜਿੱਥੇ ਅਸੀਂ ਮਿਲ ਕੇ ਵੀ
ਮਿਲੇ ਨਹੀਂ ਸੀ
ਹੌਲ਼ੀ ਹੌਲ਼ੀ
ਓਹੀ ਚੇਹਰਾ ਮੇਰੀ
ਜਾਨ ਬਣ ਗਿਆ
ਜਿਹਦੇ ਖੁੱਲ੍ਹੇ ਸੁਭਾਅ ਨੂੰ ਵੇਖ ਕੇ
ਚਿੜਦੀ ਸੀ ਮੈਂ
ਯਾਦ ਹੈ ਮੈਨੂੰ
ਓਹਦਾ ਇੱਕ ਪਲ ਵੀ
ਦੇਰ ਨਾਲ ਆਉਣਾ
ਮੈਨੂੰ ਕਿੰਨਾ ਬੇਚੈਨ ਕਰਦਾ ਸੀ
ਓਹਦੇ ਹਾਸੇ, ਓਹਦੇ ਬੋਲ
ਓਹਦੀਆਂ ਸ਼ਰਾਰਤਾਂ
ਓਹਦੇ ਕਲੋਲ
ਕਿੰਨੀ ਖੁਸ਼ ਹੁੰਦੀ ਸੀ ਮੈਂ
ਜਦੋਂ ਉਹ ਕੋਲ਼ ਹੁੰਦਾ ਸੀ
ਯਾਦ ਹੈ ਮੈਨੂੰ
ਓਹਦੇ ਬਿਨ ਗੁਜ਼ਾਰੇ ਦਿਨ
ਕਿੰਝ ਲੁਕ ਲੁਕ ਰੋ ਰੋ
ਲੰਘਾਉਂਦੀ ਸੀ ਮੈਂ
ਮੇਰੇ ਲਈ ਓਹਦਾ ਪਿਆਰ ਵੇਖ
ਮੈਥੋਂ ਪਿੱਛੇ ਨਾ ਮੁੜ ਹੋਇਆ
ਮੈਂ ਤਾਂ ਜ਼ੇਰਾ ਕਰਕੇ
ਡਟ ਗਈ ਜ਼ਮਾਨੇ ਅੱਗੇ
ਮਨਾ ਕੇ ਹਟੀ ਅਸੂਲੀ ਪਹਿਰੇਦਾਰਾਂ ਨੂੰ
ਯਾਦ ਹੈ ਮੈਨੂੰ
ਓਹ ਬਗਾਵਤ ਵਾਲ਼ੇ ਦਿਨ
ਕੀ ਹਾਲ ਸੀ ਸਾਡਾ
ਇਕ ਦੂਜੇ ਦੀ ਤਾਂਘ ਵਿੱਚ
ਇਸ਼ਕ ਜਿਨ੍ਹਾਂ ਦੇ ਵੀ
ਹੱਡੀਂ ਰਚ ਜਾਵੇ
ਓਹ ਨਹੀਂ ਫ਼ੇਰ ਮੋੜਿਆ ਮੁੜਦੇ
ਓਹਨਾਂ ਦੇ ਤਾਂ ਸਾਂਹ ਵੀ
ਇਕ ਦੂਜੇ ਦੇ ਸਾਂਹ ਨਾਲ ਚੱਲਦੇ
ਯਾਦ ਹੈ ਮੈਨੂੰ
ਓਹ ਵਾਦਾ, ਜੋ ਮੈਂ ਆਪਣੇ ਆਪ ਨਾਲ ਕੀਤਾ ਸੀ
ਜੀਣਾ ਹੈ ਤਾਂ ਬਸ ਓਹਦੀ ਹੋ ਕੇ
ਨਹੀਂ ਤਾਂ ਨਹੀਂ
ਸ਼ਿਵਾਲੀ ਲਹਿਰਾਗਾਗਾ
Previous articleਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਲੇਖਕ ਤਜਿੰਦਰ ਸਿੰਘ ਮਵੀ ਅਵਾਰਾ ਕੁੱਤਿਆਂ ਨੇ ਵੱਢਿਆ
Next article108 ਡਿਗਰੀ ਦਾ ਬੁਖਾਰ