HOME ਅੱਖਬੀਤੀ

ਅੱਖਬੀਤੀ

ਗੁਰਦੀਪ ਕੌਰੇਆਣਾ
ਗੁਰਦੀਪ ਕੌਰੇਆਣਾ
     (ਸਮਾਜ ਵੀਕਲੀ)   ਓਦੋਂ ਮੈਂ ਬਠਿੰਡੇ ਹੁੰਦਾ ਸੀ। ਗਰਮੀਆਂ ਦੇ ਸ਼ੁਰੂਆਤੀ ਮਹੀਨੇ ਵਿੱਚ ਇੱਕ ਦਿਨ ਬਾਈ ਜੱਸੂ ਆ ਕੇ ਕਹਿਣ ਲੱਗਾ।
 “ਬਾਈ ਬਣਕੇ ਮੇਰਾ ਇੱਕ ਕੰਮ ਈ ਕਰ ਦੇਹ।”
” ਬੋਲ, ਜੇ ਕਰਨ ਆਲਾ ਹੋਇਆ ਤਾਂ ਕਰ ਦੇਊਂ।”
“ਆਪਣੇ ਘਰੇਂ ਇੱਕ ਕਮਰਾ ਐ। ਉਹਦੇ ਚ ਪਲਸਤਰ ਨੀ ਕੀਤਾ ਹੋਇਆ। ਮੈਂ ਉਹਨੂੰ ਪਲੱਸਤਰ ਕਰਵਾਉਣ ਬਾਰੇ ਸੋਚ ਰਿਹਾ ਸੀ।”
“ਪਰ ਮੈਨੂੰ ਤਾਂ ਪਲਸਤਰ ਕਰਨਾ ਨੀ ਆਉਂਦਾ।” ਮੈਨੂੰ ਮਜਾਕ ਸੁੱਝਿਆ।
” ਤੂੰ ਪਹਿਲਾਂ ਗੱਲ ਤਾਂ ਸੁਣ ਲੈ ਪੂਰੀ।”
” ਹਾਂ ਬੋਲ।”
” ਉਹਦੇ ਚ ਬਿਜਲੀ ਫਿਟਿੰਗ ਆਲੀਆਂ ਪਾਇਪਾਂ ਪਾਉਣੀਆਂ। ਉਹ ਪਾਕੇ ਦੇਹ, ਤੇਰਾ ਬੱਸ ਸਾਰਾ ਦੋ ਘੰਟਿਆਂ ਦਾ ਕੰਮ ਐ।”
” ਪਾ ਦਿਆਂਗੇ। ਪਰ ਕੀ ਖਵਾਂਏਂਗਾ।”
” ਜੋ ਕਹੇਂਗਾ।”
” ਭਗਵਾਨੇ ਦੇ ਸਮੋਸੇ। “
” ਚੱਲ ਪੱਕਾ, ਕਦੋਂ ਕਰੇਂਗਾ।”
” ਐਤਵਾਰ। ਤੇਰਾ ਕੰਮ ਕਰਕੇ ਮੈਂ ਪਿੰਡ ਜਾਂਊਂ।”
ਮੈਂ ਵਾਅਦਾ ਕਰ ਲਿਆ। ਵੈਸੇ ਵੀ ਉਹਨੂੰ ਜਵਾਬ ਦੇਣਾ ਮੇਰੇ ਵੱਸ ਦੀ ਗੱਲ ਨਹੀਂ ਸੀ।
ਐਤਵਾਰ ਨੂੰ ਸਵੇਰੇ ਮੈਂ ਉਹਦੇ ਪਿੰਡ ਵਾਲੀ ਮਿੰਨੀ ਬੱਸ ਫੜ ਕੇ ਉਹਦੇ ਘਰ ਜਾ ਪਹੁੰਚਿਆ। ਕੰਮ ਸ਼ੁਰੂ ਕੀਤਾ ਤੇ ਮੇਰੇ ਕੰਮ ਖਤਮ ਕਰਨ ਤੋਂ ਪਹਿਲਾਂ ਹੀ ਉਹ ਬਠਿੰਡਿਓਂ ਆਪਣੇ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਤੇ ਨਾਲ  ਵਾਅਦੇ ਮੁਤਾਬਿਕ ਸਮੋਸੇ ਲੈ ਕੇ ਪਹੁੰਚ ਗਿਆ। ਸਮੋਸੇ ਤਾਂ ਖਾ ਲਏ ਪਰ ਮੇਰੀ ਇੱਕ ਅੱਖ ਵਿੱਚ ਪੱਕੀ ਇੱਟ ਦਾ ਗੇਰੂ ਪੈਣ ਕਰਕੇ ਕਾਫੀ ਰੜਕ ਪੈ ਰਹੀ ਸੀ। ਉਸਨੇ ਘਰ ਵਿੱਚ ਪਈ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਵੀ ਦੋ ਵਾਰ ਪਾਈ ਪਰ ਕੋਈ ਫਰਕ ਨਾ ਪਿਆ। ਗਿਆਰਾਂ ਵਜਦੇ ਤੱਕ ਕੰਮ ਨਿਬੇੜ ਕੇ ਮੈਂ ਪਿੰਡ ਆਲੀ ਬੱਸ ਚੜ ਗਿਆ। ਦੁਪਿਹਰ ਤੱਕ ਪਿੰਡ ਪਹੁੰਚ ਗਿਆ ਪਰ ਅੱਖ ਵਿੱਚ ਰੜਕ ਕਾਫੀ ਪੈ ਰਹੀ ਸੀ। ਅੱਡੇ ਤੇ ਉਤਰਦੇ ਸਾਰ ਅੱਡੇ ਦੇ ਲਾਗੇ ਮਾਸੀ ਦੇ ਘਰ ਚਲਾ ਗਿਆ। ਸੋਚਿਆ ਪਾਣੀ ਪੀ ਕੇ ਘਰ ਜਾਵਾਂਗਾ। ਮੇਰੀ ਅੱਖ ਦੇਖ ਕੇ ਮਾਸੀ ਦੇ ਮੁੰਡੇ ਨੇ ਘਰ ਵਿੱਚ ਪਈ ਅੱਖਾਂ ਦੀ ਦੇਸੀ ਦਵਾਈ ਪਾ ਦਿੱਤੀ। ਅਸਲ ਵਿੱਚ ਇਹ ਦਵਾਈ ਮੇਰੀ ਦਾਦੀ ਦੇ ਹੱਥਾਂ ਦੀ ਬਣੀ ਹੋਈ ਸੀ। ਤੇ ਇਸ ਦਵਾਈ ਦੀ ਮਾਨਤਾ ਪੂਰੇ ਪਿੰਡ ਵਿੱਚ ਸੀ। ਦਵਾਈ ਪਾਉਣ ਤੋਂ ਬਾਅਦ ਵੀ ਕੋਈ ਫਰਕ ਨਾ ਪਿਆ। ਘਰ ਆ ਕੇ ਮੈਂ ਮੰਜੇ ਤੇ ਲੇਟ ਗਿਆ। ਅੱਖ ਬੁਰੀ ਤਰ੍ਹਾਂ ਲਾਲ ਹੋ ਕੇ ਦਰਦ ਕਰਨ ਲੱਗ ਪਈ ਸੀ। ਜਦੋਂ ਬੇਬੇ(ਦਾਦੀ) ਨੇ ਦੇਖਿਆ ਤਾਂ ਉਹ ਉਸੇ ਟਾਇਮ ਕਹਿਣਾ ਲੱਗੀ
“ਲਿਆ, ਮੈਂ ਪੱਲਾ ਫੇਰ ਦਿੰਨੀ ਆਂ। ਠੀਕ ਹੋਜੂ।”
ਪਰ ਮੈਂ ਨਾ ਮੰਨਿਆ। ਅਸਲ ਵਿੱਚ ਇੱਟ ਦਾ ਗੇਰੂ ਅੱਖ ਵਿੱਚ ਪੈਣ ਨਾਲ ਸ਼ਾਇਦ ਅੱਖ ਵਿੱਚ ਜਖਮ ਹੋ ਗਏ ਸਨ। ਬੇਬੇ ਨੇ ਦੋ ਤਿੰਨ ਵਾਰ ਅੱਖ ਦਿਖਾਉਣ ਵਸਤੇ ਕਿਹਾ ਪਰ ਮੈਂ ਮਨਾ ਕਰ ਦਿੱਤਾ। ਮੇਰੀ ਬੇਬੇ ਕੋਲ ਅੱਖਾਂ ਦੇਖਣ ਦਾ ਖਾਸ ਗੁਣ ਸੀ। ਅੱਖ ਵਿੱਚ ਕੋਈ ਕਣ- ਕਸੀਰ ਪੈ ਜਾਣਾ ਜਾਂ ਕੋਈ ਚੋਭ ਪੈ ਜਾਣੀ ਤਾਂ ਪਿੰਡ ਦੇ ਹੀ ਨਹੀਂ ਸਗੋਂ ਲਾਗਲੇ ਪਿੰਡਾਂ ਦੇ ਲੋਕ ਵੀ ਦਾਦੀ ਕੋਲ ਆਪਣੀ ਅੱਖ ਦੇ ਇਲਾਜ ਵਾਸਤੇ ਆਉਂਦੇ ਸਨ। ਪਰ ਸਮੇਂ ਦੇ ਗੇੜ ਨਾਲ ਬੁੱਢੀ ਹੋ ਚੁੱਕੀ ਦਾਦੀ ਹੁਣ ਇਹ ਕਹਿ ਕੇ ਆਉਣ ਵਾਲਿਆਂ ਨੂੰ ਮੋੜ ਦਿੰਦੀ ਸੀ ਕਿ ਹੁਣ ਉਸਨੂੰ ਘੱਟ ਦਿਸਣ ਲੱਗ ਗਿਆ ਹੈ। ਪਰ ਉਸਦੇ ਆਪਣੇ ਹੱਥਾਂ ਦੀ ਬਣੀ ਦਵਾਈ ਦੀਆਂ ਦੋ ਬੂੰਦਾਂ ਉਹ ਜਰੂਰ ਅਗਲੇ ਦੀ ਅੱਖ ਵਿੱਚ ਪਾਉਂਦੀ। ਇਹ ਗੱਲ ਮੈਨੂੰ ਚੰਗੀ ਤਰ੍ਹਾਂ ਪਤਾ ਸੀ। ਪਰ ਬੇਬੇ ਦੀਆਂ ਸਖਤ ਹੋ ਚੁੱਕੀਆਂ ਉਂਗਲਾ ਵੱਲ ਦੇਖ ਕੇ ਮੈਥੋਂ ਕਿਹਾ ਗਿਆ
“ਪੱਕੇ ਖੰਗਰ ਵਰਗੀਆਂ  ਤਾਂ ਉੰਗਲਾਂ ਐ ਤੇਰੀਆਂ। ਅੱਖ ਮੇਰੀ ਪਹਿਲਾਂ ਈ ਛਿੱਲੀ ਪਈ ਐ।”
ਉਹਨੇਂ ਜਿਵੇੰ ਮਿੰਨਤ ਈ ਕੀਤੀ ਹੋਵੇ।
” ਇੱਕ ਵਾਰੀ, ਪੁੱਤ ਬਣਕੇ। ਠੀਕ ਹੋਜੂ ਅੱਖ ਤੇਰੀ। ਮੈਨੂੰ ਬਾਅਲਾ ਤਰਸ ਆਈ ਜਾਂਦੈ ਤੇਰੇ ਤੇ।”
ਅਸਲ ਵਿੱਚ ਮੇਰੀ ਹਾਲਤ ਸੱਚ ਹੀ ਤਰਸਯੋਗ ਬਣੀ ਹੋਈ ਸੀ।
” ਲੈ ਤੂੰ ਲਾਹ ਲੈ ਚਾਅ ਆਵਦਾ।”
ਮੈਂ ਅੱਕ ਕੇ ਉਹਦੇ ਅੱਗੇ ਜਾ ਕੇ ਭੁੰਜੇ ਬੈਠ ਗਿਆ। ਤੇ ਬੇਬੇ ਨੇ ਵਾਹਿਗੁਰੂ ਕਹਿ ਕੇ ਆਪਣੀ ਚੁੰਨੀ ਦੇ ਇੱਕ ਲੜ ਨੂੰ ਆਪਣੀ ਉੰਗਲ ਤੇ ਲਪੇਟ ਕੇ ਜੀਭ ਨਾਲ ਗਿੱਲਾ ਕੀਤਾ। ਮੇਰੀ ਦੁਖਦੀ ਅੱਖ ਦੀ ਪਲਕ ਨੂੰ ਉੱਪਰ ਵੱਲ ਉਠਾ ਕੇ ਸੱਚਮੁੱਚ ਪੱਥਰ ਵਰਗੀ ਉੰਗਲ ਮੇਰੇ ਆਨੇ ਉੱਪਰ ਘੁਮਾਈ। ਅੱਖ ਵਿੱਚੋਂ ਪਾਣੀ ਵਗਣ ਲੱਗਾ। ਪੱਲਾ ਫੇਰ ਕੇ ਉਹਨੇ ਮੈਨੂੰ ਮੰਜੇ ਤੇ ਲੇਟਣ ਲਈ ਕਿਹਾ। ਅੱਖ ਵਿਚ ਦੋ ਬੂੰਦਾਂ ਦਵਾਈ ਪਾ ਕੇ ਉਹ ਆਪਣੇ ਚਰਖੇ ਕੋਲ ਜਾ ਬੈਠੀ। ਕੁਝ ਪਲ ਅੱਖ ਵਿੱਚ ਤੇਜ ਦਵਾਈ ਦੀ ਜਲਣ ਹੋਈ।ਮੈਨੂੰ ਨੀਂਦ ਆਉਣ ਲੱਗੀ ਤਾਂ ਸੌਂ ਗਿਆ ਇੱਕ ਘੰਟੇ ਬਾਅਦ ਜਾਗਿਆ ਤਾਂ ਅੱਖ ਦਾ ਦਰਦ ਗਾਇਬ ਸੀ। ਸ਼ੀਸ਼ੇ ਵਿੱਚ ਦੇਖਿਆ ਤਾਂ ਲਾਲੀ ਵੀ ਕਾਫੀ ਘਟ ਗਈ ਸੀ। ਮੈਂ ਸੌਂਹ ਖਾ ਕੇ ਕਹਿ ਸਕਦਾ ਹਾਂ ਕਿ ਮੈਂ ਸੱਚਮੁੱਚ ਉਸ ਦਿਨ ਆਪਣੀ ਬੇਬੇ ਦੇ ਹੱਥਾਂ ਵਿਚਲਾ ਜਾਦੂ ਆਪਣੀਆਂ ਅੱਖਾਂ ਨਾਲ ਦੇਖਿਆ। ਜਿਸ ਨਾਲ ਲੱਗਭੱਗ ਪੌਣੀ ਸਦੀ ਤੱਕ ਉਸਨੇ ਹਜਾਰਾਂ ਲੋਕਾਂ ਦੀਆਂ ਅੱਖਾਂ ਨੂੰ ਸ਼ਫਾਕਤ ਬਖਸ਼ੀ।
       2018 ਨੂੰ ਸਾਡੀ ਬੇਬੇ 96 ਸਾਲ ਦੀ ਉਮਰ ਭੋਗ ਕੇ ਸਵਰਗਵਾਸ ਹੋ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਡੇ ਮਾਡਰਨ ਯੋਧੇ
Next article~ ਬਾਬਾ ਪੜ੍ਹੇ ਨਮਾਜ਼ ~