ਬਾਬਾ ਸਾਹਿਬ ਦੇ ਬੁੱਤ ਦਾ ਉਦਘਾਟਨ ਅੰਬੇਡਕਰ ਭਵਨ ‘ਚ 14 ਨੂੰ
ਹੰਸ ਰਾਜ ਸਾਂਪਲਾ ਯੂਕੇ ਕਰਨਗੇ ਉਦਘਾਟਨ
ਜਲੰਧਰ (ਸਮਾਜ ਵੀਕਲੀ ਯੂ ਕੇ): ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਚੇਅਰਮੈਨ ਸ੍ਰੀ ਸੋਹਨ ਲਾਲ, ਸਾਬਕਾ ਡੀਪੀਆਈ ਕਾਲਜਾਂ ਨੇ ਦੱਸਿਆ ਕਿ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਬਾਬਾ ਸਾਹਿਬ ਦਾ ਸਟੈਚੂ (ਬਸਟ) ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 14 ਅਪ੍ਰੈਲ ਨੂੰ ਸ੍ਰੀ ਹੰਸ ਰਾਜ ਸਾਂਪਲਾ ਯੂਕੇ ਦੁਆਰਾ ਕੀਤਾ ਜਾਵੇਗਾ। ਇਹ ਸਟੈਚੂ ਸਮਰਪਤ ਅੰਬੇਡਕਰੀ ਸ੍ਰੀ ਹੰਸ ਰਾਜ ਸਾਂਪਲਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੀਤੋ ਜਸਲ ਸਾਂਪਲਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਡਾ. ਹਰਬੰਸ ਵਿਰਦੀ ਲੰਡਨ ਯੂਕੇ ਦਾ ਵਿਸ਼ੇਸ਼ ਯੋਗਦਾਨ ਹੈ। ਯਾਦ ਰਹੇ ਕਿ 27 ਅਕਤੂਬਰ, 1951 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਇਸ ਜਗ੍ਹਾ ਆਏ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਿਤ ਹੋਏ ਸਨ। ਹੁਣ ਇਸ ਇਤਿਹਾਸਿਕ ਸਥਾਨ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨਛੋਹ-ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਸਟੈਚੂ ਲਗਾ ਕੇ ਇਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਨੇ ਸਭ ਨੂੰ ਅਪੀਲ ਕਰਕੇ ਕਿਹਾ ਹੈ ਕਿ 14 ਅਪ੍ਰੈਲ ਨੂੰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਆ ਕੇ ਇਸ ਵਿਸ਼ੇਸ਼ ਈਵੈਂਟ ਦਾ ਹਿੱਸਾ ਬਣੋ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਸਮਾਗਮ ਵਿੱਚ ਬੁੱਧੀਜੀਵੀਆਂ ਦੇ ਵਿਚਾਰ ਸੁਣੋ। ਇਸ ਮੌਕੇ ਡਾ. ਜੀ. ਸੀ. ਕੌਲ, ਡਾ. ਸੁਰਿੰਦਰ ਅਜਨਾਤ, ਬਲਦੇਵ ਰਾਜ ਭਾਰਦਵਾਜ, ਚਰਨਦਾਸ ਸੰਧੂ, ਕਮਲਸ਼ੀਲ ਬਾਲੀ,ਹਰਮੇਸ਼ ਜਸਲ, ਡਾ. ਤਰਸੇਮ ਸਾਗਰ, ਐਡਵੋਕੇਟ ਯੱਗਿਆਦੀਪ, ਪ੍ਰੋ. ਬਲਬੀਰ, ਪਰਮਿੰਦਰ ਸਿੰਘ ਖੁਤਨ, ਜਸਵਿੰਦਰ ਵਰਿਆਣਾ, ਮਹਿੰਦਰ ਸੰਧੂ ਹਾਜਰ ਸਨ । ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ, ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ,
ਵਿੱਤ ਸਕੱਤਰ,
ਅੰਬੇਡਕਰ ਭਵਨ ਟਰੱਸਟ (ਰਜਿ.)



