ਯੂਪੀ ਚੋਣਾਂ ਲਈ ਕਾਂਗਰਸ ਵਰਕਰਾਂ ਦੀ ਰਾਏ ਅਹਿਮ ਹੋਵੇਗੀ: ਪ੍ਰਿਯੰਕਾ

ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦੇਸ਼ ਦੇ ਲੋਕਾਂ ਨਾਲ ਖੜ੍ਹੇ ਹੋਣ ਅਤੇ ਆਪਣੇ ਦੁੱਖ-ਦਰਦ ਸਾਂਝੇ ਕਰਨ। ਲਖਨਊ ਅਤੇ ਮਥੁਰਾ ’ਚ ਪਾਰਟੀ ਵਰਕਰਾਂ ਦੇ ਦੋ ਦਿਨੀਂ ਸਿਖਲਾਈ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਭਾਜਪਾ ਸਰਕਾਰ ਖ਼ਿਲਾਫ਼ ਮਹਿੰਗਾਈ, ਬੇਰੁਜ਼ਗਾਰੀ, ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਯੂਪੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

ਪ੍ਰਿਯੰਕਾ ਨੇ ਕਿਹਾ ਕਿ ਪਾਰਟੀ ਸੰਗਠਨ ਅਤੇ ਵਰਕਰਾਂ ਵੱਲੋਂ ਗਈ ਰਾਏ ਵਿਧਾਨ ਸਭਾ ਚੋਣਾਂ ਲਈ ਅਹਿਮ ਹੋਵੇਗੀ। ਕਾਂਗਰਸ ਜਨਰਲ ਸਕੱਤਰ ਨੇ ਬੂਥ ਪੱਧਰ ’ਤੇ ਧਿਆਨ ਦੇਣ ਅਤੇ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿਣ ’ਤੇ ਵੀ ਜ਼ੋਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪਾਰਟੀ ਵਰਕਰਾਂ ਵੱਲੋਂ ਪਰਵਾਸੀ ਮਜ਼ਦੂਰਾਂ ਦੀ ਸਹਾਇਤਾ ਕਰਨ, ਆਕਸਜੀਨ ਸਿਲੰਡਰ, ਮੈਡੀਕਲ ਅਤੇ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਕਦੇ ਵੀ ਮੁਸ਼ਕਲ ’ਚ ਇਕੱਲਿਆਂ ਨਹੀਂ ਛੱਡੇਗੀ ਅਤੇ ਇਹੋ ਸੇਵਾ ਦਾ ਮੰਤਰ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਵਿੱਚ ‘ਸੀ’ ਦਾ ਅਰਥ ‘ਸ਼ਾਤਿਰ’: ਮਾਇਆਵਤੀ
Next articleਕਾਂਗਰਸ ਯੂਪੀ ’ਚ ਗੱਠਜੋੜ ਤੋਂ ਬਿਨਾਂ ਚੋਣ ਲੜਨ ਦੇ ਸਮਰੱਥ: ਲੱਲੂ