ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਜਦੋਂ ਅਸੀਂ ਛੋਟੇ ਹੁੰਦੇ ਸੀ।ਸਾਰਾ ਦਿਨ ਵਧੀਆ ਮੌਜ ਮਸਤੀ ‘ਚ ਲੰਘਦਾ।ਸ਼ਾਮ ਦੀ ਰੋਟੀ ਕਦੇ ਖਾਧੀ ਹੁੰਦੀ ਤੇ ਕਦੇ ਖਾਣੀ ਹੁੰਦੀ।ਪਿੰਡ ‘ਚ ਚੀਕ-ਚਿਹਾੜਾ ਜਾ ਪੈਣਾ।ਰੋਟੀ ਖਾਂਦੇ-ਖਾਂਦੇ ਵਿਚਾਲੇ ਛੱਡ ਕੇ ਛੱਤ ਤੇ ਜਾ ਚੜਨਾ।ਫੇਰ ਘੰਟਾ-ਅੱਧਾ ਘੰਟਾ ਲਾਈਵ ਸ਼ੋਅ ਚਲਦਾ।ਡਾਂਗ ਤੇ ਡਾਂਗ ਵੱਜਦੀ।ਗੰਡਾਸੇ ਦਾ ਉੱਕਿਆ ਵਾਰ ਕੰਧ ‘ਚ ਵੱਜਦਾ।ਵੰਨ-ਸਵੰਨਾ ਗਾਲ-ਦੁੱਪੜ ।ਰੌਲਾ ਦੋ ਬੰਦਿਆਂ ਦਾ।ਦੋ ਸ਼ਰਾਬੀਆਂ ਦਾ।ਗਾਲਾਂ ਦਾ ਮੀਂਹ ਧੀਆਂ-ਭੈਣਾਂ ਤੇ ਵਰਦਾ।ਫੇਰ ਪਿੰਡ ਦੇ ਸਿਆਣੇ ਬੰਦੇ ਸਮਝਾ-ਬੁਝਾ ਕੇ ਘਰਾਂ ਨੂੰ ਤੋਰ ਦਿੰਦੇ।ਕੋਠਿਆਂ,ਛੱਤਾਂ ਤੋਂ ਉਤਰ ਕੇ ਲੋਕ ਫੇਰ ਰੋਟੀ ਦੁਆਲੇ ਹੋ ਜਾਂਦੇ ।ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।ਸਾਰਾ ਪਿੰਡ ਸੁਸਰੀ ਵਾਂਗ ਸੌਂ ਜਾਂਦਾ।ਸ਼ਕਤੀ ਵਾਲੇ ਪਾਣੀ ਦਾ ਕਾਰਾ ਤੜਕੇ ਸ਼ਰਮਸਾਰ ਕਰਦਾ।ਇੱਕ-ਦੋ ਦਿਨ ਕਿਸੇ ਦੇ ਮੱਥੇ ਨਾ ਲੱਗਦੇ।ਨਾ ਠਾਣਾ।ਨਾ ਕਚਹਿਰੀ।ਨੇ ਨਿੰਦਿਆ,ਨਾ ਚੁਗਲੀ।ਤੂੰ ਮੇਰਾ ਬਾਈ,ਮੈਂ ਤੇਰਾ ਬਾਈ।ਸਧਾਰਨ ਲੋਕਾਂ ਦੀ ਸਧਾਰਨ ਲੜਾਈ।
ਤੇਜਾ ਸਿਉਂ ਮਾਸਟਰ ਨੇ ਫੇਰ ਇੱਕ ਤਰਕ ਘੜਿਆ।ਕਹਿੰਦਾ ਦੇਖੋ ਲੋਕੋ!! ਕਿੰਨ੍ਹਾਂ ਫਰਕ ਐ??
ਲੋਕ ਪੁੱਛਦੇ ਮਾਸਟਰ ਜੀ ਕਾਹਦਾ??
ਕਾਹਦਾ -ਕੂਹਦਾ ਕਿਹੜਾ ?? ਪੜ੍ਹਿਆ-ਲਿਖਿਆ ਦਾ।ਇਲਾਕੇ ਦਾ।ਵਿੱਦਿਆ ਦਾ।ਮੈਂ ਲੁਧਿਆਣੇ ਵੱਲ ਗਿਆ।ਤੜਕੇ ਉੱਠ ਕੇ ਬਾਹਰ ਤੋਰਾ-ਫੇਰਾ ਕਰਨ ਦਾ ਮਨ ਹੋਇਆ।ਜਿਹੜਾ ਵੀ ਬੰਦਾ ਖੇਤ ਨੂੰ ਜਾਂਦਾ ਮਿਲੇ,ਹੱਥ ‘ਚ ਖੇਤੀਬਾੜੀ ਆਲਿਆਂ ਦਾ ਰਸਾਲਾ।ਮੈਂ ਸੋਚਿਆ ਮਨਾ!!! ਬਹੁਤ ਫਰਕ ਐ।ਸਾਡੇ ਆਲੇ ਖੇਤ ਜਾਂਦੇ ਵੀ ਮੋਟੇ ਤੇ ਗੰਡਾਸਾ ਰੱਖਦੇ।ਅਸੀਂ ਇਹਨਾਂ ਤੋਂ ਬਹੁਤ ਪਿੱਛੇ ਨਾ ਹੋਏ??ਜੰਗਲੀ ਲੋਕ।
ਜ਼ਮਾਨੇ ਨੇ ਕਰਵੱਟ ਬਦਲੀ।ਸਾਡੇ ਜਵਾਕ ਵੀ ਪੜ੍ਹਨ- ਲਿਖਣ ਲੱਗੇ।ਤਰੱਕੀਆਂ ਕਰਨ ਲੱਗੇ।ਲੋਕਾਂ ਨੇ ਸਾਡਾ ਤੁਖੱਲਸ਼ ਜੰਗਲੀ ਤੋਂ ਪਛੜੇ ਕਰ ਦਿੱਤਾ ।ਚੱਲੋ ਭਾਈ !!ਹੌਲੀ-ਹੌਲੀ ਫਰਕ ਪੈਂਦਾ,ਪੈ ਜਾਂਦੈ ।ਜਵਾਕ ਸਿਆਣੇ ਹੋ ਗਏ। ਪਰ ਸਿਆਣੇ ਲੋਕ , ਇਹ ਵੀ ਕਹਿੰਦੇ ਆ ਖੂਨ ਚੋਂ ਬੀਜ਼ ਨਾਸ਼ ਨੀ ਹੁੰਦਾ।ਗੰਡਾਸਿਆਂ,ਰੈਫਲਾਂ ਵਾਲੇ ਵੀ ਜ਼ਮਾਨੇ ਦੀ ਪੈੜ ‘ਚ ਪੈੜ ਧਰਨ ਲੱਗੇ।ਪਿੰਡਾਂ ਚੋਂ ਲੜਾਈ ਝਗੜੇ ਖਤਮ ਹੋਣ ਲੱਗੇ।ਆ ਜਦੋਂ ਦੇ ਮਬੈਲ ਆਏ ਸਾਡੇ ਜਵਾਕਾਂ ਦਾ ਤਾਂ ਖੂਨ ਹੀ ਠੰਡਾ ਹੋ ਗਿਆ।ਬੁਰਾ ਨਾ ਮਨਾਇਓ। ਊਂ ਇੱਕ ਗੱਲੋਂ ਚੰਗਾ ਵੀ ਹੋਇਆ।ਭਲਾ ਸਾਡੇ ਪੁਰਖਿਆਂ ਨੇ ਲੜਾਈ, ਝਗੜਿਆਂ ਠਾਣਿਆਂ,ਕਚਹਿਰੀਆਂ ਚੋਂ ਸਿਵਾਏ ਖੱਜਲ-ਖੁਆਰੀ ਦੇ ਖੱਟਿਆ ਵੀ ਕੀ ਐ??
ਖੂਨ ਉਬਾਲੇ ਮਾਰਨ ਵਾਲੇ ਯੋਧਿਆਂ ਨੂੰ ਤੁਸੀਂ ਗਲੀਆਂ,ਸੱਥਾਂ,ਖੂਹਾਂ , ਟੋਭਿਆਂ, ਨੱਕਿਆਂ ਤੇਂ ਖੂਨ ਵਹਾਉਂਦੇ ਦੇਖਿਆ ਕਦੇ??ਨਹੀਂ ਨਾ।ਕਿਉਂ ਭਲਾ?? ਭਰਾਵੋ ਸਾਡੇ ਯੋਧਿਆਂ ਦੇ ਹੱਥ ਜਦੋਂ ਦਾ ਇਹ ਮਬੈਲ ਆਇਆ ਇਹ ਸਿਆਣੇ ਹੋ ਗਏ।ਹੁਣ ਤਾਂ ਉਹ ਗੱਲ ਹੋਈ ਪਈ ਆ,” ਧੀਏ ਗੱਲ ਸੁਣ,ਨੂੰਹੇ ਕੰਨ ਕਰ।” ਇਹ ਹੁਣ ਖੂਨੀ ਯੁੱਧ ਨਹੀਂ,ਸੀਤ ਯੁੱਧ ਲੜ੍ਹਦੇ ਆ।ਕਿਸੇ ਨੂੰ ਗੱਲ ਕਹਿਣੀ ਹੋਵੇ।ਗੁੱਸਾ-ਗਿਲ੍ਹਾ ਕੱਢਣਾ ਹੋਵੇ।ਇਹ ਹੱਥੋ-ਪਾਈ,ਲੜਾਈ, ਝਗੜੇ ‘ਚ ਨਹੀਂ ਕਰਦੇ।ਹੁਣ ਇਹ ਆਪਣੇ ਵਿਰੋਧੀਆਂ ਵਿਰੁੱਧ ਵਟਸ ਐਪ ਤੇ ਸਟੇਟਸ ਪਾਉਂਦੇ ਐ ।ਕੋਈ ਫੇਸਬੁੱਕ ਤੇ ਸਟੋਰੀ ਨਾਲ ਬਦਲਾ ਲੈ ਰਿਹਾ ਹੈ।ਕੋਈ ਲੰਬੀ-ਚੌੜੀ ਪੋਸਟ ਲਿਖ ਧਰਦੈ।ਨਾਲੇ ਭਾਈ ਇਹ ਅਖੌਤ ਤਾਂ ਸਭ ਨੇ ਸੁਣੀ ਹੋਣੀ ਐ,ਜਿਨੂੰ ਪੱਦਿਆ ਸਰਦੈ,ਉਹਨੂੰ ਹੱ….ਦੀ ਕੀ ਲੋੜ੍ਹ ਐ।ਸਲਾਮ ਐ ਤੁਹਾਨੂੰ ਯੋਧਿਓ।ਸੋਸ਼ਲ ਮੀਡੀਆ ਆਲਾ ਸੀਤ ਯੁੱਧ ਜਾਰੀ ਰੱਖਿਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



